ਜਲੰਧਰ, 1 ਅਗਸਤ (ਐੱਮ. ਐੱਸ. ਲੋਹੀਆ) - ਛੋਟੀ ਬਾਰਾਂਦਰੀ ਪਾਰਟ-2, ਦੇ ਸਾਹਮਣੇ ਤਾਜ ਮਾਰਕੀਟ ਗੜ੍ਹਾ, ਜਲੰਧਰ ਵਿਖੇ ਰੋਇਲ ਸਪਾ ਦੇ ਨਾਮ ਹੇਠ ਚੱਲ ਰਹੇ ਮਸਾਜ ਸੈਂਟਰ ’ਤੇ ਕਾਰਵਾਈ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਦੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਵਲੋਂ ਦੇਹ ਵਪਾਰ ਦੇ ਚੱਲ ਰਹੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਏ.ਸੀ.ਪੀ. ਮਾਡਲ ਟਾਊਨ ਮਨਮੋਹਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਿਲੀ ਸੂਚਨਾ ਦੇ ਅਧਾਰ ’ਤੇ ਥਾਣਾ ਮੁਖੀ ਰਵਿੰਦਰ ਕੁਮਾਰ ਦੀ ਪੁਲਿਸ ਪਾਰਟੀ ਨੇ ਸਪਾ ਸੈਂਟਰ ’ਤੇ ਕਾਰਵਾਈ ਕਰਦੇ ਹੋਏ ਮੌਕੇ ’ਤੋਂ 3 ਲੜਕੀਆਂ ਅਤੇ ਇਕ ਲੜਕੇ ਨੂੰ ਕਾਬੂ ਕੀਤਾ ਅਤੇ ਉੱਥੋਂ ਇਤਰਾਜ਼ਯੋਗ ਸਮਾਨ ਵੀ ਬਰਾਮਦ ਹੋਇਆ ਹੈ। ਏ.ਸੀ.ਪੀ. ਨੇ ਜਾਣਕਾਰੀ ਦਿੱਤੀ ਕਿ ਮਾਮਲੇ ਸੰਬੰਧੀ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।