ਬੰਗਲਾਦੇਸ਼ ਵਿਚ ਘਟਨਾਕ੍ਰਮ ਜਿਸ ਤੇਜ਼ੀ ਤੇ ਹੈਰਾਨੀਜਨਕ ਢੰਗ ਨਾਲ ਵਾਪਰ ਰਿਹਾ ਹੈ, ਉਸ ਨੇ ਜਿਥੇ ਉਸ ਦੀ ਅਸਥਿਰਤਾ ਵਿਚ ਹੋਰ ਵਾਧਾ ਕੀਤਾ ਹੈ, ਉਥੇ ਗੁਆਂਢੀ ਦੇਸ਼ ਭਾਰਤ ਨਾਲ ਵੀ ਉਸ ਦੀ ਟਕਰਾਅ ਵਾਲੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਾ ਪਿਛਲੇ ਸਾਲ ਅਗਸਤ ਵਿਚ ਤਖ਼ਤਾ ਪਲਟ ਦਿੱਤਾ ਗਿਆ ਸੀ। ਚਾਹੇ ਅਵਾਮੀ ਲੀਗ ਪਾਰਟੀ ਦੀ ਅਗਵਾਈ 'ਚ ਉਹ ਚੁਣੀ ਹੋਈ ਪ੍ਰਧਾਨ ਮੰਤਰੀ ਸੀ ਪਰ ਡੂੰਘੀ ਯੋਜਨਾਬੰਦੀ ਤਹਿਤ ਜਮਾਤ-ਏ-ਇਸਲਾਮੀ ਪਾਰਟੀ ਦੀ ਅਗਵਾਈ 'ਚ ਕੱਟੜਪੰਥੀਆਂ ਨੇ ਲੋਕ- ਰੋਹ ਭੜਕਾ ਕੇ ਸ਼ੇਖ਼ ਹਸੀਨਾ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ ਸੀ ਤੇ ਉਸ ਨੂੰ ਭਾਰਤ ਵਿਚ ਸ਼ਰਨ ਲੈਣੀ ਪਈ ਸੀ।
ਉਸ ਤੋਂ ਬਾਅਦ ਅਸਥਾਈ ਸਰਕਾਰ ਬਣਾਈ ਗਈ ਸੀ, ਜਿਸ ਦਾ ਮੁੱਖ ਸਲਾਹਕਾਰ ਨੋਬਲ ਪੁਰਸਕਾਰ ਪ੍ਰਾਪਤ ਕਰ ਚੁੱਕੇ ਮੁਹੰਮਦ ਯੂਨੁਸ ਨੂੰ ਬਣਾਇਆ ਗਿਆ ਸੀ। ਇਹ ਸਰਕਾਰ ਦੇਸ਼ ਵਿਚ ਫੈਲੀ ਗੜਬੜ 'ਤੇ ਕਾਬੂ ਪਾਉਣ ਵਿਚ ਅਸਫ਼ਲ ਰਹੀ। ਫਿਰ ਵੀ ਕਾਫੀ ਝਿਜਕ ਤੋਂ ਬਾਅਦ ਇਸ ਨੇ 12 ਫਰਵਰੀ ਨੂੰ ਦੇਸ਼ 'ਚ ਆਮ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਪਰ ਨਾਲ ਹੀ ਇਸ ਅਸਥਾਈ ਸਰਕਾਰ ਨੇ ਦੇਸ਼ ਦੀ ਵੱਡੀ ਪਾਰਟੀ ਅਵਾਮੀ ਲੀਗ 'ਤੇ ਚੋਣਾਂ ਵਿਚ ਹਿੱਸਾ ਲੈਣ ਦੀ ਮਨਾਹੀ ਕਰ ਦਿੱਤੀ। ਬੰਗਲਾਦੇਸ਼ ਵਿਚ ਹੁਣ ਵੀ ਲਗਾਤਾਰ ਹਿੰਸਾ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਨ੍ਹਾਂ ਵਿਚ ਉਥੋਂ ਦੇ ਘੱਟ ਗਿਣਤੀ ਫਿਰਕਿਆਂ, ਖ਼ਾਸ ਕਰਕੇ ਹਿੰਦੂ ਘੱਟ ਗਿਣਤੀ ਫਿਰਕੇ ਦੇ ਲੋਕਾਂ ਨੂੰ ਭੀੜਾਂ ਵਲੋਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਸ਼ੇਖ਼ ਹਸੀਨਾ ਨੇ ਆਪਣੀ ਸਰਕਾਰ ਸਮੇਂ ਸਖ਼ਤੀ ਨਾਲ ਜਿਥੇ ਕੱਟੜਵਾਦੀ ਇਸਲਾਮਿਕ ਤੱਤਾਂ ਨੂੰ ਦਬਾਈ ਰੱਖਿਆ ਸੀ, ਉਥੇ ਉਸ ਨੇ ਇਸ ਗੱਲ 'ਤੇ ਵੀ ਪਹਿਰਾ ਦਿੱਤਾ ਸੀ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਵੱਧ ਤੋਂ ਵੱਧ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਪਰ ਉਸ ਤੋਂ ਬਾਅਦ ਉਥੇ ਜਿਹੜਾ ਲੋਕ-ਰੋਹ ਦਾ ਲਾਵਾ ਫੁੱਟਿਆ, ਉਸ ਵਿਚ ਹਿੰਦੂ ਘੱਟ ਗਿਣਤੀ ਲੋਕ ਵਧੇਰੇ ਨਿਸ਼ਾਨਾ ਬਣੇ। ਅੱਜ ਵੀ ਉਥੇ ਲੋਕ ਬੇਹੱਦ ਅਸੁਰੱਖਿਅਤ ਹਾਲਾਤ 'ਚ ਜੀਅ ਰਹੇ ਹਨ। ਦੂਸਰੇ ਪਾਸੇ ਇਥੇ ਹੁਣ ਦੂਸਰੀ ਵੱਡੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦਾ ਉਭਾਰ ਬਣਿਆ ਨਜ਼ਰ ਆ ਰਿਹਾ ਹੈ। ਇਸ ਦੀ ਮੁਖੀ ਖਾਲਿਦਾ ਜ਼ਿਆ ਨੇ ਲੰਮੇ ਸਮੇਂ ਤੱਕ ਇਥੇ ਪ੍ਰਸ਼ਾਸਨ ਚਲਾਇਆ ਸੀ। ਉਸ ਸਮੇਂ ਇਹ ਪਾਰਟੀ ਜਮਾਤ-ਏ-ਇਸਲਾਮੀ ਦੀ ਭਾਈਵਾਲ ਸੀ ਤੇ ਸਾਲ 2001 ਤੋਂ 2006 ਤੱਕ ਇਨ੍ਹਾਂ ਦੋਹਾਂ ਪਾਰਟੀਆਂ ਦੀ ਸਾਂਝੀ ਸਰਕਾਰ ਬਣੀ ਰਹੀ ਸੀ, ਜਿਸ ਨੇ ਅਕਸਰ ਭਾਰਤ ਵਿਰੁੱਧ ਰਵੱਈਆ ਅਖ਼ਤਿਆਰ ਕੀਤਾ ਸੀ। ਇਸੇ ਹੀ ਸਮੇਂ ਉਸ ਸਰਕਾਰ ਨੇ ਪਾਕਿਸਤਾਨ ਤੇ ਚੀਨ ਨਾਲ ਆਪਣੀ ਭਾਈਵਾਲੀ ਵਧਾਈ ਸੀ।
ਇਸ ਸਰਕਾਰ ਨੇ ਇਸ ਗੱਲ ਨੂੰ ਵਿਸਾਰ ਦਿੱਤਾ ਸੀ ਕਿ 1971 'ਚ ਕਿਸ ਤਰ੍ਹਾਂ ਪਾਕਿਸਤਾਨ ਦੀ ਫ਼ੌਜ ਨੇ ਲੱਖਾਂ ਦੀ ਗਿਣਤੀ ਵਿਚ ਬੰਗਲਾਦੇਸ਼ੀਆਂ ਦਾ ਲਹੂ ਵਹਾਇਆ ਸੀ। ਉਸ ਤੋਂ ਬਾਅਦ ਸੱਤਾ 'ਚ ਆਈ ਸ਼ੇਖ਼ ਹਸੀਨਾ ਦੀ ਆਵਾਮੀ ਲੀਗ ਦੀ ਸਰਕਾਰ ਨੇ ਲਗਾਤਾਰ ਭਾਰਤ ਨਾਲ ਚੰਗੇ ਸੰਬੰਧ ਬਣਾਉਣ ਨੂੰ ਤਰਜੀਹ ਦਿੱਤੀ ਸੀ। ਸ਼ੇਖ਼ ਹਸੀਨਾ ਹਮੇਸ਼ਾ ਇਸ ਗੱਲ ਦੀ ਸ਼ੁਕਰਗੁਜ਼ਾਰ ਰਹੀ ਹੈ ਕਿ ਭਾਰਤ ਨੇ ਬੰਗਲਾਦੇਸ਼ ਦੀ ਆਜ਼ਾਦੀ ਵਿਚ ਸ਼ੇਖ਼ ਮੁਜੀਬ-ਉਰ-ਰਹਿਮਾਨ ਦੀ ਮਦਦ ਕਰਕੇ ਦੇਸ਼ ਨੂੰ ਆਜ਼ਾਦੀ ਦਿਵਾਈ ਸੀ। ਬੰਗਲਾ ਬੰਧੂ (ਸ਼ੇਖ਼ ਮੁਜੀਬ-ਉਰ-ਰਹਿਮਾਨ) ਸਮੇਤ ਉਸ ਦੇ ਬਹੁਤੇ ਪਰਿਵਾਰਕ ਮੈਂਬਰਾਂ ਦੇ ਕਤਲ ਤੋਂ ਬਾਅਦ ਸ਼ੇਖ਼ ਹਸੀਨਾ ਤੇ ਉਸ ਦੀ ਇਕ ਭੈਣ ਹੀ ਬਚ ਸਕੀਆਂ ਸਨ। ਸ਼ੇਖ਼ ਹਸੀਨਾ ਨੇ ਬਾਅਦ 'ਚ ਲੰਮਾ ਸਮਾਂ ਬੰਗਲਾਦੇਸ਼ ਦੀ ਹਕੂਮਤ ਸੰਭਾਲੀ ਰੱਖੀ। ਉਸ ਨੇ ਭਾਰਤ ਨਾਲ ਕਈ ਅਹਿਮ ਸਮਝੌਤੇ ਕੀਤੇ। ਦੋਹਾਂ ਦੇਸ਼ਾਂ ਵਿਚ ਆਪਸੀ ਵਪਾਰ ਨੂੰ ਵੱਡੀ ਹੱਦ ਤੱਕ ਵਧਾਇਆ ਗਿਆ। ਕੁਝ ਸਮਾਂ ਪਹਿਲਾਂ ਤੱਕ ਬੰਗਲਾਦੇਸ਼ ਨਾਲ ਜ਼ਮੀਨੀ ਰਸਤੇ ਰਾਹੀਂ ਵੱਡੀ ਵਪਾਰਕ ਭਾਈਵਾਲੀ ਬਣੀ ਰਹੀ ਹੈ। ਉਦਾਹਰਨ ਵਜੋਂ ਬੰਗਾਲ ਦੇ ਨਾਲ ਲਗਦੀ ਪੈਪਰਾਪੋਲ ਸਰਹੱਦ ਤੋਂ ਹੀ ਬੰਗਲਾਦੇਸ਼ ਨਾਲ 60 ਫ਼ੀਸਦੀ ਆਪਸੀ ਵਪਾਰ ਹੋ ਰਿਹਾ ਹੈ। ਸਾਲ 2023-24 'ਚ ਇਸ ਲਾਂਘੇ ਤੋਂ 30 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਦਾ ਆਪਸੀ ਵਪਾਰ ਹੋਇਆ ਸੀ, ਜਿਸ 'ਤੇ ਹੁਣ ਕਾਲੇ ਬੱਦਲ ਛਾਏ ਹੋਏ ਦਿਖਾਈ ਦੇ ਰਹੇ ਹਨ। ਪਿਛਲੇ ਸਾਲ ਸ਼ੇਖ਼ ਹਸੀਨਾ ਦਾ ਤਖ਼ਤਾ ਪਲਟਣ ਵਾਲੇ ਵਿਦਿਆਰਥੀ ਆਗੂ ਸ਼ਰੀਫ਼ ਉਸਮਾਨ ਹਾਦੀ ਨੂੰ ਪਿਛਲੇ ਦਿਨੀਂ ਗੋਲੀਆਂ ਨਾਲ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਇਕ ਵਾਰ ਫਿਰ ਉਥੇ ਥਾਂ-ਪੁਰ-ਥਾਂ ਹਿੰਸਾ ਭੜਕੀ ਸੀ। ਇਸ ਦੌਰਾਨ ਮੈਮਨ ਸਿੰਘ ਵਿਚ 18 ਦਸੰਬਰ ਨੂੰ ਇਕ ਹਿੰਦੂ ਬੰਗਲਾਦੇਸ਼ੀ ਦੀਪੂ ਚੰਦਰ ਦਾਸ ਨੂੰ ਬੁਰੀ ਤਰ੍ਹਾਂ ਨਾਲ ਮਾਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਜਲਾ ਦਿੱਤਾ ਗਿਆ ਤੇ ਪਿਛਲੇ ਦਿਨੀਂ ਇਕ ਹੋਰ ਹਿੰਦੂ ਬੰਗਲਾਦੇਸ਼ੀ ਅੰਮ੍ਰਿਤ ਮੰਡਲ ਨੂੰ ਵੀ ਭੀੜ ਨੇ ਆਪਣੀ ਹਿੰਸਾ ਦਾ ਨਿਸ਼ਾਨਾ ਬਣਾਇਆ।
ਇਸੇ ਦੌਰਾਨ ਹੀ ਅਸਥਾਈ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਬੇਟੇ ਤਾਰਿਕ ਰਹਿਮਾਨ, ਜੋ ਪਿਛਲੇ 17 ਸਾਲ ਤੋਂ ਲੰਡਨ 'ਚ ਰਹਿ ਰਿਹਾ ਸੀ, ਨੂੰ ਢਾਕਾ ਪਰਤ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਉਸ ਦਾ ਉਸ ਦੀ ਪਾਰਟੀ ਵਲੋਂ ਭਰਵਾਂ ਸਵਾਗਤ ਹੋਇਆ ਹੈ। ਤਾਰਿਕ ਨੇ ਆਪਣੀ ਪਾਰਟੀ ਵਲੋਂ ਫਰਵਰੀ 'ਚ ਆਉਂਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਕਦੇ ਉਸ ਦੀ ਪਾਰਟੀ ਦੀ ਭਾਈਵਾਲ ਰਹੀ ਜਮਾਤ-ਏ-ਇਸਲਾਮੀ ਪਾਰਟੀ ਨੇ ਵੀ ਚੋਣਾਂ 'ਚ ਉਤਰਨ ਦਾ ਐਲਾਨ ਕੀਤਾ ਹੋਇਆ ਹੈ। ਪਰ ਅਵਾਮੀ ਲੀਗ 'ਤੇ ਚੋਣਾਂ ਲੜਨ 'ਤੇ ਲਾਈ ਰੋਕ ਕਾਰਨ ਇਨ੍ਹਾਂ ਆਮ ਚੋਣਾਂ ਰਾਹੀਂ ਬਣਨ ਵਾਲੀ ਸਰਕਾਰ ਦੀ ਸਾਖ ਸ਼ੱਕੀ ਹੀ ਬਣੀ ਰਹੇਗੀ ਤੇ ਦੇਸ਼ ਵਿਚ ਅਸਥਿਰਤਾ ਦਾ ਦੌਰ ਵੀ ਜਾਰੀ ਰਹਿ ਸਕਦਾ ਹੈ। ਇਸ ਸਮੇਂ ਬੰਗਲਾਦੇਸ਼ ਵਿਚ ਗ੍ਰਹਿ ਯੁੱਧ ਵਰਗੀ ਸਥਿਤੀ ਬਣੀ ਨਜ਼ਰ ਆਉਂਦੀ ਹੈ, ਜਿਸ ਦਾ ਅਸਰ ਉਸ ਦੇ ਗੁਆਂਢੀ ਦੇਸ਼ ਭਾਰਤ 'ਤੇ ਪੈਣਾ ਵੀ ਕੁਦਰਤੀ ਹੈ, ਕਿਉਂਕਿ ਪੱਛਮੀ ਬੰਗਾਲ ਦੀਆਂ ਲੰਬੀਆਂ ਸਰਹੱਦਾਂ ਬੰਗਲਾਦੇਸ਼ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਸਰਹੱਦਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੰਦ ਕਰ ਸਕਣਾ ਵੀ ਸੌਖਾ ਨਹੀਂ ਹੈ। ਬਿਨਾਂ ਸ਼ੱਕ ਭਾਰਤ ਉੱਤੇ ਬੰਗਲਾਦੇਸ਼ ਦੀ ਗੜਬੜ ਦਾ ਅਸਰ ਪੈਣਾ ਕੁਦਰਤੀ ਹੈ, ਜਿਸ ਕਾਰਨ ਭਾਰਤ ਦੀ ਇਸ ਦੇਸ਼ ਨਾਲ ਲਗਦੀ ਸਰਹੱਦ 'ਤੇ ਤਣਾਅ ਵੀ ਬਣਿਆ ਰਹਿਣ ਦੀ ਸੰਭਾਵਨਾ ਹੈ।
-ਬਰਜਿੰਦਰ ਸਿੰਘ ਹਮਦਰਦ