ਦਰਬਾਰਾ ਤੇ ਪਿਸ਼ੌਰਾ ਪਿੰਡ ਦੇ ਵਧੀਆ ਹਲਵਾਈ ਵਜੋਂ ਜਾਣੇ ਜਾਂਦੇ ਸਨ ਕਿਉਂਕਿ ਪਿੰਡ ਦੇ ਦੋ ਹੀ ਹਲਵਾਈ ਸਨ ਤੇ ਪਿੰਡ ਵਿਚ ਹਰ ਵਿਆਹ ਸ਼ਾਦੀ ਜਾਂ ਭੋਗ ਦੇ ਮੌਕੇ ਦੋਵਾਂ ਨੇ ਕਿਸੇ ਨਾ ਕਿਸੇ ਦਾ ਕੰਮ ਫੜਿਆ ਹੀ ਹੁੰਦਾ ਸੀ |
ਦੋਵਾਂ ਦੇ ਹੱਥਾਂ ਦੀ ਬਣੀ ਹੋਈ ਚੀਜ਼ ਬਾਕਮਾਲ ਹੁੰਦੀ ਸੀ | ਪਿੰਡ ਵਾਲੇ ਵੀ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਸੀ ਥੱਕਦੇ | ਪਰ ਪਿਸ਼ੌਰੇ ਦੀ ਬਹਿਣੀ ਉੱਠਣੀ ਪਿੰਡ ਦੇ ਵਿਹਲੜਾਂ ਨਾਲ ਹੋ ਗਈ | ਸਾਰਾ ਦਿਨ ਪਿੰਡ ਦੇ ਵਿਹਲੜ ਪਿੰਡ ਬੈਠ ਕੇ ਤਾਸ਼ ਖੇਡਦੇ ਤੇ ਆਪਣਾ ਨਸ਼ਾ ਪੱਤਾ ਕਰਦੇ | ਉੱਥੇ ਹੀ ਪਿਸ਼ੌਰਾ ਵੀ ਉਨ੍ਹਾਂ ਨਾਲ ਘੁਲ ਮਿਲ ਗਿਆ | ਦੀਵਾਲੀ ਦਾ ਤਿਉਹਾਰ ਨੇੜੇ ਸੀ | ਦਰਬਾਰੇ ਨੇ ਸੋਚਿਆ ਇਸ ਵਾਰ ਪਿੰਡ ਦੇ ਬਾਹਰ ਸ਼ਹਿਰ ਵੱਲ ਨੂੰ ਜਾਂਦੀ ਸੜਕ ਉੱਤੇ ਮਠਿਆਈ ਤੇ ਜਲੇਬੀਆਂ ਬਣਾ ਕੇ ਵੇਚੀਆਂ ਜਾਣ | ਇਸੇ ਤਰ੍ਹਾਂ ਹੀ ਪਿਸ਼ੌਰੇ ਨੇ ਵੀ ਸੋਚਿਆ ਪਰ ਦਰਬਾਰਾ ਆਪਣੇ ਅਸੂਲਾਂ ਦਾ ਪੱਕਾ ਸੀ | ਦਰਬਾਰੇ ਨੇ ਸਾਰਾ ਪ੍ਰਬੰਧ ਕੀਤਾ ਤੇ ਇਕ ਬੰਦਾ ਆਪਣੀ ਮਦਦ ਨਾਲ ਲੈ ਲਿਆ | ਪਿੰਡ ਤੋਂ ਸ਼ਹਿਰ ਵੱਲ ਨੂੰ ਜਾਂਦੀ ਸੜਕ ਦੇ ਉੱਤੇ ਉਸਨੇ ਆਪਣਾ ਟੈਂਟ ਵਗੈਰਾ ਤੇ ਟੇਬਲ ਲਗਾ ਕੇ ਆਪਣਾ ਕੰਮ ਸ਼ੁਰੂ ਕਰ ਲਿਆ | ਇਸੇ ਤਰ੍ਹਾਂ ਹੀ ਦੂਸਰੀ ਸੜਕ 'ਤੇ ਜਾਂਦੇ ਪਿਸ਼ੌਰੇ ਨੇ ਆਪਣਾ ਟੈਂਟ ਲਗਾ ਲਿਆ ਤੇ ਆਪਣਾ ਸਾਰਾ ਸਮਾਨ ਤਿਆਰ ਕਰ ਲਿਆ | ਪਿਸ਼ੌਰੇ ਨੇ ਆਪਣੇ ਨਾਲ ਕੋਈ ਬੰਦਾ ਮਦਦ ਨੂੰ ਨਹੀਂ ਲਿਆ | ਉਸ ਨੇ ਉਹ ਚਾਰ ਪੰਜ ਵਿਹਲੜਾਂ ਨੂੰ ਆਉਣ ਲਈ ਕਹਿ ਦਿੱਤਾ ਜਿਨਾਂ ਨਾਲ ਉਹ ਬੈਠਦਾ ਉੱਠਦਾ ਸੀ | ਦਰਬਾਰੇ ਦਾ ਸਮਾਨ ਵਧੀਆ ਹੋਣ ਕਰਕੇ ਪਿੰਡ ਦੇ ਬੰਦੇ ਉਸ ਤੋਂ ਸਮਾਨ ਲੈ ਕੇ ਜਾਣ ਲੱਗੇ ਪਿਸ਼ੌਰਾ ਵੀ ਉਸਦੇ ਬਰਾਬਰ ਦੀ ਟੱਕਰ ਦਾ ਹਲਵਾਈ ਸੀ | ਦੋਵੇਂ ਇਕ ਦੂਜੇ ਨੂੰ ਟੱਕਰ ਦਿੰਦੇ ਸੀ ਪਰ ਪਿਸ਼ੌਰੇ ਨੇ ਜਿਹੜੇ ਵਿਹਲੜ ਸੱਦੇ ਸੀ ਉਨ੍ਹਾਂ ਨੇ ਸਵੇਰੇ ਨਸ਼ਾ ਪੱਤਾ ਕਰਕੇ ਉਸ ਦੇ ਪਕੌੜਿਆਂ ਵਿਚ ਵੱਧ ਨਮਕ ਪਾ ਦਿੱਤਾ ਅਤੇ ਹਰ ਆਉਣ ਜਾਣ ਵਾਲੇ ਗਾਹਕ ਨੂੰ ਪੁੱਠਾ ਸਿੱਧਾ ਬੋਲਣ ਲੱਗ ਪਏ, ਇਸ ਕਰਕੇ ਗਾਹਕ ਦੁਕਾਨ 'ਤੇ ਆਉਣ ਤੋਂ ਹਟਣ ਲੱਗ ਗਏ | ਇਸੇ ਤਰ੍ਹਾਂ ਹੀ ਚਾਹ ਪਤਾ ਨਹੀਂ ਉਨ੍ਹਾਂ ਨੇ ਕਿੰਨੀ ਕੁ ਵਾਰੀ ਪਿਸ਼ੌਰੇ ਤੋਂ ਬਣਾ ਕੇ ਪੀ ਲਈ ਦੁਪਹਿਰ ਹੋਈ ਤਾਂ ਉਨ੍ਹਾਂ ਨੇ ਪਿਸ਼ੌਰੇ ਨੂੰ ਕਿਹਾ ਕਿ ਅੱਜ ਦੀਵਾਲੀ ਹੈ ਤੇ ਸਾਡੇ ਦਾਰੂ ਦਾ ਵੀ ਇੰਤਜ਼ਾਮ ਕਰ | ਚਾਰ ਬੋਤਲਾਂ ਉਨ੍ਹਾਂ ਨੇ ਪਿਸ਼ੌਰੇ ਤੋਂ ਦਾਰੂ ਦੀਆਂ ਮੰਗਵਾ ਲਈਆਂ ਅਤੇ ਦਾਰੂ ਵੀ ਉੱਥੇ ਹੀ ਬੈਠ ਕੇ ਪੀਣ ਲੱਗ ਪਏ | ਸਗੋਂ ਸਮਾਨ ਤਾਂ ਪਿਸ਼ੌਰੇ ਦਾ ਕੀ ਵਿਕਣਾ ਸੀ | ਸਿਰਫ ਜਲੇਬੀਆਂ ਹੀ ਵਿਕੀਆਂ ਜੋ ਉਸ ਨੇ ਆਪ ਤਿਆਰ ਕੀਤੀਆਂ ਸਨ | ਪਕੌੜਿਆਂ ਵਿਚ ਤਾਂ ਉਹਦੇ ਵਿਹਲੜ ਯਾਰਾਂ ਨੇ ਨਮਕ ਵੱਧ ਪਾ ਤਾ ਸੀ | ਇਕ ਬੰਦਾ ਪਿੰਡ ਦਾ ਲੈ ਕੇ ਗਿਆ ਤੇ ਉਸਨੇ ਸਾਰੇ ਪਿੰਡ ਚ ਦੱਸ ਦਿੱਤਾ ਕਿ ਪਿਸ਼ੌਰੇ ਹਲਵਾਈ ਦੇ ਪਕੌੜੇ ਖਾਣ ਯੋਗ ਨਹੀਂ ਹਨ | ਇਧਰ ਦਰਬਾਰੇ ਦਾ ਸਾਰਾ ਸਮਾਨ ਵਧੀਆ ਵਿਕ ਗਿਆ ਤੇ ਉਸ ਨੂੰ ਚਾਰ ਪੈਸੇ ਵੀ ਜੁੜ ਗਏ | ਉਸ ਨੇ ਸੋਚਿਆ ਕਿ ਮੇਰੀ ਤਾਂ ਇਸ ਵਾਰ ਦੀਵਾਲੀ ਚਾਂਦੀ ਹੋ ਗਈ ਅਤੇ ਜਗ੍ਹਾ ਦੀ ਸਾਫ ਸਫਾਈ ਕਰਕੇ ਉਹ ਆਪਣੇ ਪਿੰਡ ਵੱਲ ਨੂੰ ਚਲਾ ਗਿਆ | ਦੂਜੇ ਪਾਸੇ ਪਿਸ਼ੌਰਾ ਅਜੇ ਵੀ ਆਪਣੇ ਪਕੌੜਿਆਂ ਨਾਲ ਮੱਥਾ ਮਾਰ ਰਿਹਾ ਸੀ ਜਿਨਾਂ ਨੂੰ ਉਸ ਦੇ ਯਾਰਾਂ-ਦੋਸਤਾਂ ਨੇ ਵੱਧ ਨਮਕ ਪਾ ਕੇ ਖ਼ਰਾਬ ਕਰ ਦਿੱਤਾ ਸੀ | ਵਿਹਲੜ ਯਾਰਾਂ ਨੇ ਪਿਸ਼ੌਰੇ ਤੋਂ ਦੋ ਦੋ ਕਿਲੋ ਪਕੌੜੇ ਪੈਕ ਕਰਾਏ ਤੇ ਜਲੇਬੀਆਂ ਲਈਆਂ, ਕੋਈ ਪੈਸਾ ਧੇਲਾ ਨਹੀਂ ਦਿੱਤਾ ਤੇ ਆਪਣੇ ਘਰ ਨੂੰ ਚਲੇ ਗਏ | ਪਿਸ਼ੌਰਾ ਬਾਅਦ ਵਿਚ ਸਮਾਨ ਪੈਕ ਕਰਕੇ ਘਰ ਨੂੰ ਆ ਗਿਆ ਤੇ ਆ ਕੇ ਸਾਰਾ ਹਿਸਾਬ ਕਿਤਾਬ ਕੀਤਾ | ਉਸ ਨੇ ਜਿੰਨੇ ਪੈਸੇ ਸਮਾਨ 'ਤੇ ਖਰਚੇ ਸਨ, ਉਹ ਵੀ ਪੂਰੇ ਨਹੀਂ ਹੋਏ | ਇਸ ਲਈ ਉਸ ਦੀ ਦੀਵਾਲੀ ਤਾਂ ਰੁਪਈਆ ਹੀ ਬਣ ਕੇ ਰਹਿ ਗਈ ਕਿਉਂਕਿ ਬੰਦਾ ਜਿੱਦਾਂ ਦੀ ਸੰਗਤ ਵਿਚ ਬੈਠਦਾ ਹੈ, ਉਦਾਂ ਦਾ ਹੀ ਢਲ ਜਾਂਦਾ ਹੈ | ਉਸ ਦੀ ਦੀਵਾਲੀ ਉਸ ਦੇ ਵਿਹਲੜ ਯਾਰਾਂ ਨੇ ਖ਼ਰਾਬ ਕਰ ਦਿੱਤੀ | ਹੁਣ ਪਿਸ਼ੌਰਾ ਰਾਤ ਨੂੰ ਅਸਮਾਨ ਵੱਲ ਚੱਲ ਰਹੀਆਂ ਆਤਿਸ਼ਬਾਜ਼ੀਆਂ ਵੱਲ ਦੇਖ ਰਿਹਾ ਸੀ ਤੇ ਨਾਲੇ ਉਨ੍ਹਾਂ ਵਿਹਲੜ ਯਾਰਾਂ ਬਾਰੇ ਸੋਚ ਰਿਹਾ ਸੀ ਜਿਨਾਂ ਨਾਲ ਬੈਠ ਕੇ ਉਹਨੇ ਆਪਣੀ ਦੁਕਾਨਦਾਰੀ ਖ਼ਰਾਬ ਕਰ ਲਈ | ਸਿਆਣੇ ਕਹਿੰਦੇ ਹਨ ਵਿਹਲੜਾਂ ਤੋਂ ਬਚੋ | ਵਿਹਲੜ ਯਾਰ ਦੋਸਤ ਮਾੜੇ ਨਹੀਂ ਪਰ ਜਿਹੜੇ ਨਸ਼ਾ ਪੱਤਾ ਕਰਦੇ ਆ ਉਹ ਬਹੁਤ ਮਾੜੇ ਨੇ ਜਿੰਨਾ ਹੋ ਸਕਦਾ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ |
-ਪਿੰਡ ਪੰਡੋਰੀ ਬੀਤ, ਹੁਸ਼ਿਆਰਪੁਰ |
ਮੋਬਾਈਲ : 99159-17311