ਜਲੰਧਰ, 1 ਅਗਸਤ (ਐੱਮ. ਐੱਸ. ਲੋਹੀਆ) - ਅੱਜ ਸਵੇਰੇ ਕੰਮ ’ਤੇ ਜਾਣ ਲਈ ਕਪੂਰਥਲਾ ਰੋਡ ’ਤੇ ਬੈਠੇ ਮਜ਼ਦੂਰਾਂ ’ਤੇ ਅਚਾਨਕ ਹੀ ਇਕ ਬੇਕਾਬੂ ਹੋਈ ਤੇਜ਼ ਰਫ਼ਤਾਰ ਕਾਰ ਜਾ ਚੜ੍ਹੀ, ਇਸ ਹਾਦਸੇ ’ਚ 3 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਕੁਝ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਇਸ ਭਿਆਨਕ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਦੀ ਸਹਾਇਤਾ ਲਈ ਤੁਰੰਤ ਇਲਾਕੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਪੁਲਿਸ ਅਤੇ ਐੰਬੂਲੈਂਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਤੁਰੰਤ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਪ੍ਰਤੱਖ ਦਰਸ਼ੀਆਂ ਅਨੁਸਾਰ ਹਾਦਸਾ ਇੰਨਾ ਜਬਰਦਸਤ ਸੀ ਕਿ ਕਾਰ ਦੇ ਏਅਰ ਬੈਗ ਖੁਲ੍ਹ ਗਏ ਅਤੇ ਕਾਰ ਸਮੇਤ ਉੱਥੇ ਪਏ ਸਮਾਨ ਦਾ ਭਾਰੀ ਨੁਕਸਾਨ ਹੋ ਗਿਆ। ਕਾਰ ਚਾਲਕ ਅਨੁਸਾਰ ਉਸ ਦੀ ਕਾਰ ਦੀ ਰਫ਼ਤਾਰ ਆਮ ਸੀ, ਪਰ ਸੜਕ ’ਤੇ ਖੁਲ੍ਹੇ ਪਏ ਗੱਟਰ ’ਚ ਡਿੱਗ ਜਾਣ ਕਰਕੇ ਕਾਰ ਦਾ ਟਾਇਰ ਫੱਟ ਗਿਆ ਅਤੇ ਹਾਦਸਾ ਵਾਪਰ ਗਿਆ, ਜਦਕਿ ਮੌਕੇ ’ਤੇ ਮੌਜੂਦ ਲੋਕ ਇਸ ਨਾਲ ਸਹਿਮਤ ਨਹੀਂ ਸਨ। ਹਾਦਸੇ ਤੋਂ ਬਾਅਦ ਲੋਕਾਂ ਨੇ ਰੋਸ ਵਜੋਂ ਹੰਗਾਮਾ ਕੀਤਾ ਅਤੇ ਪੁਲਿਸ ਤੋਂ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਜਦੋਂ ਇਸ ਸਬੰਧੀ ਥਾਣਾ ਮੁਖੀ ਜੈਇੰਦਰ ਸਿੰਘ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਕਾਰ ਚਾਲਕ ਵਲੋਂ ਜ਼ਖ਼ਮੀਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਦੋਵਾਂ ਧਿਰਾਂ ਦਾ ਆਪਸ ’ਚ ਰਾਜ਼ੀਨਾਮ ਹੋ ਗਿਆ ਹੈ।