1971 ਵਿਚ ਢਾਕੇ, (ਪੂਰਬੀ ਪਾਕਿਸਤਾਨ ਹੁਣ ਬੰਗਲਾਦੇਸ਼) ਵੱਲ ਸਾਡੇ ਐਡਵਾਂਸ ਵਿਚ ਦੁਸ਼ਮਣ ਦਾ ਜਮਾਲਪੁਰ ਗੈਰੀਸਨ, ਇਕ ਮਹੱਤਵਪੂਰਨ ਡੀਫ਼ੈਂਸ ਪੁਜ਼ੀਸ਼ਨ ਸੀ, ਜਿਸ ਨੂੰ ਕਲੀਅਰ ਕੀਤੇ ਬਗੈਰ ਅੱਗੇ ਨਹੀਂ ਵਧਿਆ ਜਾ ਸਕਦਾ ਸੀ। ਇਸ ਨੂੰ ਜਲਦੀ ਤੋਂ ਜਲਦੀ ਕਲੀਅਰ ਕਰਨ ਦੇ ਹੁਕਮ ਸਨ, ਕਿਉਂਕਿ ਤੰਗੇਲ ਨਾਂਅ ਦੀ ਜਗ੍ਹਾ 'ਤੇ ਸਾਡੇ ਵਲੋਂ ਛਾਤਾਧਾਰੀ ਬਟਾਲੀਅਨ ਦਾ ਏਅਰ ਡਰਾਪ, ਇਸ ਨਾਲ ਜੁੜਿਆ ਹੋਇਆ ਸੀ। ਉੱਪਰਲੇ ਹੈਡ ਕੁਆਰਟਰਾਂ ਵਲੋਂ ਇਸ ਨੂੰ ਜਲਦੀ ਤੋਂ ਜਲਦੀ ਕਲੀਅਰ ਕਰਨ ਦੇ ਹੁਕਮਾਂ ਕਾਰਨ ਸਾਡੇ 'ਤੇ ਮਾਨਸਿਕ ਦਬਾਅ ਸੀ। ਸਾਡੇ ਕੋਲ ਇਕ ਬ੍ਰਿਗੇਡ (ਇਕ ਕੰਪਨੀ ਛੱਡ ਕੇ) ਅਤੇ 56 ਫ਼ੀਲਡ ਰੈਜੀਮੈਂਟ ਦਾ ਪੂਰਾ ਹਿੱਸਾ ਸੀ ਅਤੇ ਮੈਂ (ਉਸ ਵਕਤ ਮੇਜਰ) 56 ਫ਼ੀਲਡ ਰੈਜੀਮੈਂਟ ਦਾ ਸੈਕਿੰਡ ਇਨ ਕਮਾਂਡ ਸਾਂ। ਉਪਰਲੇ ਹੈੱਡ ਕੁਆਰਟਰ ਗੁੱਸੇ ਵਿਚ ਸਨ ਕਿ ਸਾਡੇ ਬ੍ਰਿਗੇਡ ਦਾ ਜਮਾਲਪੁਰ ਗੈਰੀਸਨ ਨਾਲ 7 ਦਸੰਬਰ 71 ਨੂੰ ਲਗਾਅ (3ontact) ਹੋ ਜਾਣ ਦੇ ਬਾਵਜੂਦ, ਹਮਲਾ ਕਿਉਂ ਨਹੀਂ ਹੋ ਰਿਹਾ। ਇਸ ਦੇਰੀ ਕਾਰਨ ਤੰਗੇਲ ਅਤੇ ਏਅਰ ਡਰਾਪ ਦੀ ਪਲਾਨ ਜੋ 11 ਦਸੰਬਰ ਦੀ ਤਹਿ ਸੀ, ਮੁਲਤਵੀ ਕਰਨ ਬਾਰੇ ਸੋਚਿਆ ਜਾ ਰਿਹਾ ਸੀ। ਇਸ ਲਈ 9 ਦਸੰਬਰ ਦੀ ਰਾਤ ਨੂੰ ਦੋ ਪਲਟਨਾਂ ਕਾਹਲੀ ਕਾਹਲੀ ਵਿਚ, ਜਮਾਲ ਪੁਰ ਨੂੰ ਘੇਰਾ ਪਾਉਣ ਲਈ ਲਾਂਚ ਕੀਤੀਆਂ। ਇਹ ਪਲਟਨਾਂ ਸਨ ਛੇ ਸਿੱਖ ਐਲ ਆਈ ਅਤੇ ਫ਼ਸਟ ਮਰਾਠਾ ਲਾਈਟ ਇਨਫੈਂਟਰੀ। ਫ਼ਸਟ ਮਰਾਠਾ ਨਾਲ, ਮੇਰੀ ਰੈਜੀਮੈਂਟ ਦਾ ਕੈਪਟਨ ਪੀ ਪੀ ਭਗਤ, ਆਰਟੀ ਓਪੀ ਅਫ਼ਸਰ ਦੇ ਤੌਰ 'ਤੇ ਚੱਲ ਰਿਹਾ ਸੀ।
ਜਮਾਲਪੁਰ ਗੈਰੀਸਨ ਦੀ ਡਿਫ਼ੈਂਸ ਵਿਚ, ਪਾਕਿਸਤਾਨ ਦੀ 31 ਬਲੋਚ ਬਟਾਲੀਅਨ ਅਤੇ ਇਕ ਕੰਪਨੀ, ਇਮਦਾਦੀ ਦਸਤਿਆਂ ਨਾਲ ਲੱਗੀ ਹੋਈ ਸੀ। ਇਕੱਤੀ ਬਲੋਚ ਦਾ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਅਹਿਮਦ ਸੁਲਤਾਨ, ਪਾਕਿਸਤਾਨ ਆਰਮੀ ਦਾ ਬਹੁਤ ਹੀ ਡੈਕੋਰੇਟਿਡ (ਬਹਾਦਰੀ ਤਮਗਿਆਂ ਨਾਲ ਸਨਮਾਨਿਤ) ਨਿਡਰ ਅਤੇ ਦਲੇਰ ਅਫ਼ਸਰ ਗਿਣਿਆ ਜਾਂਦਾ ਸੀ, ਜਿਸ ਨੇ 1965 ਦੀ ਭਾਰਤ-ਪਾਕਿਸਤਾਨ ਜੰਗ ਵਿਚ, ਸੌ ਤੋਂ ਵੱਧ ਰੇਡਜ਼ ਜੰਮੂ-ਕਸ਼ਮੀਰ ਅਤੇ ਭਾਰਤ ਦੇ ਹੋਰ ਖੇਤਰਾਂ ਵਿਚ ਸਫ਼ਲਤਾ ਨਾਲ ਸਿਰੇ ਚਾੜ੍ਹੀਆਂ ਸਨ। ਉਹ ਛੇ ਫੁੱਟ ਤੋਂ ਉੱਚਾ, ਚੇਨ ਸਮੋਕਰ (ਇਕ ਤੋਂ ਮਗਰੋਂ ਇਕ ਸਿਗਰਟ ਪੀਣ ਵਾਲਾ) ਮੌਤ ਨੂੰ ਮਖੌਲ ਕਰਨ ਵਾਲਾ ਅਤੇ ਸਾਡੇ ਹਵਾਈ ਹਮਲਿਆਂ ਵੇਲੇ ਉਹ ਖੁੱਲ੍ਹੇ ਵਿਚ ਬੈਠਣ ਦਾ ਸ਼ੌਕੀਨ ਸੀ, ਨਾ ਕਿ ਮੋਰਚੇ ਜਾਂ ਬੰਕਰ ਵਿਚ।
ਇਹ ਇਕ ਸੰਯੋਗ ਹੈ ਕਿ ਹੁਣ ਉਸਦੀ ਧੀ ਅਤੇ ਜੁਆਈ ਅਤੇ ਮੇਰੀ ਧੀ ਅਤੇ ਜੁਆਈ, ਦੋਵੇਂ ਆਪੋ ਆਪਣੇ ਦੇਸ਼ਾਂ ਦੀਆਂ ਆਰਮੀ ਮੈਡੀਕਲ ਕੋਰਾਂ ਵਿਚ ਡਿਊਟੀ ਕਰ ਰਹੇ ਹਨ।
ਜਮਾਲਪੁਰ ਗੈਰੀਸਨ ਵਿਚ ਕੁੱਲ ਮਿਲਾ ਕੇ 1500 ਦੇ ਕਰੀਬ ਟਰੁੱਪਸ ਸਨ। ਇਨ੍ਹਾਂ ਦੀ ਮਦਦ ਲਈ, 120mm ਮਾਰਟਰਾਂ ਦੀ ਇਕ ਬੈਟਰੀ ਅਤੇ ਕੁਝ ਛੇ ਪਾਊਂਡਰ ਐਂਟੀ ਟੈਂਕ ਗੰਨਾਂ ਅਤੇ ਮੀਡੀਅਮ ਮਸ਼ੀਨ ਗੰਨਾਂ ਲੱਗੀਆਂ ਹੋਈਆਂ ਸਨ। ਇਸ ਗੈਰੀਸਨ ਦੀ ਡਿਫੈਂਸ ਫ਼ੋਰਟੀ ਫੀਕੇਸ਼ਨਜ਼ (ਮੋਰਚੇ/ਬੰਕਰ ਆਦਿ), ਦਰਿਆ ਦੇ ਉੱਤਰ ਵੱਲ ਦੇ ਕਿਨਾਰੇ ਅਤੇ ਦੱਖਣ ਵੱਲ ਰੇਲ ਲਾਈਨ 'ਤੇ ਅਧਾਰਿਤ ਸਨ। ਉਸ ਦੀਆਂ ਇਹ ਪੁਜ਼ੀਸ਼ਨਾਂ, ਸਾਡੀਆਂ ਉੱਤਰ ਅਤੇ ਦੱਖਣ ਵਾਲੇ ਪਾਸੇ ਦੀਆਂ ਪਹੁੰਚ ਮਾਰਗਾਂ ਨੂੰ ਅਸਰਦਾਰ ਢੰਗ ਨਾਲ ਕਵਰ ਕਰਦੀਆਂ ਸਨ। ਵੱਡੇ ਅਤੇ ਮਾਰੂ ਹਥਿਆਰ, ਪੱਕੇ ਬੰਕਰਾਂ/ਮੋਰਚਿਆਂ ਵਿਚ ਲੱਗੇ, ਪੂਰੀ ਹਿਫ਼ਾਜ਼ਤ ਵਿਚ ਸਨ।
10 ਦਸੰਬਰ 71 ਨੂੰ ਸਾਡੇ ਬ੍ਰਿਗੇਡ ਕਮਾਂਡਰ ਨੇ ਇਕੱਤੀ ਬਲੋਚ ਦੇ ਸੀਓ, ਲੈਫ਼ਟੀਨੈਂਟ ਕਰਨਲ ਸੁਲਤਾਨ ਕੋਲ, ਖ਼ਤ ਦੇ ਕੇ ਇਕ ਸਿਵਲੀਅਨ ਏਲਚੀ (ਮੈਸਿੰਜਰ) ਭੇਜਿਆ, ਜਿਸ ਵਿਚ ਉਸਨੂੰ ਆਤਮ ਸਮਰਪਣ (ਸਰੰਡਰ) ਕਰਨ ਲਈ ਕਿਹਾ ਗਿਆ ਸੀ। ਚਿੱਠੀ ਦੀ ਇਬਾਰਤ ਇਸ ਤਰ੍ਹਾਂ ਸੀ :-
ਮੈਨੂੰ ਹਦਾਇਤ ਮਿਲੀ ਹੈ ਕਿ ਮੈਂ ਤੈਨੂੰ ਸੂਚਤ ਕਰ ਦਿਆਂ ਕਿ ਤੇਰਾ ਗੈਰੀਸਨ ਚਾਰ ਚੁਫ਼ੇਰੇ ਤੋਂ ਘੇਰ ਲਿਆ ਗਿਆ ਹੈ ਅਤੇ ਤੇਰੇ ਕੋਲ ਬਚ ਕੇ ਨਿਕਲਣ ਦਾ ਕੋਈ ਰਸਤਾ ਨਹੀਂ। ਮੇਰਾ ਪੂਰਾ ਬ੍ਰਿਡੇਗ, ਇਮਦਾਦੀ ਦਸਤਿਆਂ ਨਾਲ ਤੇਰੇ ਸਾਹਮਣੇ ਹੈ ਅਤੇ ਦੂਸਰਾ ਕੱਲ੍ਹ ਸਵੇਰੇ ਤੇਰੇ ਉੱਤੇ ਟੁੱਟ ਪਊਗਾ। ਇਸ ਤੋਂ ਪਹਿਲਾਂ ਸਾਡੀ ਹਵਾਈ ਫ਼ੌਜ ਨੇ ਸੁਆਦ ਚਖਾ ਦਿੱਤਾ ਹੈ ਅਤੇ ਹੋਰ ਆਉਣ ਵਾਲੀ ਹੈ। ਕੁਲ ਮਿਲਾ ਕੇ ਤੇਰੀ ਹਾਲਤ ਪਤਲੀ ਅਤੇ ਨਾਜ਼ੁਕ ਹੈ। ਤੇਰੇ ਆਪਣਿਆਂ ਨੇ ਤੈਨੂੰ ਦਗ਼ਾ ਦੇ ਦਿੱਤਾ ਹੈ।
ਮੈਂ ਤੇਰਾ ਜੁਆਬ ਅੱਜ ਸ਼ਾਮ ਸਾਢੇ ਛੇ ਵਜੇ ਤੱਕ ਉਡੀਕਾਂਗਾ। ਇਸ ਤਰ੍ਹਾਂ ਨਾ ਹੋਣ 'ਤੇ ਕੱਲ੍ਹ ਸਵੇਰ ਦੀ ਪਹਿਲੀ ਕਿਰਨ ਨਾਲ, ਮੈਂ ਮਜਬੂਰ ਹੋਕੇ, ਆਖਰੀ ਹੱਲਾ ਬੋਲ ਦਿਆਂਗਾ। ਮੈਨੂੰ 40 ਏਅਰ ਸੌਰਟੀਜ਼ ਅਲਾਟ ਹੋ ਗਈਆਂ ਹਨ ਅਤੇ ਹੋਰ ਮਿਲ ਜਾਣਗੀਆਂ। ਤੁਹਾਡੇ ਫ਼ੜੇ ਗਏ ਜੰਗੀ ਕੈਦੀਆਂ ਨੇ ਤੁਹਾਡੀ ਗਿਣਤੀ ਅਤੇ ਪੁਜ਼ੀਸ਼ਨਾਂ ਦੱਸ ਦਿੱਤੀਆਂ ਹਨ। ਤੇਰੇ ਕੈਦੀ ਠੀਕ ਠਾਕ ਨੇ। ਮੈਂ ਉਮੀਦ ਕਰਦਾ ਹਾਂ ਕਿ ਮੇਰੇ ਏਲਚੀ ਨੂੰ ਬਣਦੀ ਰਸਮੀ ਸੁਰੱਖਿਆ ਅਤੇ ਬਚਾ ਦਿਉਗੇ ਅਤੇ ਉਸਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ।
ਲੈਫਟੀਨੈਂਟ ਅਹਿਮਦ ਸੁਲਤਾਨ, ਸੀਓ 31 ਬਲੋਚ ਨੇ, ਇਕ ਚੀਨੀ ਮਾਰਕਾ ਬੁੱਲਟ (ਗੋਲੀ), ਨਾਲ ਚਿੱਠੀ ਦਾ ਜੁਆਬ ਭੇਜਿਆ। (ਫ਼ੌਜੀ ਰਿਵਾਇਤਾਂ ਮੁਤਾਬਿਕ, ਬੁੱਲਟ ਭੇਜਣ ਦਾ ਭਾਵ ਹੁੰਦਾ ਹੈ ਕਿ ਮੈਂ ਜੰਗ ਲਈ ਕਾਹਲਾ ਹਾਂ-ਜੰਗ ਮਨਜ਼ੂਰ ਹੈ)। ਸੁਲਤਾਨ ਦਾ ਜਵਾਬ ਇਸ ਤਰ੍ਹਾਂ ਸੀ:-
ਉਮੀਦ ਹੈ ਮੇਰਾ ਇਹ ਖ਼ਤ ਤੁਹਾਨੂੰ ਚੜ੍ਹਦੀ ਕਲਾ ਵਿਚ ਪਾਊ। ਤੁਹਾਡਾ ਸਮਰਪਣ ਕਰ ਦੇਣ ਬਾਰੇ ਖ਼ਤ ਮਿਲਿਆ। ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਲੜਾਈ ਜਿਹੜੀ ਤੁਸੀਂ ਵੇਖੀ ਹੈ, ਬਹੁਤ ਘੱਟ ਹੈ ਅਸਲ ਵਿਚ ਲੜਾਈ ਤਾਂ ਅਜੇ ਸ਼ੁਰੂ ਹੀ ਨਹੀਂ ਹੋਈ। ਇਸ ਲਈ ਹੱਥਿਆਰ ਸੁੱਟਣ ਦੀ ਗੱਲ ਛੱਡੋ ਅਤੇ ਲੜਨ ਦੀ ਗੱਲ ਕਰੀਏ। 40 ਏਅਰ ਸੌਰਟੀਜ਼ ਘੱਟ ਪੈਣਗੀਆਂ, ਹੋਰ ਮੰਗ ਲਵੋ। ਮੈਸਿੰਜਰ ਦਾ ਖ਼ਿਆਲ ਰੱਖਣ ਦੀ ਗੱਲ ਬੇ-ਮਾਇਨੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਤੁਸੀਂ ਮੇਰੇ ਜਵਾਨਾਂ ਨੂੰ ਜਾਣਦੇ ਨਹੀਂ ਅਤੇ ਅੰਡਰ ਐਸਟੀਮੇਟ ਕੀਤਾ ਹੈ। ਉਮੀਦ ਹੈ ਉਸਨੂੰ ਸਾਡੀ ਚਾਹ ਸਵਾਦ ਲੱਗੀ ਹੋਊ। ਮੁੱਕਤੀਆਂ (ਮੁਕਤੀ ਬਾਹਿਨੀ ਵਾਲਿਆਂ) ਨੂੰ ਮੇਰਾ ਪਿਆਰ ਦੇਣਾ। ਮੈਂ ਅਗਲੀ ਵਾਰ ਤੇਰੇ ਹੱਥ ਵਿਚ ਸਟੇਨ ਗੰਨ ਦੇਖਣੀ ਚਾਹਾਂਗਾ, ਨਾ ਕਿ ਕਲਮ ਜਿਸ 'ਤੇ ਤੇਰੀ ਮਾਸਟਰੀ (ਨਿਪੁੰਨਤਾ) ਹੈ।
ਲੜਾਈ ਲਈ ਹੁਣ ਸਟੇਜ ਸੈੱਟ ਸੀ
10 ਦਸੰਬਰ ਦੀ ਹੋਣ ਵਾਲੀ ਰਾਤ, ਸਾਡਾ ਬ੍ਰਿਗੇਡ (ਇਕ ਕੰਪਨੀ ਛੱਡ ਕੇ ਜੋ ਭੂਟਾਨ ਵਿਚ ਸੀ) ਨੇ ਜਮਾਲਪੁਰ ਗੈਰੀਸਨ, ਇਕ ਪਾਸੇ ਦੀ ਹੋ ਕੇ ਘੇਰ ਲਿਆ (ਆਊਟ ਫ਼ਲੈਕ ਕਰ ਲਿਆ)। ਹਮਲਾ (ਲੜਾਈ) ਰਾਤ ਸਾਢੇ ਦਸ ਵਜੇ ਸ਼ੁਰੂ ਹੋਇਆ। ਜਦੋਂ ਅਸੀਂ ਕਰਨਲ ਸੁਲਤਾਨ ਦੀ ਪੁਜ਼ੀਸ਼ਨ ਦੇ ਪਿੱਛੇ ਜਾ ਕੇ ਰਾਹ ਰੋਕ ਲਿਆ ਅਤੇ ਫ਼ਸਟ ਮਰਾਠਾ ਲਾਈਟ ਇਨਫ਼ੈਂਟਰੀ, ਪਿੱਛੇ ਨਿਕਲਣ ਦੇ ਰਸਤੇ 'ਤੇ ਲੱਗ ਗਈ ਤਾਂ ਸੀਓ 31 ਬਲੋਚ ਨੇ, ਮਰਾਠਿਆਂ ਤੇ ਜ਼ਬਰਦਸਤ ਹਮਲਾ ਕਰ ਦਿੱਤਾ। ਉਸ ਰਾਤ, ਸਿਵਾਏ ਆਰਟੀ (ਤੋਪਖਾਨਾ) ਦੇ ਨੈਟ ਦੇ ਬਾਕੀ ਕੁੱਲ ਵਾਇਰਲੈੱਸ ਸਾਈਲੈਂਸ ਚੱਲ ਰਹੀ ਸੀ, ਭਾਵ ਇਸ 'ਤੇ ਗੱਲਬਾਤ ਦੀ ਅਗਲੇ ਹੁਕਮਾਂ ਤੱਕ ਮਨਾਹੀ ਸੀ। ਕਰਨਲ ਸੁਲਤਾਨ ਦਾ ਹਮਲਾ ਬਹੁਤ ਭਿਆਨਕ ਸੀ ਅਤੇ ਉਸਨੇ ਫ਼ਸਟ ਮਰਾਠਾ ਨੂੰ ਤਕਰੀਬਨ ਦਰੜ ਹੀ ਦਿੱਤਾ ਸੀ।
ਫ਼ਸਟ ਮਰਾਠਾ ਨਾਲ ਸਾਡਾ ਆਰਟੀ ਓਪੀ ਅਫ਼ਸਰ ਕੈਪਟਨ ਪੀ ਪੀ ਭਗਤ, ਜਿਸ ਨੂੰ ਅਸੀਂ ਹਾਸੇ ਵਿਚ ਪੱਪੂ ਕਹਿੰਦੇ ਸਾਂ ਨੇ ਰੈਡ ਓਵਰ ਰੈਡ R54-®V5R-R54 (ਐਸ ਓ ਐਸ S®S-Save our Sou&s), ਮੰਗਿਆ, ਭਾਵ ਮੇਰੀ ਆਪਣੀ ਪੁਜ਼ੀਸ਼ਨ 'ਤੇ ਗੋਲੇ ਦਾਗੋ। ਪਹਿਲਾਂ ਇਕ ਗੰਨ ਨੇ ਇਕ ਸਮੋਕ ਬੰਬ (ਧੂੰਆਂ ਕਰਨ ਵਾਲਾ) ਬੰਬ ਸੁੱਟਿਆ ਅਤੇ ਫਿਰ ਹਾਈ ਐਕਸ ਪਲੋਸਿਵ (85) ਤੇ ਹੋ ਗਈ। ਇਸ ਤਰ੍ਹਾਂ ਛੇ ਦੀਆਂ ਛੇ ਤੋਪਾਂ ਨੇ ਕੀਤਾ। ਫ਼ਾਇਰ ਬਹੁਤ ਤੇਜ਼ ਸਪੀਡ ਵਿਚ ਚਲਦਾ ਰਿਹਾ। ਇਕ ਮੌਕਾ ਇਹੋ ਜਿਹਾ ਆਇਆ, ਜਦੋਂ ਗੰਨ ਪੁਜ਼ੀਸ਼ਨ ਅਫ਼ਸਰ (7P® ਜੋ ਗੰਨਾਂ ਕੋਲ ਹੁੰਦਾ ਹੈ) ਨੇ ਮੈਸਿਜ ਦਿੱਤਾ-'ਗੰਨਾ ਗਰਮ' (7uns 8ot)-ਇਹ ਹਾਲਤ ਕਦੇ ਕਦਾਈਂ ਹੀ ਹੁੰਦੀ ਹੈ।
ਇਸ ਗਰਮਾ ਗਰਮ ਲੜਾਈ 'ਚ ਤੋਪਖਾਨੇ ਦੇ ਗੋਲਿਆਂ ਨੇ ਸੁਲਤਾਨ ਦੇ ਹਮਲੇ ਦਾ ਮੂੰਹ ਭੰਨ ਦਿੱਤਾ ਅਤੇ ਤੜਕੇ ਤੱਕ ਕੁਝ ਸ਼ਾਂਤੀ ਹੋ ਗਈ। ਅਗਲੀ ਸਵੇਰ ਜਦ ਮੈਂ ਮੌਕੇ 'ਤੇ ਪਹੁੰਚਿਆ ਤਾਂ ਚਿੱਕੜ ਅਤੇ ਮਿੱਟੀ ਨਾਲ ਲੱਥਪਥ, ਕੈਪਟਨ ਭਗਤ ਮੋਰਚੇ 'ਚੋਂ ਨਿਕਲਿਆ ਤੇ ਕਿਹਾ, ਡੈਡੀ (ਉਹ ਮੈਨੂੰ ਲਾਡ ਵਿਚ ਡੈਡੀ ਕਹਿੰਦਾ ਹੁੰਦਾ ਸੀ) ਵੇਖ ਲਓ, ਐਹ ਜੋ ਮਰੇ ਹਨ ਗਿਣ ਲਵੋ-ਕਿੰਨੇ ਗੋਲੀ ਨਾਲ ਅਤੇ ਕਿੰਨੇ ਸਾਡੇ ਬੰਬਾਂ ਨਾਲ ਮਰੇ ਹਨ ।
ਲੜਾਈ ਦਾ ਮੈਦਾਨ, ਲਾਸ਼ਾਂ ਅਤੇ ਪਿੱਛੇ ਛੱਡੇ ਹਥਿਆਰਾਂ ਨਾਲ ਭਰਿਆ ਪਿਆ ਸੀ। ਅਸੀਂ 235 ਲਾਸ਼ਾਂ, 23 ਜ਼ਖ਼ਮੀ, 61 ਚੰਗੀ ਕੈਦੀ ਅਤੇ ਕਈ ਕਿਸਮ ਦੇ ਹਥਿਆਰ ਇਕੱਠੇ ਕੀਤੇ।
ਜਦੋਂ ਅਸੀਂ ਢਾਕੇ ਪਹੁੰਚ ਗਏ ਅਤੇ ਪੂਰਬੀ ਪਾਕਿਸਤਾਨ ਵਿਚਲੀ ਫੌਜ ਨੇ ਹਥਿਆਰ ਸੁੱਟ ਕੇ ਸਮਰਪਣ ਕਰ ਦਿੱਤਾ ਤਾਂ ਮੈਨੂੰ ਪਾਕਿਸਤਾਨੀ ਫ਼ੌਜ ਦੇ ਲੈਫਟੀਨੈਂਟ ਕਰਨਲ ਅਹਿਮਦ ਸੁਲਤਾਨ ਨੂੰ ਮਿਲਣ ਦਾ ਮੌਕਾ ਮਿਲਿਆ। ਉਹ ਛੇ ਫ਼ੁੱਟ ਤੋਂ ਉੱਚਾ ਤਕੜੇ ਜੁੱਸੇਵਾਲਾ, ਚੇਨ ਸਮੋਕਰ, ਇਕ ਵਧੀਆ ਫ਼ੌਜੀ ਅਫਸਰ ਅਤੇ ਚੰਗੇ ਘਰ ਦਾ ਸਾਊ ਆਦਮੀ ਲੱਗਿਆ। ਉਸ ਨੇ ਮੈਨੂੰ ਕਿਹਾ ਕਿ ਉਹ, ਉਸ ਅਫ਼ਸਰ (ਭਾਰਤੀ ਅਫ਼ਸਰ) ਨੂੰ ਮਿਲਣਾ ਚਾਹੁੰਦਾ ਹੈ ਜੋ 10 ਦਸੰਬਰ, 1971 ਦੀ ਰਾਤ ਨੂੰ ਮੇਰੇ ਟਰੁੱਪਸ ਤੇ ਤੋਪਖਾਨੇ ਦਾ ਫ਼ਾਇਰ ਡਾਇਰੈਕਟ ਕਰ ਰਿਹਾ ਸੀ (ਗੰਨਾਂ ਦੇ ਹੁਕਮ ਦੇ ਕੇ, ਟਾਰਗਿਟ ਦੱਸ ਕੇ ਗੋਲੇ ਸੁਟਵਾਉਣ ਵਾਲਾ)।
ਮੈਂ ਕੈਪਟਨ ਭਗਤ ਨੂੰ ਸੱਦਿਆ, ਜੋ ਪੰਜ ਫੁੱਟ ਤੋਂ ਮਾੜਾ ਜਿਨ੍ਹਾ ਉੱਚਾ, ਕਰਨਲ ਸੁਲਤਾਨ ਦੇ ਟਾਵਰ ਵਰਗੇ ਕੱਦ ਕੋਲ ਨਿਕਚੂ ਜਿਹਾ ਲੱਗ ਰਿਹਾ ਸੀ।
ਉਸਨੇ ਕੈਪਟਨ ਭਗਤ ਨੂੰ ਪੁੱਛਿਆ, 'ਨੌਜਵਾਨ ਕੀ ਤੈਨੂੰ ਕੋਈ ਬਹਾਦਰੀ ਦਾ ਤਮਗਾ ਜਾ ਡੈਕੋਰੇਸ਼ਨ ਮਿਲੀ ਹੈ?' ਭਗਤ ਦੇ ਨਾਂਹ ਵਿਚ ਜੁਆਬ ਦੇਣ 'ਤੇ ਉਸਨੇ ਹੈਰਾਨੀ ਵਿਚ ਕਿਹਾ, 'ਕੋਈ ਇਨਾਮ ਨਹੀਂ ਮਿਲਿਆ'। ਜੇਕਰ ਮੈਂ ਤੇਰਾ ਸੀਓ ਹੁੰਦਾ ਤਾਂ ਸਰਵਉੱਚ ਬਹਾਦਰੀ ਦਾ ਇਨਾਮ ਲੈ ਕੇ ਦਿੰਦਾ। ਉਸ ਰਾਤ ਮੇਰਾ ਅਟੈਕ, ਤੇਰੇ ਕਰਕੇ ਫੇਲ੍ਹ ਹੋਇਆ ਸੀ, ਨਹੀਂ ਮੈਂ ਤਾਂ ਤੁਹਾਡੀ ਪੁਜ਼ੀਸ਼ਨ ਉਵਰ-ਰਨ (ਦਰੜ) ਕਰ ਹੀ ਦਿੱਤੀ ਸੀ।
ਫਿਰ ਸੁਲਤਾਨ ਅਤੇ ਮੈਂ ਅਫ਼ਸਰ ਤੋਂ ਅਫ਼ਸਰ, ਪੰਜਾਬੀ ਤੋਂ ਪੰਜਾਬੀ ਹੋਰ ਗੱਲਾਂ ਕਰਦੇ ਰਹੇ, ਭਾਵੇਂ ਕਿ ਅਸੀਂ ਅੱਡ-ਅੱਡ ਦੇਸ਼ਾਂ ਦੇ ਦੁਸ਼ਮਣ ਹੋ ਕੇ ਲੜੇ ਸਾਂ।
( ਸਿੱਖ ਪਾਇਨਿਅਰਜ਼ ਤੋਂ ਕਾਲੀਧਾਰ ਪਲਟਨ ਪੁਸਤਕ ਵਿਚੋਂ)
ਭਾਰਤ-ਬੰਗਲਾਦੇਸ਼ ਜੰਗ 1971 ਕਿੰਝ ਜਿੱਤੀ ਸੀ ਜਮਾਲਪੁਰ ਦੀ ਲੜਾਈ
ਅਜੀਤ ਡੈਸਕ
07-12-2025