ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕਰੁਣਾ, ਵੈਰਾਗ ਅਤੇ ਬੀਰਤਾ ਦੀ ਅਦੁੱਤੀ ਗਾਥਾ ਹੈ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ

Ad Position 21
No active advertisement
ਅਜੀਤ ਡੈਸਕ 27-12-2025

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਬੇਮਿਸਾਲ ਸ਼ਹਾਦਤ ਦਾ ਲਾਸਾਨੀ ਸਾਕਾ ਹਰੇਕ ਮਨੁੱਖੀ ਹਿਰਦੇ ਨੂੰ ਪ੍ਰਭਾਵਿਤ ਕਰਨ ਵਾਲਾ ਹੈ, ਭਾਵੇਂ ਉਹ ਕਿਸੇ ਵੀ ਕੁੱਲ, ਜਾਤ, ਦੇਸ਼, ਖ਼ਿੱਤੇ, ਨਸਲ ਅਤੇ ਉਮਰ ਦਾ ਕਿਉਂ ਨਾ ਹੋਵੇ। ਇਹ ਅਦੁੱਤੀ ਗਾਥਾ ਜਿੱਥੇ ਜਬਰ-ਜ਼ੁਲਮ ਦਾ ਅਤਿ ਘਿਨਾਉਣਾ ਅਤੇ ਡਰਾਉਣਾ ਰੂਪ ਪੇਸ਼ ਕਰਦੀ ਹੈ, ਉੱਥੇ 7 ਅਤੇ 9 ਸਾਲ ਦੇ ਮਾਸੂਮ ਉਮਰ ਦੇ ਸਾਹਿਬਜ਼ਾਦਿਆਂ ਦੀ ਆਪਣੇ ਅਕੀਦੇ ਉੱਤੇ ਦ੍ਰਿੜ੍ਹਤਾ, ਸਿਦਕ, ਬਹਾਦਰੀ ਅਤੇ ਅਡੋਲਤਾ ਦੇ ਨਾਲ ਜੂਝ ਕੇ ਸ਼ਹੀਦ ਹੋਣ ਦੀ ਭਾਵਨਾ ਦਾ ਸਿਖਰ ਪ੍ਰਗਟ ਕਰਦੀ ਹੈ। ਸਦੀਆਂ ਤੋਂ ਹਿੰਦੁਸਤਾਨ ਦੇ ਕਵੀ, ਚਾਹੇ ਉਹ ਹਿੰਦੂ ਹੋਣ, ਚਾਹੇ ਮੁਸਲਮਾਨ, ਉਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਆਪਣੀ ਕਲਮ ਦੇ ਨਾਲ ਲਿਖਣ ਨੂੰ ਆਪਣਾ ਚੰਗਾ ਭਾਗ ਸਮਝਿਆ ਹੈ।
ਸਦੀਆਂ ਤੋਂ ਪੰਜਾਬ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੌਰਾਨ ਲੋਕ ਨਿੱਕੀਆਂ ਜਿੰਦਾਂ ਉੱਪਰ ਹੋਏ ਘੋਰ ਜ਼ੁਲਮ ਨੂੰ ਅਹਿਸਾਸ ਦੇ ਤਲ 'ਤੇ ਹੰਢਾਉਣ ਦੀ ਕੋਸ਼ਿਸ਼ ਕਰਦਿਆਂ ਸਾਦਗੀ ਅਤੇ ਵੈਰਾਗ ਧਾਰਨ ਕਰਦੇ ਰਹੇ ਹਨ। ਘਰਾਂ ਵਿਚ ਜ਼ਮੀਨ 'ਤੇ ਸਫ਼ ਵਿਛਾ ਕੇ ਸੌਣਾ, ਫ਼ਤਹਿਗੜ੍ਹ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ ਦੀ ਮੁਕਾਮੀ ਰਵਾਇਤ ਰਹੀ ਹੈ। ਔਰਤਾਂ ਚਿੱਟੀਆਂ ਚੁੰਨੀਆਂ ਅਤੇ ਮਰਦ ਚਿੱਟੀਆਂ ਪੱਗਾਂ ਬੰਨ੍ਹ ਕੇ ਸ਼ਹੀਦੀ ਸਭਾ ਵਿਚ ਆਉਂਦੇ ਸਨ। ਲੋਕ ਸਵੇਰੇ-ਸਵੇਰੇ ਸਰਹਿੰਦ ਦਾ ਨਾਂਅ ਨਹੀਂ ਲੈਂਦੇ ਸਨ। ਸ਼ਹੀਦੀ ਦਿਨਾਂ 'ਚ ਘਰਾਂ 'ਚ ਚੁੱਲ੍ਹੇ ਨਹੀਂ ਬਾਲੇ ਜਾਂਦੇ ਸਨ। ਘਰਾਂ ਦਾ ਸਾਰਾ ਦੁੱਧ ਇਕੱਠਾ ਕਰ ਕੇ ਫ਼ਤਹਿਗੜ੍ਹ ਸਾਹਿਬ ਸ਼ਹੀਦੀ ਸਭਾ 'ਚ ਸੰਗਤ ਲਈ ਲਿਜਾਇਆ ਜਾਂਦਾ ਸੀ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਸੂਬਾ ਸਰਹਿੰਦ ਵਜ਼ੀਰ ਖ਼ਾਨ ਨੂੰ ਆਪਣੇ ਕੀਤੇ ਪਾਪਾਂ ਕਾਰਨ ਭਾਰੀ ਕਸ਼ਟਾਂ ਵਿਚੀਂ ਗੁਜ਼ਰਨਾ ਪਿਆ ਸੀ। ਵਜ਼ੀਰ ਖ਼ਾਨ ਨੇ ਮਾਨਸਿਕ ਤੇ ਸਰੀਰਕ ਦੁੱਖਾਂ ਤੋਂ ਛੁਟਕਾਰੇ ਲਈ ਮੌਲਵੀ-ਮੌਲਾਣਿਆਂ ਦੇ ਸਾਰੇ ਹੀਲੇ ਨਿਸਫਲ ਹੋਣ 'ਤੇ ਆਪਣੀ ਬੰਦਖਲਾਸੀ ਵਾਸਤੇ ਕੋਟਕਪੂਰੇ ਦੇ ਚੌਧਰੀ ਕਪੂਰੇ ਬਰਾੜ ਜੋ ਗੁਰੂ-ਘਰ ਨਾਲ ਪ੍ਰੀਤ ਰੱਖਦਾ ਸੀ, ਦੇ ਕਹਿਣ 'ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੇ ਸ਼ਹੀਦੀ ਅਸਥਾਨ 'ਤੇ ਕਿਸੇ ਸਿੱਖ ਕੋਲੋਂ ਥੜ੍ਹੇ ਦਾ ਨਿਰਮਾਣ ਕਰਵਾਇਆ ਸੀ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫ਼ਤਹਿ ਕਰਨ ਉਪਰੰਤ ਇਸ ਪਾਵਨ ਅਸਥਾਨ ਦੀ ਸੇਵਾ ਕਰਵਾਈ ਅਤੇ ਇੱਥੇ ਸੇਵਾ-ਸੰਭਾਲ ਲਈ ਕੁਝ ਸਿੰਘਾਂ ਨੂੰ ਨਿਯੁਕਤ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਸਰਹਿੰਦ ਦਾ ਨਾਂਅ ਬਦਲ ਕੇ ਫ਼ਤਹਿਗੜ੍ਹ ਸਾਹਿਬ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗ਼ਲਾਂ ਨੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਅਸਥਾਨ ਵੀ ਢਾਹ ਦਿੱਤਾ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਸਿੱਖ ਮਿਸਲਾਂ ਨੇ ਦਿੱਲੀ ਫ਼ਤਹਿ ਕਰਨ ਜਾਂਦੇ ਸਮੇਂ 14 ਜਨਵਰੀ, 1764 ਈ. ਨੂੰ ਸਰਹਿੰਦ ਦੇ ਨਵਾਬ ਜੈਨ ਖ਼ਾਨ ਨੂੰ ਮਾਰ ਕੇ ਸਰਹਿੰਦ ਨੂੰ ਮੁੜ ਫ਼ਤਹਿ ਕਰ ਲਿਆ। ਉਨ੍ਹਾਂ ਨੇ ਇੱਥੋਂ ਦੇ ਬਜ਼ੁਰਗਾਂ ਕੋਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਅੱਖੀਂ ਡਿੱਠਾ ਬਿਰਤਾਂਤ ਸੁਣਿਆ ਅਤੇ ਉਨ੍ਹਾਂ ਕੋਲੋਂ ਹੀ ਠੰਢਾ ਬੁਰਜ, ਸ਼ਹੀਦੀ ਅਸਥਾਨ ਅਤੇ ਗੁ. ਜੋਤੀ ਸਰੂਪ ਸਾਹਿਬ ਵਾਲੇ ਅਸਥਾਨ ਦੀ ਨਿਸ਼ਾਨਦੇਹੀ ਕਰਵਾਈ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਮੇਤ ਮਿਸਲਾਂ ਦੇ ਸਰਦਾਰਾਂ ਨੇ ਇਨ੍ਹਾਂ ਪਾਵਨ ਅਸਥਾਨਾਂ ਦੇ ਦਰਸ਼ਨ ਕੀਤੇ ਅਤੇ ਉੱਥੇ ਅਰਦਾਸ ਕਰਕੇ ਦੇਗ਼ ਵਰਤਾਈ। ਫਿਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਵਿਖੇ ਥੜ੍ਹਾ ਸਾਹਿਬ ਦੀ ਉਸਾਰੀ ਕਰਕੇ ਉੱਪਰ ਚੌਂਕੀ ਰੱਖ ਕੇ ਚੰਦੋਆ ਤਾਣਿਆ। ਪੰਜ ਸ਼ਸਤਰ ਚੌਂਕੀ ਉੱਪਰ ਸਜਾ ਕੇ ਇਕ ਸਿੰਘ ਨੂੰ ਚੌਰ ਕਰਨ ਲਈ ਨਿਯੁਕਤ ਕੀਤਾ। ਕੁਝ ਸਮਾਂ ਬਾਅਦ ਸਿੱਖਾਂ ਨੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਨਿਸ਼ਾਨ ਸਾਹਿਬ ਝੁਲਾਇਆ। ਗਿਆਨੀ ਗਿਆਨ ਸਿੰਘ 'ਪੰਥ ਪ੍ਰਕਾਸ਼' ਵਿਚ ਇਉਂ ਲਿਖਦੇ ਹਨ:
ਜਥਾ ਜੋਗ ਸਭ ਨੇ ਧਨ ਦੀਓ।
ਗੁਰਦ੍ਵਾਰਾ ਰਚ ਕਾਇਮ ਕੀਓ।
ਮੁੱਠਾ ਚੌਰ ਤਾਹਿ ਪੈ ਧਾਰਾ।
ਨਾਮ ਫਤੇਗੜ੍ਹ ਪੰਥ ਉਚਾਰਾ। (990)

ਬਾਅਦ ਵਿਚ ਪਟਿਆਲਾ ਰਿਆਸਤ ਦੇ ਬਾਬਾ ਆਲਾ ਸਿੰਘ, ਮਹਾਰਾਜਾ ਕਰਮ ਸਿੰਘ (ਬਾਬਾ ਆਲਾ ਸਿੰਘ ਦਾ ਪੜਪੋਤਰਾ) ਨੇ ਵੀ ਇਨ੍ਹਾਂ ਸ਼ਹੀਦੀ ਅਸਥਾਨਾਂ ਦੀ ਸੇਵਾ ਕਰਵਾਈ। ਉਨ੍ਹਾਂ ਨੇ 'ਸਰਹਿੰਦ' ਨੂੰ ਸਰਕਾਰੀ ਕਾਗ਼ਜ਼ਾਂ ਵਿਚ 'ਫ਼ਤਹਿਗੜ੍ਹ ਸਾਹਿਬ' ਲਿਖਣ ਦਾ ਹੁਕਮ ਕੀਤਾ। ਮਹਾਰਾਜਾ ਯਾਦਵਿੰਦਰ ਸਿੰਘ ਨੇ 1944 ਈਸਵੀ ਵਿਚ ਸ਼ਹੀਦੀ ਅਸਥਾਨ ਉੱਪਰ ਤਿੰਨ ਮੰਜ਼ਿਲਾ ਸੁੰਦਰ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੀ ਉਸਾਰੀ ਬਾਬਾ ਜੈਮਲ ਸਿੰਘ ਭੂਰੀ ਵਾਲਿਆਂ ਰਾਹੀਂ ਕਰਵਾਈ। ਬਾਹਰਲੀ ਦਰਸ਼ਨੀ ਡਿਉਢੀ ਦੀ ਉਸਾਰੀ ਵੀ ਮਹਾਰਾਜਾ ਯਾਦਵਿੰਦਰ ਸਿੰਘ ਨੇ ਹੀ 1953 ਈਸਵੀ ਵਿਚ ਕਰਵਾਈ। ਇਸ ਸੇਵਾ ਵਿਚ ਮਹਾਰਾਜਾ ਯਾਦਵਿੰਦਰ ਸਿੰਘ ਨੇ ਪੰਜ ਲੱਖ ਰੁਪਏ ਭੇਟਾ ਦੇਣ ਤੋਂ ਇਲਾਵਾ ਖ਼ੁਦ ਸਿਰ 'ਤੇ ਟੋਕਰੀ ਢੋਅ ਕੇ ਸੇਵਾ ਕੀਤੀ।
ਫ਼ਤਹਿਗੜ੍ਹ ਸਾਹਿਬ ਵਿਖੇ ਅੱਜ ਜਿਹੜੀ ਸ਼ਹੀਦੀ ਸਭਾ ਲਗਦੀ ਹੈ, ਇਸ ਦੀ ਆਰੰਭਤਾ ਪੰਥ ਦੇ ਮਹਾਨ ਵਿਦਵਾਨ ਤੇ ਵਿਆਖਿਆਕਾਰ ਗਿਆਨੀ ਠਾਕੁਰ ਸਿੰਘ ਅੰਮ੍ਰਿਤਸਰ ਵਾਲਿਆਂ ਦੀ ਪ੍ਰੇਰਨਾ ਨਾਲ ਹੋਈ ਸੀ। ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦੀ ਸਭਾ 11,12,13 ਪੋਹ 1944 ਬਿਕਰਮੀ ਮੁਤਾਬਿਕ 1888 ਈਸਵੀ ਨੂੰ ਹੋਈ। ਪਹਿਲੀ ਸ਼ਹੀਦੀ ਸਭਾ 'ਚ ਗਿਣਤੀ ਦੀ ਸੰਗਤ ਹੀ ਪੁੱਜੀ। ਅਗਲੇ ਸਾਲਾਂ ਦੌਰਾਨ ਸੰਗਤ ਦੀ ਗਿਣਤੀ ਹਜ਼ਾਰਾਂ ਵਿਚ ਪੁੱਜ ਗਈ। ਲੰਗਰ ਦੀ ਸੇਵਾ ਰਿਆਸਤ ਪਟਿਆਲਾ, ਦੁਆਬਾ ਅਤੇ ਅੰਮ੍ਰਿਤਸਰ ਦੀ ਸੰਗਤ ਵਲੋਂ ਕੀਤੀ ਜਾਂਦੀ ਸੀ। ਪਟਿਆਲਾ ਭੁਝੰਗੀ ਸਭਾ ਦੇ ਵਿਦਿਆਰਥੀ ਪੋਹ ਦੀ ਹੱਡਚੀਰਵੀਂ ਠੰਢ ਵਿਚ ਪੁੱਜਦੀ ਸੰਗਤ ਨੂੰ ਇਸ਼ਨਾਨ ਕਰਵਾਉਣ ਲਈ ਤੜਕੇ 2 ਵਜੇ ਪਾਣੀ ਦੇ ਕੜਾਹੇ ਗਰਮ ਕਰਨੇ ਸ਼ੁਰੂ ਕਰ ਦਿੰਦੇ ਸਨ ਅਤੇ ਦਿਨ ਚੜ੍ਹਦੇ ਤੱਕ ਹਜ਼ਾਰਾਂ ਸੰਗਤਾਂ ਨੂੰ ਇਸ਼ਨਾਨ ਕਰਵਾਉਂਦੇ ਸਨ।
ਹੌਲੀ-ਹੌਲੀ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ, ਜੋੜ ਮੇਲੇ ਦਾ ਰੂਪ ਧਾਰਨ ਕਰਦੀ ਗਈ। ਸੰਗਤਾਂ ਸ਼ਰਧਾ ਤੇ ਸਤਿਕਾਰ ਸਹਿਤ ਫ਼ਤਹਿਗੜ੍ਹ ਸਾਹਿਬ ਪੁੱਜਦੀਆਂ ਅਤੇ ਗੁਰਬਾਣੀ, ਗੁਰ-ਇਤਿਹਾਸ ਸਰਵਣ ਕਰਦਿਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦੀਆਂ। ਇਕ ਸਮਾਂ ਅਜਿਹਾ ਵੀ ਆ ਗਿਆ ਕਿ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਨੌਜਵਾਨਾਂ ਲਈ ਰੌਣਕ-ਮੇਲੇ ਦਾ ਰੂਪ ਧਾਰਨ ਕਰਨ ਲੱਗੀ।
ਆਮ ਮੇਲਿਆਂ ਵਾਂਗ ਇੱਥੇ ਰਾਜਸੀ ਕਾਨਫ਼ਰੰਸਾਂ, ਸਰਕਸਾਂ, ਚੰਡੋਲ, ਸਿਨੇਮੇ, ਮੌਤ ਦੇ ਖੂਹ ਅਤੇ ਹੋਰ ਤਮਾਸ਼ੇ ਲੱਗਣ ਲੱਗੇ। ਸਾਲ 2004 ਵਿਚ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਫ਼ਤਹਿਗੜ੍ਹ ਸਾਹਿਬ ਦੇ ਤਤਕਾਲੀ ਡਿਪਟੀ ਕਮਿਸ਼ਨਰ ਐੱਸ.ਕੇ. ਆਹਲੂਵਾਲੀਆ ਨੇ ਸਾਂਝੇ ਯਤਨਾਂ ਨਾਲ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਨੂੰ ਮੁੜ ਵੈਰਾਗ, ਕਰੁਣਾ ਤੇ ਸਤਿਕਾਰ ਦੇ ਦਿਹਾੜੇ ਦਾ ਰੂਪ ਦੇਣ ਲਈ, ਇਸ ਦੌਰਾਨ ਲੱਗਣ ਵਾਲੀਆਂ ਸਰਕਸਾਂ, ਚੰਡੋਲ ਤੇ ਹੋਰ ਤਮਾਸ਼ੇ ਬੰਦ ਕਰਵਾਏ। ਹੌਲੀ-ਹੌਲੀ ਸੰਗਤੀ ਚੇਤਨਾ ਵਧਣ ਨਾਲ ਰਾਜਸੀ ਕਾਨਫ਼ਰੰਸਾਂ ਵੀ ਬੰਦ ਹੋ ਗਈਆਂ।
ਸਾਲ 2010 ਤੋਂ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ, ਪੰਥ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਅਤੇ ਭਾਈ ਪਰਮਜੀਤ ਸਿੰਘ ਖ਼ਾਲਸਾ (ਲੁਧਿਆਣਾ) ਨੇ ਸ਼ਹੀਦੀ ਹਫ਼ਤੇ ਦੌਰਾਨ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਲੜੀਵਾਰ ਗੁਰਮਤਿ ਸਮਾਗਮਾਂ ਦੀ ਆਰੰਭਤਾ ਕਰਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਪ੍ਰਤੀ ਚੇਤਨਾ ਵਧਾਉਣ ਵਿਚ ਵੱਡਾ ਯੋਗਦਾਨ ਪਾਇਆ। ਮਗਰੋਂ ਗਿਆਨੀ ਹਰਪਾਲ ਸਿੰਘ ਨੇ ਵੀ 'ਸਫ਼ਰ-ਏ-ਸ਼ਹਾਦਤ' ਸਮਾਗਮਾਂ ਰਾਹੀਂ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸੰਕਲਪ ਨਾਲ ਜੋੜਨ ਦਾ ਕਾਰਜ ਕੀਤਾ।
ਅੱਜ ਲੱਖਾਂ ਸੰਗਤਾਂ ਦੇਸ਼-ਦੇਸਾਂਤਰ ਤੋਂ ਇਕੱਤਰ ਹੋ ਕੇ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਵਿਚ ਸ਼ਾਮਿਲ ਹੋਣ ਲਈ ਪੁੱਜਦੀਆਂ ਹਨ, ਪਰ ਇਸ ਦੌਰਾਨ ਅਨਜਾਣਪੁਣੇ 'ਚ ਅਜੇ ਵੀ ਕੁਝ ਨੌਜਵਾਨ ਟਰੈਕਟਰਾਂ, ਮੋਟਰਸਾਈਕਲਾਂ ਦੀ ਸਟੰਟਬਾਜ਼ੀ ਅਤੇ ਹੁੱਲ੍ਹੜਬਾਜ਼ੀ ਕਰ ਕੇ ਸ਼ਰਧਾ ਤੇ ਸਤਿਕਾਰ ਭਰੇ ਵਾਤਾਵਰਨ ਨੂੰ ਖ਼ਰਾਬ ਕਰਦੇ ਹਨ। ਇੱਥੇ ਨੌਜਵਾਨਾਂ ਦੇ ਮਾਪਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ 'ਨਿੱਕੀਆਂ ਜਿੰਦਾਂ, ਵੱਡੇ ਸਾਕੇ' ਦੇ ਲਾਸਾਨੀ ਇਤਿਹਾਸ ਅਤੇ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਦੇ ਕਰੁਣਾ, ਵੈਰਾਗ ਅਤੇ ਬੀਰਤਾ ਭਰੇ ਇਤਿਹਾਸ ਤੋਂ ਜਾਣੂ ਕਰਵਾਉਣ, ਤਾਂ ਜੋ ਸਿੱਖ ਨੌਜਵਾਨ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਮਹਾਨ ਕੁਰਬਾਨੀਆਂ ਤੋਂ ਸੇਧ ਲੈ ਕੇ ਆਪਣੇ ਧਰਮ ਤੇ ਵਿਰਸੇ ਤੋਂ ਜਾਣੂ ਹੋ ਸਕਣ ਅਤੇ ਸੰਸਕਾਰਾਂ ਵਿਚ ਵੀ ਪ੍ਰਪੱਕ ਹੋ ਸਕਣ।

-ਮੋਬਾਈਲ : 98780-70008

Ad Position 22
No active advertisement
ਪਿਛਲੀ ਖ਼ਬਰ ਇਤਿਹਾਸ ਦਾ ਲਾਸਾਨੀ ਪੰਨਾ : ਸਾਕਾ ਸਰਹਿੰਦ ਅਗਲੀ ਖ਼ਬਰ ਬੰਗਲਾਦੇਸ਼-ਅਸਥਿਰਤਾ ਦੇ ਦੌਰ ਵਿਚ
Ad Position 24
No active advertisement