ਆਕਾਸ਼ਵਾਣੀ ਦਾ ਨਾਂਅ ਕਿਸੇ ਤੋਂ ਗੁੱਝਾ ਹੋਇਆ ਨਹੀਂ। ਪਹਿਲਾਂ ਇਸ ਨੂੰ ਆਲ ਇੰਡੀਆ ਰੇਡੀਓ ਕਿਹਾ ਜਾਂਦਾ ਸੀ। ਅੰਗਰੇਜ਼ਾਂ ਦੀ ਭਾਰਤ ਵਿਚ ਹਕੂਮਤ ਦੌਰਾਨ ਉਨ੍ਹਾਂ ਨੇ ਭਾਰਤੀ ਬਰਾਡਕਾਸਟਿੰਗ ਕੰਪਨੀ ਬਣਾਈ ਅਤੇ 1927 ਵਿਚ ਮੁੰਬਈ ਵਿਖੇ ਪਹਿਲਾ ਰੇਡੀਓ ਸਟੇਸ਼ਨ ਸਥਾਪਿਤ ਕੀਤਾ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਇਕ ਵੱਖਰਾ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਬਣਾਇਆ, ਜਿਸ ਨੇ ਦੇਸ਼ ਭਰ ਵਿਚ ਆਲ ਇੰਡੀਆ ਰੇਡੀਓ ਦੀਆਂ ਸ਼ਾਖਾਵਾਂ ਖੋਲ੍ਹਣ ਦਾ ਕੰਮ ਆਰੰਭਿਆ। ਦੇਸ਼ ਦੀ ਵੰਡ ਤੋਂ ਪਹਿਲਾਂ ਅਣਵੰਡੇ ਪੰਜਾਬ ਦਾ ਸ਼ਕਤੀਸ਼ਾਲੀ ਰੇਡੀਓ ਸਟੇਸ਼ਨ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਸੀ। ਲਾਹੌਰ ਰੇਡੀਓ ਸਟੇਸ਼ਨ ਦਾ ਨਾਂ ਬੜਾ ਵੱਕਾਰੀ ਤੇ ਮਾਣਮੱਤਾ ਸੀ, ਜਿੱਥੇ ਰਬਾਬੀ ਭਾਈ ਬੁੱਧ ਸਿੰਘ ਤਾਨ ਸੰਗੀਤ ਵਿਭਾਗ ਵਿਚ ਨੰਬਰ ਦੋ ਦੀ ਪੁਜ਼ੀਸ਼ਨ 'ਤੇ ਸਨ। ਭਾਈ ਸੁਮੰਦ ਸਿੰਘ ਰਾਗੀ ਵੀ ਉਥੋਂ ਸ਼ਬਦ ਕੀਰਤਨ ਗਾਇਨ ਕਰਦੇ ਹੁੰਦੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਦਾ ਰੇਡੀਓ ਸਟੇਸ਼ਨ ਪਹਿਲਾਂ ਅੰਮ੍ਰਿਤਸਰ ਵਿਖੇ ਸ਼ੁਰੂ ਕੀਤਾ ਗਿਆ, ਪਰ ਬਾਅਦ ਵਿਚ 16 ਮਈ 1948 ਨੂੰ ਜਲੰਧਰ ਆਲ ਇੰਡੀਆ ਰੇਡੀਓ ਸਥਾਪਿਤ ਕਰ ਦਿੱਤਾ ਗਿਆ। ਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਇਸ ਰੇਡੀਓ ਸਟੇਸ਼ਨ ਦੇ ਪਲੇਠੇ ਡਾਇਰੈਕਟਰ ਬਣੇ, ਜਿਨ੍ਹਾਂ ਤੋਂ ਬਾਅਦ ਤਰਲੋਕ ਸਿੰਘ ਆਨੰਦ ਡਾਇਰੈਕਟਰ ਬਣੇ। ਭਾਵੇਂ ਅੱਜ ਟੈਲੀਵੀਜ਼ਨ ਦੇ ਯੁੱਗ ਵਿਚ ਟੀਵੀ ਚੈਨਲਾਂ ਦੀ ਭਰਮਾਰ ਹੈ ਅਤੇ ਸੋਸ਼ਲ ਮੀਡੀਆ ਵੀ ਸਰਗਰਮ ਹੈ, ਪਰ ਮੈਨੂੰ ਲਗਦਾ ਹੈ ਕਿ ਰੇਡੀਓ ਦੀ ਜਿੰਨੀ ਸਾਰਥਿਕਤਾ ਇਸ ਦੇ ਮੁੱਢਲੇ ਵਰ੍ਹਿਆਂ ਦੌਰਾਨ ਸੀ, ਓਨੀ ਹੁਣ ਵੀ ਹੈ। ਵੱਖ ਵੱਖ ਵਿਸ਼ਿਆਂ 'ਤੇ ਜਿੰਨੇ ਪ੍ਰੋਗਰਾਮ ਰੇਡੀਓ ਪ੍ਰਸਾਰਿਤ ਕਰਦਾ ਹੈ, ਸ਼ਾਇਦ ਹੀ ਕੋਈ ਹੋਰ ਮਾਧਿਅਮ ਕਰਦਾ ਹੋਵੇ।
ਹੁਣ ਆਕਾਸ਼ਵਾਣੀ ਜਲੰਧਰ ਦੀ ਗੱਲ ਕਰਦੇ ਹਾਂ, ਏ.ਆਈ.ਆਰ. ਪੰਜਾਬੀ ਦੇ ਪ੍ਰੋਗਰਾਮ 24 ਘੰਟੇ ਲਗਾਤਾਰ ਐਪ 'ਤੇ ਚੱਲਦੇ ਹਨ ਅਤੇ ਇਹ ਪ੍ਰੋਗਰਾਮ ਨਾਲ ਹੀ ਵੇਵਜ਼ ਐਪ 'ਤੇ ਵੀ ਸੁਣੇ ਜਾ ਸਕਦੇ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਪ੍ਰੋਗਰਾਮ ਆਕਾਸ਼ਵਾਣੀ ਬਠਿੰਡਾ , ਲੁਧਿਆਣਾ ਤੇ ਪਟਿਆਲਾ ਕੇਂਦਰਾਂ ਤੋਂ ਵੀ ਪ੍ਰਸਾਰਿਤ ਕੀਤੇ ਜਾਂਦੇ ਹਨ। ਸਵੇਰੇ ਸਾਢੇ 4 ਵਜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਸਾ ਦੀ ਵਾਰ ਦਾ ਸਿੱਧਾ ਪ੍ਰਸਾਰਨ, ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ, ਫਿਲਮ ਸੰਗੀਤ, ਫ਼ੌਜੀਆਂ ਲਈ ਪ੍ਰੋਗਰਾਮ, ਇਸਤਰੀਆਂ ਲਈ ਪ੍ਰੋਗਰਾਮ ਵਸਦੇ ਵਿਹੜੇ, ਪੰਜਾਬੀ ਸਾਹਿਤਕ ਪ੍ਰੋਗਰਾਮ ਸਿਰਜਣਾ, ਹਿੰਦੀ ਸਾਹਿਤਕ ਪ੍ਰੋਗਰਾਮ ਪਰਿਮਲ ਅਤੇ ਉਰਦੂ ਅਦਬੀ ਪ੍ਰੋਗਰਾਮ ਹਮਕਲਮ, ਤ੍ਰੈਭਾਸ਼ੀ ਕਵੀ ਦਰਬਾਰ, ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿਚ ਵੱਖ ਵੱਖ ਵਿਸ਼ਿਆਂ 'ਤੇ ਵਾਰਤਾਵਾਂ, ਸਾਹਿਤਕਾਰਾਂ ਤੇ ਕਲਾਕਾਰਾਂ ਨਾਲ ਮੁਲਾਕਾਤਾਂ, ਢਾਡੀ ਵਾਰਾਂ, ਕਵੀਸ਼ਰੀ ਤੇ ਲੋਕ ਸੰਗੀਤ, ਖੇਤੀਬਾੜੀ ਬਾਰੇ ਤਿੰਨ ਪ੍ਰੋਗਰਾਮ, ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ, ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ, ਸਿਹਤ ਬਾਰੇ ਪ੍ਰੋਗਰਾਮ, ਨਾਟਕ, ਚਲੰਤ ਮਾਮਲਿਆਂ ਬਾਰੇ ਚਰਚਾ, ਲੋਕ ਸੰਗੀਤ ਦਾ ਪ੍ਰੋਗਰਾਮ ਰੰਗਲੀ ਧਰਤੀ, ਬੱਚਿਆਂ ਲਈ ਪ੍ਰੋਗਰਾਮ ਬਾਲ ਜਗਤ, ਮਾਤਾ ਦੀਆਂ ਭੇਟਾਂ ਤੇ ਭਜਨ, ਖ਼ਬਰਾਂ ਦੇ ਬੁਲਿਟਨ ਅਤੇ ਵੱਖ ਵੱਖ ਸਮਾਗਮਾਂ ਦੇ ਸਿੱਧੇ ਪ੍ਰਸਾਰਨ ਆਦਿ। ਸਰੋਤਿਆਂ ਵਲੋਂ ਈ-ਮੇਲ ਅਤੇ ਭੇਜੇ ਗਏ ਖ਼ਤਾਂ 'ਤੇ 'ਤੁਹਾਡੀ ਚਿੱਠੀ ਮਿਲੀ' ਪ੍ਰੋਗਰਾਮ ਹਰ ਸਨਿਚਰਵਾਰ ਨੂੰ ਪੇਸ਼ ਹੁੰਦਾ ਹੈ ਤੇ ਖੇਡਾਂ ਬਾਰੇ ਪ੍ਰੋਗਰਾਮ ਵੀ ਵਧੀਆ ਚੱਲ ਰਿਹਾ ਹੈ। ਕਿਸੇ ਵੀ ਕੁਦਰਤੀ ਔਕੜ ਸਮੇਂ ਰੇਡੀਓ ਲੋਕਾਂ ਨਾਲ ਸਭ ਤੋਂ ਪਹਿਲਾਂ ਜੁੜਦਾ ਹੈ ਅਤੇ ਉਨ੍ਹਾਂ ਨੂੰ ਖ਼ਤਰੇ ਤੋਂ ਸਾਵਧਾਨ ਕਰਦਾ ਹੈ।
ਮੌਜੂਦਾ ਰੇਡੀਓ ਸਟੇਸ਼ਨ ਡਾਇਰੈਕਟਰ ਵਜੋਂ ਸ. ਪਰਮਜੀਤ ਸਿੰਘ ਬਹੁਤ ਵਧੀਆ ਕਾਰਜ ਕਰ ਰਹੇ ਹਨ ਜਦ ਕਿ ਸਾਬਕਾ ਮੁਖੀ ਸ੍ਰੀਮਤੀ ਸੰਤੋਸ਼ ਰਿਸ਼ੀ ਨੇ ਸੰਗੀਤਕ ਘਰਾਣੇ ਨਾਲ ਜੁੜੇ ਹੋਣ ਕਰਕੇ ਆਪਣੇ ਕਾਰਜਕਾਲ ਦੌਰਾਨ ਪਿੰਡ-ਪਿੰਡ ਪਹੁੰਚ ਕੇ ਕਈ ਕਲਾਕਾਰਾਂ ਨੂੰ ਲੱਭਿਆ, ਜਿਨ੍ਹਾਂ ਕੋਲ ਗਾਉਣ ਦਾ ਗੁਣ ਤਾਂ ਸੀ ਪਰ ਪਹੁੰਚ ਨਹੀਂ ਸੀ। ਉਨ੍ਹਾਂ ਸੁਰੀਲੇ ਕਲਾਕਾਰਾਂ ਨੂੰ ਰੇਡੀਓ ਤੋਂ ਗਾਉਣ ਦਾ ਮੌਕਾ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਅਲੋਪ ਹੁੰਦੇ ਜਾ ਰਹੇ ਬਿਨਾਂ ਸਾਜ਼ਾਂ ਤੋਂ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਜਿੱਥੇ ਵੀ ਦੱਸ ਪਈ ਜਾ ਕੇ ਰਿਕਾਰਡ ਕੀਤਾ, ਜੋ ਹੁਣ ਜਲੰਧਰ ਕੇਂਦਰ ਦਾ ਅਮੁੱਲ ਖਜ਼ਾਨਾ ਹੈ। ਮੌਜੂਦਾ ਪ੍ਰੋਗਰਾਮ ਇੰਚਾਰਜ ਪਰਮਜੀਤ ਸਿੰਘ ਨੇ ਖਾਸ ਦਿਲਚਸਪੀ ਲੈ ਕੇ ਪੁਰਾਣੇ ਤੋਂ ਪੁਰਾਣੇ ਸੰਗੀਤ ਨੂੰ ਨਵੇਂ ਢੰਗ ਨਾਲ ਸੁਰੱਖਿਅਤ ਰੱਖਿਆ ਹੈ। ਆਕਾਸ਼ਵਾਣੀ ਦੇ ਅਨਾਊਂਸਰ ਬਹੁਤ ਵਧੀਆ ਹਨ। ਖਾਸ ਤੌਰ 'ਤੇ ਬੀਰ ਇੰਦਰ ਸਿੰਘ, ਸੁਖਜੀਤ ਕੌਰ, ਪੂਨਮ, ਪ੍ਰਭਜੋਤ ਕੌਰ (ਲਾਇਬ੍ਰੇਰੀ ਇੰਚਾਰਜ), ਚਰਨਜੀਤ ਜੋਗੀ, ਗਗਨ ਸੋਂਧੀ, ਪੂਜਾ ਹਾਂਡਾ, ਗੁਰਪ੍ਰੀਤ ਤੇ ਹੋਰ। ਰੁਲੀਆ ਰਾਮ (ਸਰਬਜੀਤ ਰਿਸ਼ੀ) ਠੇਠ ਪੰਜਾਬੀ ਬੋਲ ਕੇ 'ਦਿਹਾਤੀ' ਪ੍ਰੋਗਰਾਮ ਵਿਚ ਜਾਨ ਪਾ ਦਿੰਦਾ ਹੈ। ਇਸ ਕੇਂਦਰ ਨੂੰ ਮਾਣ ਹੈ ਕਿ ਇੱਥੇ ਸਮੇਂ-ਸਮੇਂ 'ਤੇ ਉੱਘੇ ਪੰਜਾਬੀ ਕਵੀ ਸੋਹਣ ਸਿੰਘ ਮੀਸ਼ਾ, ਅਲਬੇਲ ਸਿੰਘ ਗਰੇਵਾਲ, ਹਰਬੰਸ ਬੇਦੀ, ਹਰਭਜਨ ਬਟਾਲਵੀ, ਇੰਦਰਜੀਤ ਕੁਮਾਰ ਨਿਰਾਲਾ, ਭਾਈ ਦਵਿੰਦਰ ਸਿੰਘ ਰਾਗੀ, ਸਵਰਗੀ ਬਲਬੀਰ ਸਿੰਘ ਕਲਸੀ ਤੇ ਸਵਰਗੀ ਹਰਭਜਨ ਸਿੰਘ ਰਤਨ ਨੇ ਕਾਰਜ ਕੀਤਾ ਹੈ। ਇਸ ਕੇਂਦਰ ਦੇ ਸਰਦਾਰ ਜੋਧ ਸਿੰਘ ਬਹੁਤ ਕਾਬਲ ਅਫ਼ਸਰ ਸਨ, ਜੋ ਗੁਰਪੁਰਬਾਂ ਦੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਤੋਂ ਸਿੱਧਾ ਪ੍ਰਸਾਰਨ ਆਪਣੀ ਆਵਾਜ਼ ਵਿਚ ਪੇਸ਼ ਕਰਦੇ ਸਨ। ਕੁਮਾਰੀ ਹਰਬੰਸ ਢਿੱਲੋਂ ਤੇ ਪ੍ਰਕਾਸ਼ ਢਿੱਲੋਂ (ਦੋਵੇਂ ਸਕੀਆਂ ਭੈਣਾਂ) ਦੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਦਾ ਸੀ। ਪ੍ਰੋਗਰਾਮ ਦੇਸ਼ ਪੰਜਾਬ ਵਿਚ ਹਰਬੰਸ ਢਿੱਲੋਂ ਦੀ ਖੂਬਸੂਰਤ ਆਵਾਜ਼ ਦੇ ਅਣਗਿਣਤ ਕਦਰਦਾਨ ਸਨ।
ਇਸ ਕੇਂਦਰ ਤੋਂ ਸ਼ਾਮ ਸਾਢੇ 5 ਵਜੇ ਤੋਂ 6 ਵਜੇ ਤੱਕ ਪ੍ਰਸਾਰਿਤ ਕੀਤਾ ਜਾਣ ਵਾਲਾ ਪ੍ਰੋਗਰਾਮ 'ਗੁਰਬਾਣੀ ਵਿਚਾਰ' ਮਾਣਮੱਤਾ ਪ੍ਰੋਗਰਾਮ ਹੈ। ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ 'ਤੇ ਸ਼ੁਰੂ ਕੀਤਾ ਗਿਆ ਸੀ। ਕੁਝ ਸਾਲ ਇਹ 15 ਮਿੰਟ ਲਈ ਪ੍ਰਸਾਰਿਤ ਕੀਤਾ ਜਾਂਦਾ ਰਿਹਾ ਤੇ ਪੰਜਾਬ ਦੀ ਵੰਡ ਤੋਂ ਬਾਅਦ ਇਸ ਨੂੰ ਵਧਾ ਕੇ ਅੱਧਾ ਘੰਟਾ ਕਰ ਦਿੱਤਾ ਗਿਆ। ਇਸ ਪ੍ਰੋਗਰਾਮ ਨੂੰ ਸਰਦਾਰ ਮੇਹਰ ਸਿੰਘ, ਹਰਬੰਸ ਬੇਦੀ, ਬਲਬੀਰ ਸਿੰਘ ਕਲਸੀ, ਹਰਭਜਨ ਸਿੰਘ ਰਤਨ ਪੇਸ਼ ਕਰਦੇ ਰਹੇ, ਪਰ ਜਿਸ ਲਗਨ ਨਾਲ ਹੁਣ 90 ਸਾਲਾਂ ਨੂੰ ਢੁਕ ਚੁੱਕੇ ਸਾਧੂ ਸਿੰਘ ਗੋਬਿੰਦਪੁਰੀ ਨੇ ਇਸ ਪ੍ਰੋਗਰਾਮ ਦੇ ਮਿਆਰ ਨੂੰ ਉੱਚਾ ਕੀਤਾ, ਉਹ ਆਪਣੀ ਮਿਸਾਲ ਆਪ ਹੈ। ਉਨ੍ਹਾਂ ਇਸ ਪ੍ਰੋਗਰਾਮ ਦੌਰਾਨ ਸ਼ਬਦ, ਧਾਰਮਿਕ ਵਿਸ਼ਿਆਂ 'ਤੇ ਵਾਰਤਾਵਾਂ, ਦਸਮ ਗ੍ਰੰਥ ਦੀ ਬਾਣੀ ਦੀ ਕਥਾ, ਬਾਰਾਮਾਹ ਦੀ ਕਥਾ ਸ਼ੁਰੂ ਕੀਤੀ। ਕੁਝ ਸਮਾਂ ਸਰੋਤਿਆਂ ਵਲੋਂ ਲਿਖੇ ਖ਼ਤਾਂ ਵਿਚ ਕੀਤੀ ਮੰਗ ਵਾਲੇ ਸ਼ਬਦ ਵੀ ਸੁਣਾਏ ਜਾਂਦੇ ਸਨ। ਰਾਗਾਂ 'ਤੇ ਅਧਾਰਿਤ ਪ੍ਰੋਗਰਾਮ 'ਸ਼ਬਦ ਗਾਇਨ' ਅੱਧੇ ਘੰਟੇ ਲਈ ਹਰ ਐਤਵਾਰ ਰਾਤ 10 ਵਜੇ ਪੇਸ਼ ਕੀਤਾ ਜਾਂਦਾ ਜਿਸ ਵਿਚ ਪ੍ਰਸਿੱਧ ਰਾਗੀ ਭਾਈ ਸਮੁੰਦ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਅਮਰੀਕ ਸਿੰਘ ਬਿਲਗਾ, ਪ੍ਰੋਫੈਸਰ ਹਰਚੰਦ ਸਿੰਘ, ਭਾਈ ਦਵਿੰਦਰ ਸਿੰਘ ਗੁਰਦਾਸਪੁਰ, ਸੰਤ ਬਹਾਦਰ ਸਿੰਘ, ਭਾਈ ਧਰਮ ਸਿੰਘ ਜ਼ਖਮੀ, ਭਾਈ ਅਜੀਤ ਸਿੰਘ ਜਲੰਧਰ ਆਦਿ ਵਾਰੀ ਸਿਰ ਸ਼ਬਦ ਗਾਇਨ ਲਈ ਆਉਂਦੇ ਸਨ। ਸਮੇਂ-ਸਮੇਂ 'ਤੇ ਸੱਦੇ ਹੋਏ ਸਰੋਤਿਆਂ ਸਾਹਮਣੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦ ਰਹੇੇ। ਉਸ ਵੇਲੇ ਆਲਮ ਇਹ ਸੀ ਕਿ ਦਿਹਾਤੀ ਪ੍ਰੋਗਰਾਮ ਪੇਸ਼ ਕਰਨ ਵਾਲੇ ਕੁਮੇਦਾਨ ਪਿਆਰੇ ਲਾਲ ਸੂਦ, ਫੌਜਾ ਸਿੰਘ (ਸਤਪਾਲ ਤਾਲਿਬ), ਠੰਡੂ ਰਾਮ (ਜਾਨਕੀ ਦਾਸ ਭਾਰਦਵਾਜ), ਸੰਤ ਰਾਮ ਅਤੇ ਹਰਬੰਸ ਸਿੰਘ ਖੁਰਾਣਾ ਦੀ ਇਕ ਝਲਕ ਲਈ ਪੰਜਾਬ ਭਰ ਤੋਂ ਸੈਂਕੜੇ ਲੋਕ ਰੇਡੀਓ ਸਟੇਸ਼ਨ ਅੱਗੋਂ ਤੋਂ ਲੰਘਦੀ ਸੜਕ 'ਤੇ ਖੜ੍ਹੇ ਮੈਂ ਆਪ ਵੇਖੇ ਹਨ। ਇਹ ਸੀ ਰੇਡੀਓ ਦੀ ਸਰਬਉੱਚਤਾ।
ਆਕਾਸ਼ਵਾਣੀ ਜਲੰਧਰ ਦੇਸ਼ ਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਸੁਹਿਰਦਤਾ ਤੇ ਦ੍ਰਿੜ੍ਹਤਾ ਨਾਲ ਨਿਭਾਅ ਰਿਹਾ ਹੈ ਅਤੇ ਮਿਆਰੀ ਪ੍ਰੋਗਰਾਮਾਂ ਰਾਹੀਂ ਪੰਜਾਬ ਦੇ ਸੱਭਿਆਚਾਰ ਦੀ ਵਾੜ ਬਣ ਕੇ ਰਾਖੀ ਕਰਨ ਦਾ ਫਰਜ਼ ਵੀ ਡਟ ਕੇ ਨਿਭਾ ਰਿਹਾ ਹੈ। ਹਾਲਾਂਕਿ ਇਸ ਵੇਲੇ ਆਕਾਸ਼ਵਾਣੀ ਜਲੰਧਰ ਦੇ ਸਾਰੇ ਪ੍ਰੋਗਰਾਮਾਂ ਦਾ ਭਾਰ 5 ਪ੍ਰੋਡਿਊਸਰਾਂ ਦੇ ਮੋਢਿਆਂ 'ਤੇ ਹੈ। ਇਹ ਕੇਂਦਰ ਦੇ ਮੁਖੀ ਸਰਦਾਰ ਪਰਮਜੀਤ ਸਿੰਘ ਕਪੂਰਥਲਾ, ਸ੍ਰੀ ਸੋਹਨ ਕੁਮਾਰ, ਜਨਾਬ ਮੁਹੰਮਦ ਇਮਤਿਆਜ਼, ਸ: ਗੁਰਵਿੰਦਰ ਸਿੰਘ ਸੰਧੂ ਅਤੇ ਸ਼੍ਰੀ ਅਮਨ ਜੋਸ਼ੀ ਹਨ। ਪਰਮਜੀਤ ਸਿੰਘ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਨਾਲ-ਨਾਲ ਪ੍ਰੋਡਿਊਸਰ ਦੀ ਸੇਵਾ ਵੀ ਨਿਭਾਅ ਰਹੇ ਹਨ ਅਤੇ ਕਈ ਹੋਰ ਪ੍ਰੋਗਰਾਮ ਵੀ ਤਿਆਰ ਕਰਦੇ ਹਨ। ਇਸ ਦੇ ਨਾਲ ਨਾਲ ਆਕਾਸ਼ਵਾਣੀ ਦੀ ਅਤਿ ਆਧੁਨਿਕ ਟੇਪ ਲਾਈਬ੍ਰੇਰੀ ਨੂੰ ਲੰਮੇ ਸਮੇਂ ਤੋਂ ਬੀਬਾ ਪ੍ਰਭਜੋਤ ਕੌਰ ਬਾਖੂਬੀ ਸੰਭਾਲ ਰਹੇ ਹਨ। ਇਸ ਲਈ ਇਸ ਕੇਂਦਰ ਦਾ ਸਾਰਾ ਸਟਾਫ ਵਧਾਈ ਤੇ ਸ਼ਾਬਾਸ਼ ਦਾ ਹੱਕਦਾਰ ਹੈ। ਭਾਵੇਂ ਸਮਾਂ ਬਹੁਤ ਬਦਲ ਗਿਆ ਹੈ, ਪਰ ਮੈਨੂੰ ਸਰਦਾਰ ਅਲਬੇਲ ਸਿੰਘ ਗਰੇਵਾਲ ਦੀ ਕਹੀ ਗੱਲ ਹਮੇਸ਼ਾ ਚੇਤੇ ਰਹਿੰਦੀ ਹੈ 'ਸਮਾਂ ਬਦਲੇਗਾ ਪਰ ਰੇਡੀਓ ਦੀ ਪ੍ਰਸੰਗਿਕਤਾ ਹਮੇਸ਼ਾ ਬਣੀ ਰਹੇਗੀ।'
-ਮੋਬਾਈਲ : 98154-61710