ਮਾਮਲਾ ਨਗਰ ਕੌਂਸਲ ਨਕੋਦਰ 'ਚ ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ ਨਾਲ ਛੇੜਛਾੜ ਦਾ
ਨਕੋਦਰ, 21 ਨਵੰਬਰ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਨਗਰ ਕੌਂਸਲ ਨਕੋਦਰ 'ਚ ਸਾਬਕਾ ਪ੍ਰਧਾਨ ਨਗਰ ਕੌਂਸਲ ਨਕੋਦਰ ਅਦਿੱਤਿਆ ਭਟਾਰਾ ਤੇ ਉਸ ਦੇ ਪਰਿਵਾਰ ਦੀਆਂ ਜ਼ਮੀਨਾਂ ਦੀ ਜਾਂਚ ਕਰਵਾਉਣ ਸੰਬੰਧੀ ਦਿੱਤੀ ਗਈ ਸ਼ਿਕਾਇਤ 'ਤੇ ਜਾਰੀ ਪੜਤਾਲ ਸਮੇਂ ਨਗਰ ਕੌਂਸਲ ਨਕੋਦਰ ਦੀ ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ 'ਚ ਮਿਲੀਭੁਗਤ ਕਰਕੇ ਛੇੜਛਾੜ ਕੀਤੇ ਜਾਣ ਦੇ ਦੋਸ਼ 'ਚ ਸਾਬਕਾ ਪ੍ਰਧਾਨ ਨਗਰ ਕੌਂਸਲ ਨਕੋਦਰ ਅਦਿੱਤਿਆ ਭਟਾਰਾ, ਮੌਜੂਦਾ ਪ੍ਰਧਾਨ ਨਗਰ ਕੌਂਸਲ ਨਕੋਦਰ ਨਵਨੀਤ ਐਰੀ ਅਤੇ ਮੁਅੱਤਲ ਚਲ ਰਹੇ ਕਲਰਕ ਅਸ਼ੋਕ ਕੁਮਾਰ 'ਤੇ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ | ਨਗਰ ਕੌਂਸਲ ਨਕੋਦਰ ਦੇ ਕਾਰਜਸਾਧਕ ਅਫ਼ਸਰ ਰਣਧੀਰ ਸਿੰਘ ਨੇ ਨਗਰ ਕੌਂਸਲਰ ਨਕੋਦਰ ਦੇ ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ ਨਾਲ ਹੋਈ ਛੇੜਛਾੜ ਬਾਰੇ ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ 'ਚ ਕਿਹਾ ਕਿ ਨਗਰ ਕੌਂਸਲ ਨਕੋਦਰ ਦੀ ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ 'ਚ ਨਕੋਦਰ ਸ਼ਹਿਰ ਦੀਆਂ ਲਾਲ ਲਕੀਰ ਵਾਲੀਆਂ ਪ੍ਰਾਪਰਟੀਆਂ ਦੇ ਇੰਦਰਾਜਾਂ ਦਾ ਰਿਕਾਰਡ ਵੱਖ-ਵੱਖ ਰਜਿਸਟਰਾਂ 'ਚ ਦਰਜ ਹੈ, ਜੋ ਦਫ਼ਤਰ ਦੇ ਕਮਰਾ ਨੰਬਰ 15 ਦੇ ਰਿਕਾਰਡ ਰੂਮ 'ਚ ਲਾਕਡ ਅਲਮਾਰੀਆਂ 'ਚ ਪਿਆ ਹੈ ਤੇ ਇਸ ਕਮਰੇ 'ਚ ਸੀ. ਸੀ. ਟੀ. ਵੀ. ਕੈਮਰਾ ਲੱਗਾ ਹੋਇਆ ਹੈ | 10 ਜਨਵਰੀ, 2025 'ਚ ਇਸ ਦਫ਼ਤਰ 'ਚ ਰਵੀਕੁਮਾਰ ਬਸਪਾ ਆਗੂ ਵਲੋਂ ਸਾਬਕਾ ਪ੍ਰਧਾਨ ਅਦਿੱਤਿਆ ਭਟਾਰਾ ਤੇ ਪਰਿਵਾਰ ਦੀਆਂ ਜ਼ਮੀਨਾਂ ਦੀ ਜਾਂਚ ਕਰਵਾਉਣ ਸੰਬੰਧੀ ਲਿਖਿਆ ਗਿਆ ਸੀ | ਇਨ੍ਹਾਂ ਜ਼ਮੀਨਾਂ ਪ੍ਰਾਪਰਟੀਆਂ ਦੀ ਪੜਤਾਲ ਪਿਛਲੇ 4-5 ਮਹੀਨਿਆਂ ਤੋਂ ਕੀਤੀ ਜਾ ਰਹੀ ਸੀ, ਜਿਸ ਬਾਰੇ ਸਾਬਕਾ ਪ੍ਰਧਾਨ ਅਦਿੱਤਿਆ ਭਟਾਰਾ ਭਲੀ-ਭਾਂਤੀ ਜਾਣੂ ਹਨ | ਇਸ ਤੋਂ ਇਲਾਵਾ ਇਸ ਸ਼ਿਕਾਇਤ ਸੰਬੰਧੀ ਮੁੱਖ ਚੌਕਸੀ ਅਫ਼ਸਰ, ਸਥਾਨਕ ਸਰਕਾਰਾਂ ਵਿਭਾਗ ਪੰਜਾਬ ਚੰਡੀਗੜ੍ਹ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਲੰਧਰ ਅਤੇ ਉਪ-ਮੰਡਲ ਮੈਜਿਸਟਰੇਟ ਨਕੋਦਰ ਵਲੋਂ ਰਿਪੋਰਟ ਮੰਗੀ ਜਾ ਰਹੀ ਹੈ, ਜੋ ਅਜੇ ਭੇਜੀ ਜਾਣੀ ਪੈਂਡਿੰਗ ਹੈ, ਕਿਉਂਕਿ ਅਜੇ ਪੜਤਾਲ ਜਾਰੀ ਹੈ | ਇਸ ਤੋਂ ਇਲਾਵਾ ਉਪ ਪੁਲਿਸ ਕਪਤਾਨ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵਲੋਂ ਆਪਣੇ ਦਫ਼ਤਰ ਦੇ ਪੱਤਰ ਨੰਬਰ 515/ਵਬ/ਰੇਂਜ ਜਲੰਧਰ 13 ਅਕਤੂਬਰ, 2023 ਰਾਹੀਂ ਇਕ ਸ਼ਿਕਾਇਤ ਦੀ ਪੜਤਾਲ 'ਚ ਅਦਿੱਤਿਆ ਭਟਾਰਾ ਤੇ ਪਰਿਵਾਰਕ ਮੈਂਬਰਾਂ ਨਾਲ ਸੰਬੰਧਿਤ ਪ੍ਰਾਪਰਟੀਆਂ ਬਾਰੇ ਜਾਣਕਾਰੀ ਮੁਹੱਇਆ ਕਰਵਾਉਣ ਲਈ ਦਫ਼ਤਰ ਨੂੰ ਲਿਖਿਆ ਗਿਆ ਸੀ, ਜਿਸ ਦੇ ਸੰਬੰਧ 'ਚ ਦਫ਼ਤਰ ਨਗਰ ਕੌਂਸਲ ਦੇ ਪੱਤਰ ਨੰਬਰ 3195 ਮਿਤੀ 10 ਨਵੰਬਰ, 2023 ਰਾਹੀਂ ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨੂੰ ਉਨ੍ਹਾਂ ਵਲੋਂ ਮੰਗੀ ਗਈ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਸੀ ਤੇ ਇਸ ਸੰਬੰਧਿਤ ਰਿਕਾਰਡ ਦੀਆਂ ਕਾਪੀਆਂ ਦਾ ਇਕ ਤਸਦੀਕਸ਼ੁਦਾ ਸੈੱਟ ਦਫ਼ਤਰ 'ਚ ਮੌਜੂਦ ਹੈ, ਪਰੰਤੂ ਬੀਤੇ ਦਿਨੀਂ 25 ਸਤੰਬਰ 2025, ਨੂੁੰ ਨੂਰਮਹਿਲ ਦੇ ਸੀਵਰੇਜ ਦੇ
ਮਸਲਿਆਂ ਸੰਬੰਧੀ ਡਿਪਟੀ ਕਮਿਸ਼ਨਰ ਜਲੰਧਰ ਦਫ਼ਤਰ ਵਿਖੇ ਮੀਟਿੰਗ ਅਟੈਂਡ ਕਰਨ ਲਈ ਉਨ੍ਹਾਂ ਨੂੰ ਜਾਣਾ ਪਿਆ | ਮੀਟਿੰਗ ਅਟੈਂਡ ਕਰਨ ਬਾਅਦ ਉਹ ਨੂਰਮਹਿਲ ਚਲੇ ਗਏ, ਜਿਸ ਕਾਰਨ 25 ਸਤੰਬਰ, 2025 ਨੂੰ ਉਹ ਨਗਰ ਕੌਂਸਲ ਨਕੋਦਰ ਮੌਜੂਦ ਨਹੀਂ ਸਨ | 26 ਸਤੰਬਰ 2025 ਨੂੰ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਕਿ 25 ਸਤੰਬਰ 2025 ਨੂੰ ਉਨ੍ਹਾਂ ਦੀ ਗੈਰ ਮੌਜ਼ੂਦਗੀ 'ਚ ਅਦਿੱਤਿਆ ਭਟਾਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਨਕੋਦਰ ਦਫ਼ਤਰ ਨਗਰ ਕੌਂਸਲ ਆਏ ਸਨ ਅਤੇ ਦਫ਼ਤਰ ਦੇ ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ ਦੇ ਕੁਝ ਰਜਿਸਟਰਾਂ ਨੂੰ ਅਦਿੱਤਿਆ ਭਟਾਰਾ ਸਾਬਕਾ ਪ੍ਰਧਾਨ ਨਗਰ ਕੌਂੰਸਲ ਨਕੋਦਰ ਪਾਸ ਲਿਜਾਇਆ ਗਿਆ ਸੀ | ਤੁਰੰਤ ਸਾਰੇ ਪ੍ਰਾਪਰਟੀ ਟੈਕਸ ਸ਼ਾਖਾ 'ਚ ਮੌਜੂਦ ਸਾਰੇ ਰਜਿਸਟਰਾਂ ਨੂੰ ਕਲਰਕ ਰਾਜੇਸ਼ ਕੁਮਾਰ ਪਾਸੋਂ ਆਪਣੇ ਕਮਰੇ 'ਚ ਮੰਗਵਾਇਆ ਗਿਆ |
ਪ੍ਰਾਪਰਟੀ ਟੈਕਸ ਸ਼ਾਖਾ ਦੇ ਸਾਰੇ ਸੰਬੰਧਿਤ ਕਰਮਚਾਰੀਆਂ ਨੂੰ ਆਪਣੇ ਕਮਰੇ 'ਚ ਬੁਲਾ ਕੇ ਪੁੱਛਿਆ ਗਿਆ ਕਿ ਉਹ ਕਿਹੜੇ ਰਜਿਸਟਰ ਸਨ, ਜਿਨ੍ਹਾਂ ਰਜਿਸਟਰਾਂ ਨੂੰ ਅਦਿੱਤਿਆ ਭਟਾਰਾ ਸਾਬਕਾ ਪ੍ਰਧਾਨ ਪਾਸ ਲਿਜਾਇਆ ਗਿਆ ਸੀ | ਪੜਤਾਲ ਤੋਂ ਸਾਹਮਣੇ ਆਇਆ ਕਿ ਅਸ਼ੋਕ ਕੁਮਾਰ ਕਲਰਕ ਵਲੋਂ ਸਾਲ 1994-95 (ਪ੍ਰਾਪਰਟੀ ਨੰ. 2024 ਏ ਤੇ 358 ਐਫ) ਅਤੇ ਰਜਿਸਟਰ ਨੰ. 3 (ਪ੍ਰਾਪਰਟੀ ਨੰ. 204 ਤੋਂ 309) ਨੂੰ ਅਦਿੱਤਿਆ ਭਟਾਰਾ ਕੋਲ ਲਿਜਾਇਆ ਗਿਆ ਸੀ | ਜਦੋਂ ਰਜਿਸਟਰਾਂ ਨੂੰ ਚੈੱਕ ਕੀਤਾ ਗਿਆ ਤਾਂ ਅਦਿੱਤਿਆ ਭਟਾਰਾ ਸਾਬਕਾ ਪ੍ਰਧਾਨ ਦੀਆਂ ਆਪਣੀਆਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਬੰਧਿਤ ਪ੍ਰਾਪਰਟੀਆਂ ਦੇ ਉਨ੍ਹਾਂ ਇੰਦਰਾਜਾਂ ਨੂੰ ਚੈੱਕ ਕੀਤਾ ਗਿਆ ਜਿਸ ਦੀ ਪੜਤਾਲ ਉਨ੍ਹਾਂ ਵਲੋਂ ਕੀਤੀ ਜਾ ਰਹੀ ਹੈ | ਜਦੋਂ ਉਨ੍ਹਾਂ ਵਲੋਂ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨੂੰ ਭੇਜੇ ਗਏ ਰਿਕਾਰਡ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਮਿਲਾਨ ਕੀਤਾ ਗਿਆ ਕਿ ਰਜਿਸਟਰ ਨੰ. 3 (ਪ੍ਰਾਪਰਟੀ ਨੰ. 204 ਤੋਂ 309) ਵਿਚ ਸੀਰੀਅਲ ਨੰ. 185/ਏ 'ਤੇ ਦਰਜ ਇੰਦਰਾਜ ਪ੍ਰਾਪਰਟੀ 276/ਏ ਨੂੰ ਮਿਟਾਇਆ ਗਿਆ ਹੈ | ਸੰਬੰਧਿਤ ਕਰਮਚਾਰੀਆਂ ਪਾਸੋਂ ਕੀਤੀ ਗਈ ਪੁੱਛ ਪੜਤਾਲ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਕਲਰਕ ਅਸ਼ੋਕ ਕੁਮਾਰ ਨੂੰ ਤੁਰੰਤ ਪ੍ਰਭਾਵ ਤੋਂ ਇਸ ਦਫ਼ਤਰ ਦੇ ਹੁਕਮ ਨੰ. 38 ਮਿਤੀ 26 ਸਤੰਬਰ, 2025 ਰਾਹੀਂ ਮੁਅੱਤਲ ਕਰ ਦਿੱਤਾ ਗਿਆ | ਦਫ਼ਤਰੀ ਦੀ ਮੁਢਲੀ ਜਾਂਚ 'ਚ ਮੁਅੱਤਲ ਕੀਤੇ ਗਏ ਕਲਰਕ ਅਸ਼ੋਕ ਕੁਮਾਰ ਵਲੋਂ 1 ਅਕਤੂਬਰ, 2025 ਨੂੰ ਦਿੱਤੇ ਗਏ ਬਿਆਨ 'ਚ ਕਿਹਾ ਗਿਆ ਕਿ ਉਹ 25 ਸਤੰਬਰ 2025 ਨੂੰ ਰੂਟੀਨ ਨਾਲ ਕੰਮ ਕਰ ਰਿਹਾ ਸੀ ਦਫ਼ਤਰੀ ਸਮੇਂ ਦੌਰਾਨ ਬਾਅਦ ਦੁਪਹਿਰ 01.15 ਵਜੇ ਤੋਂ 1.30 ਵਜੇ ਮੌਜੂਦਾ ਪ੍ਰਧਾਨ ਨਗਰ ਕੌਂਸਲ ਨਕੋਦਰ ਨਵਨੀਤ ਐਰੀ ਦਾ ਫੋਨ ਆਇਆ ਕਿ ਉਹ ਆਪਣੀ ਪ੍ਰਾਪਰਟੀ ਦੇ ਇੰਦਰਾਜ ਸੰਬੰਧੀ ਪ੍ਰਾਪਰਟੀ ਰਜਿਸਟਰ ਵੇਖਣਾ ਚਾਹੁੰਦੇ ਹਨ | ਇਸ ਉਪਰੰਤ ਸਾਬਕਾ ਪ੍ਰਧਾਨ ਅਦਿੱਤਿਆ ਭਟਾਰਾ ਦਫ਼ਤਰ ਨਗਰ ਕੌਂਸਲ ਆਏ ਤੇ ਉਨ੍ਹਾਂ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਪ੍ਰਾਪਰਟੀ ਨਾਲ ਸੰਬੰਧਿਤ ਨਗਰ ਕੌਂਸਲ ਦਾ ਪ੍ਰਾਪਰਟੀ ਰਜਿਸਟਰ ਵੇਖਣਾ ਚਾਹੁੰਦੇ ਹਨ | ਸਾਬਕਾ ਪ੍ਰਧਾਨ ਦੇ ਕਹਿਣ 'ਤੇ ਉਸ ਨੇ ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ ਰੂਮ ਕਮਰਾ ਨੰ. 15 ਵਿਚ ਪਈ ਪ੍ਰਾਪਰਟੀ ਟੈਕਸ ਰਿਕਾਰਡ ਦੀ ਅਲਮਾਰੀ ਦਾ ਤਾਲਾ ਖੋਲ੍ਹ ਕੇ ਪ੍ਰਾਪਰਟੀ ਰਜਿਸਟਰ ਨੰ. 3 ਪ੍ਰਾਪਰਟੀ ਨੰ. 204 ਤੋਂ 309 ਅਤੇ ਰਜਿਸਟਰ (ਸਾਲ 1994-95) ਨੰ. 540 ਤੋਂ 648 ਏ, 442-446, 204ਏ-358ਐਫ, 649-754 ਲੈ ਕੇ ਪ੍ਰਧਾਨ ਨਗਰ ਕੌਂਸਲ ਨਕੋਦਰ ਦੇ ਕਮਰੇ 'ਚ ਬੈਠੇ ਹੋਏ ਸਾਬਕਾ ਪ੍ਰਧਾਨ ਅਦਿੱਤਿਆ ਭਟਾਰਾ ਪਾਸ ਲੈ ਗਿਆ ਅਤੇ ਉਸ ਨੂੰ ਚਾਹ ਪਾਣੀ ਲੈ ਕੇ ਆਉਣ ਨੂੰ ਕਿਹਾ ਗਿਆ | ਇਸ ਦੌਰਾਨ ਮੌਜੂਦਾ ਪ੍ਰਧਾਨ ਨਵਨੀਤ ਨੀਤਾ ਵੀ ਆ ਗਏ ਤੇ ਆਪਣੇ ਕਮਰੇ 'ਚ ਚਲੇ ਗਏ | ਉਨ੍ਹਾਂ ਨੇ ਉਸ ਨੂੰ 200 ਰੁਪਏ ਦੇ ਕੇ ਪਕੌੜੇ ਲਿਆਉਣ ਲਈ ਕਿਹਾ | ਉਸ ਵੇਲੇ ਪ੍ਰਧਾਨ ਨਵਨੀਤ ਐਰੀ ਅਤੇ ਸਾਬਕਾ ਪ੍ਰਧਾਨ ਅਦਿੱਤਿਆ ਭਟਾਰਾ ਦੋਵੇਂ ਕਮਰੇ 'ਚ ਮੌਜੂਦ ਸਨ | ਮੌਜੂਦਾ ਪ੍ਰਧਾਨ ਨਵਨੀਤ ਐਰੀ ਨੇ ਉਸ ਨੂੰ ਉਨ੍ਹਾਂ ਦੀ ਪ੍ਰਾਪਰਟੀ ਸੰਬੰਧੀ ਵੀ ਰਜਿਸਟਰ ਲਿਆਉਣ ਨੂੰ ਕਿਹਾ | ਇਹ ਰਜਿਸਟਰ ਪ੍ਰਾਪਰਟੀ ਟੈਕਸ ਕਲਰਕ (ਆਊਟਸੋਰਸ) ਪਾਸ ਪਿਆ ਸੀ | ਇਹ ਰਜਿਸਟਰ ਉਹ ਮੌਜੂਦਾ ਪ੍ਰਧਾਨ ਕੋਲ ਲੈ ਆਇਆ | ਉਨ੍ਹਾਂ ਨੇ ਪ੍ਰਾਪਰਟੀ ਵੇਖਣ ਉਪਰੰਤ ਪ੍ਰਾਪਰਟੀ ਦੇ ਬਣਦੇ ਟੈਕਸ ਦੀ ਰਸੀਦ ਕਟਵਾਉਣ ਲਈ ਕਿਹਾ | ਇਸ ਉਪਰੰਤ ਪ੍ਰਧਾਨ ਦੇ ਕਮਰੇ 'ਚ ਰੱਖੇ ਰਜਿਸਟਰ ਨੰ. 3 ਪ੍ਰਾਪਰਟੀ ਨੰ. 204 ਤੋਂ 309 ਅਤੇ ਰਜਿਸਟਰ ਸਾਲ (1994-95) ਨੰ. 540 ਤੋਂ 648 ਏ, 442-446, 204 ਏ -358 ਐਫ, 649-754 ਕੁੱਲ 2 ਰਜਿਸਟਰ ਉਨ੍ਹਾਂ ਦੇ ਕਮਰੇ 'ਚੋਂ ਲੈ ਕੇ ਕਮਰਾ ਨੰ. 15 ਦੀ ਅਲਮਾਰੀ 'ਚ ਰੱਖ ਦਿੱਤੇ ਗਏ | ਇਸ ਤੋਂ ਇਲਾਵਾ ਪ੍ਰਧਾਨ ਨਗਰ ਕੌਂਸਲ ਵਲੋਂ ਮੰਗਵਾਇਆ ਰਜਿਸਟਰ ਵੀ ਸੰਬੰਧਿਤ ਕਲਰਕ ਕੋਲ ਰੱਖ ਦਿੱਤਾ | ਕਮਰਾ ਨੰ. 15 ਵਾਲੇ ਰਜਿਸਟਰ ਉਹ ਸਾਬਕਾ ਪ੍ਰਧਾਨ ਦੇ ਵਿਸ਼ਵਾਸ 'ਤੇ ਹੀ ਲੈ ਕੇ ਗਿਆ ਸੀ, ਉਸ ਨੂੰ ਜਾਣਕਾਰੀ ਨਹੀਂ ਸੀ ਕਿ ਰਜਿਸਟਰ ਨਾਲ ਛੇੜਛਾੜ ਕੀਤੀ ਜਾਵੇਗੀ | ਕਾਰਜ ਸਾਧਕ ਅਫ਼ਸਰ ਵਲੋਂ ਪੇਸ਼ ਰਿਪੋਰਟ ਤੇ ਤੱਥਾਂ 'ਤੇ ਪੁਲਿਸ ਨੇ ਸਾਬਕਾ ਪ੍ਰਧਾਨ ਅਦਿੱਤਿਆ ਭਟਾਰਾ, ਮੌਜੂਦਾ ਪ੍ਰਧਾਨ ਨਵਨੀਤ ਐਰੀ ਅਤੇ ਕਲਰਕ ਅਸ਼ੋਕ ਕੁਮਾਰ (ਮੁਅੱਤਲੀ ਅਧੀਨ) ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ |