ਮਲਸੀਆਂ, 21 ਨਵੰਬਰ (ਦਲਜੀਤ ਸਿੰਘ ਸਚਦੇਵਾ)- ਪਿੰਡ ਬਿੱਲੀ ਬੜੈਚ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਿੱਲ ਵੈੱਲਫੇਅਰ ਚੈਰੀਟੇਬਲ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤੇ ਗਏ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਨੂੰ ਸਫ਼ਲ ਬਣਾਉਣ ਲਈ ਗਿੱਲ ਵੈੱਲਫ਼ੇਅਰ ਸੁਸਾਇਟੀ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਮੰਗੂ ਨੇ ਸਮਾਜ ਸੇਵਕਾਂ ਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ | ਗਿੱਲ ਵੈੱਲਫੇਅਰ ਚੈਰੀਟੇਬਲ ਸੁਸਾਇਟੀ ਲੰਬੇ ਸਮੇਂ ਤੋਂ ਇਲਾਕੇ ਵਿਚ ਸਮਾਜ ਸੇਵਾ ਦੇ ਕਾਰਜਾਂ ਵਿਚ ਸਰਗਰਮ ਰਹੀ ਹੈ, ਜਿਸ ਵਿਚ ਸਿੱਖਿਆ, ਸਿਹਤ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਸ਼ਾਮਲ ਹੈ | ਲੜਕੀਆਂ ਦੇ ਵਿਆਹ ਵਿਚ ਸਹਿਯੋਗ ਦੇਣਾ ਉਨ੍ਹਾਂ ਦੀਆਂ ਪ੍ਰਮੁੱਖ ਸੇਵਾਵਾਂ ਵਿੱਚੋਂ ਇੱਕ ਹੈ, ਜਿਸ ਰਾਹੀਂ ਉਹ ਅਜਿਹੇ ਪਰਿਵਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹਨ, ਜੋ ਆਰਥਿਕ ਤੰਗੀਆਂ ਕਾਰਨ ਆਪਣੀਆਂ ਧੀਆਂ ਦੇ ਵਿਆਹ ਨਹੀਂ ਕਰ ਸਕਦੇ | ਮੰਗੂ ਨੇ ਕਿਹਾ ਕਿ ਅਜਿਹੇ ਨੇਕ ਕਾਰਜ ਕਿਸੇ ਇਕ ਵਿਅਕਤੀ ਜਾਂ ਸੰਸਥਾ ਦੇ ਵੱਸ ਦੀ ਗੱਲ ਨਹੀਂ ਹੁੰਦੀ, ਇਹ ਸਮੂਹਿਕ ਯਤਨਾਂ ਦਾ ਨਤੀਜਾ ਹੁੰਦੇ ਹਨ |