ਫਿਲੌਰ, 1 ਨਵੰਬਰ (ਸਤਿੰਦਰ ਸ਼ਰਮਾ)-ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਤਖਤਗੜ੍ਹ ਸਾਹਿਬ ਫਿਲੌਰ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਅਰਦਾਸ ਉਪਰੰਤ ਇਹ ਨਗਰ ਕੀਰਤਨ ਬੈਂਡ ਬਾਜਿਆਂ ਦੀ ਧੁੰਨ ਨਾਲ ਆਰੰਭ ਹੋਇਆ, ਸੰਗਤਾਂ ਵਲੋਂ ਥਾਂ-ਥਾਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ | ਕੀਰਤਨੀ, ਢਾਡੀ ਜਥਿਆਂ ਨੇ ਗੁਰੂ ਸਾਹਿਬ ਦੀ ਜੀਵਨੀ 'ਤੇ ਵਿਸਥਾਰਪੂਰਵਕ ਚਾਨਣਾ ਪਾਇਆ | ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟ ਆਲੋਵਾਲ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਵਿਚ ਬੈਠੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ 'ਤੇ ਚੱਲਦੇ ਹੋਏ ਸਮੁੱਚੀ ਮਾਨਵਤਾ ਦੀ ਸੇਵਾ ਲਈ ਸੁਹਿਰਦ ਉਪਰਾਲੇ ਕਰੀਏ | ਇਸ ਮੌਕੇ ਉਚੇਚੇ ਤੌਰ 'ਤੇ ਬਲਦੇਵ ਸਿੰਘ ਖਹਿਰਾ ਸਾਬਕਾ ਅਕਾਲੀ ਵਿਧਾਇਕ ਫਿਲੌਰ, ਆਪ ਹਲਕਾ ਫਿਲੌਰ ਦੇ ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ, ਜਥੇਦਾਰ ਮਹਾਂ ਸਿੰਘ ਰਸੂਲਪੁਰ, ਪਰਦੀਪ ਸਿੰਘ ਦੁਸਾਂਝ, ਸਮਾਜ ਸੇਵੀ ਰਿੰਕਾ ਪਾਸੀ, ਮਨਜੀਤ ਸਿੰਘ ਨੰਗਲ, ਰਵਿੰਦਰਵੀਰ ਸਿੰਘ ਗੰਨਾਪਿੰਡ, ਭੁਪਿੰਦਰ ਸਿੰਘ, ਬਾਬਾ ਸਰੂਪ ਸਿੰਘ ਬੱਛੋਵਾਲ, ਪਰਮਜੀਤ ਭਾਰਤੀ, ਸਨਅਤਕਾਰ ਅਮਰੀਕ ਸਿੰਘ ਵਿਰਦੀ, ਅਮਰੀਕ ਸਿੰਘ ਬਿੱਟੂ, ਯਾਦਵਿੰਦਰ ਸਿੰਘ, ਮਨਦੀਪ ਸਿੰਘ ਸ਼ਾਹਪੁਰ, ਪ੍ਰਬੰਧਕ ਕਮੇਟੀ ਮੈਂਬਰਜ਼ ਅਤੇ ਇਲਾਕੇ ਭਰ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |