ਜਲੰਧਰ, 30 ਦਸੰਬਰ (ਸ਼ਿਵ)- ਐਲ. ਐਂਡ. ਟੀ. ਕੰਪਨੀ ਨੇ ਕੁੱਝ ਸਮਾਂ ਪਹਿਲਾਂ ਲਤੀਫਪੁਰਾ ਦੀ 120 ਫੁੱਟੀ ਰੋਡ 'ਤੇ ਕਬਜ਼ਾ ਹੋਣ ਕਰਕੇ ਮੈਂਬਰੋ ਚੌਕ ਤੋਂ ਨਹਿਰੀ ਪਾਣੀ ਪ੍ਰਾਜੈਕਟ ਦੀਆਂ ਪਾਈਪਾਂ ਲਤੀਫਪੁਰਾ ਰੂਟ ਦੀ ਸੜਕ ਵੱਲ ਪਾਉਣ ਦੀ ਥਾਂ 'ਤੇ ਜੀ. ਟੀ. ਬੀ. (ਗੁਰੂ ਤੇਗ਼ ਬਹਾਦਰ) ਨਗਰ ਵਾਲੇ ਰੂਟ ਤੋਂ ਲੈ ਜਾਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਤੇ 9 ਦੇ ਕਰੀਬ ਪਾਈਪਾਂ ਪਾ ਦਿੱਤੀਆਂ ਸੀ | ਇਸ ਨਾਲ ਇਲਾਕੇ ਦੀਆਂ ਸੜਕਾਂ ਦੀ ਹਾਲਤ ਕਾਫੀ ਖ਼ਰਾਬ ਹੋ ਗਈ ਹੈ ਪਰ ਹੁਣ ਐਲ. ਐਂਡ. ਟੀ. ਕੰਪਨੀ ਵਲੋਂ ਲਤੀਫਪੁਰਾ ਰੂਟ 'ਤੇ ਇਨ੍ਹਾਂ ਪਾਈਪਾਂ ਨੂੰ ਪਾਉਣ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਜੀ. ਟੀ. ਬੀ. ਨਗਰ ਵੱਲ ਪਾਈਆਂ ਗਈਆਂ ਪਾਈਪਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ | ਮੈਂਬਰੋ ਚੌਕ ਤੋਂ ਜੀ. ਟੀ. ਬੀ. ਨਗਰ ਤੇ ਰੂਟ ਵੱਲ ਕੰਪਨੀ ਵਲੋਂ 9 ਪਾਈਪਾਂ ਪਾਈਆਂ ਗਈਆਂ ਸੀ ਪਰ ਕੰਪਨੀ ਨੇ ਅੱਜ ਤੱਕ ਕਰੀਬ 5 ਪਾਈਪਾਂ ਕੱਢ ਦਿੱਤੀਆਂ ਗਈਆਂ ਹਨ | ਦੱਸਿਆ ਜਾਂਦਾ ਹੈ ਕਿ ਹੁਣ ਬਾਕੀ ਬਚੀਆਂ 4 ਪਾਈਪਾਂ ਕੱਢ ਕੇ ਮੈਂਬਰੋ ਚੌਕ ਤੋਂ ਸਿੱਧੇ ਲਤੀਫਪੁਰਾ ਦੀ ਸੜਕ ਵੱਲ ਪਾਈਆਂ ਜਾਣਗੀਆਂ | ਬਾਕੀ ਪਾਈਪਾਂ ਕੱਢਣ ਦਾ ਕੰਮ ਵੀ ਕੁੱਝ ਸਮੇਂ ਵਿਚ ਪੂਰਾ ਹੋ ਜਾਵੇਗਾ | ਜਦੋਂ ਲਤੀਫਪੁਰਾ ਦੀ 120 ਫੁੱਟੀ ਰੋਡ ਤੋਂ ਪਾਈਪਾਂ ਪਾਉਣ ਦਾ ਕੰਮ ਨਾ ਕਰਕੇ ਜੀ. ਟੀ. ਬੀ. ਨਗਰ ਵਾਲੇ ਪਾਸੇ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਇਸ ਇਲਾਕੇ ਦੀਆਂ ਸੜਕਾਂ ਕਾਫੀ ਖ਼ਰਾਬ ਹੋ ਗਈਆਂ ਹਨ | ਬਰਸਾਤਾਂ ਵਿਚ ਚਿੱਕੜ ਹੋਣ ਕਰਕੇ ਲੋਕਾਂ ਨੂੰ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਸਗੋਂ ਹੁਣ ਵੀ ਇਸ ਸੜਕ ਦੇ ਖ਼ਰਾਬ ਹੋਣ ਕਰਕੇ ਅਕਸਰ ਹਾਦਸੇ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ | ਐਲ. ਐਂਡ. ਟੀ. ਕੰਪਨੀ ਨੇ ਜੀ. ਟੀ. ਬੀ. ਨਗਰ ਰੂਟ ਤੋਂ ਪਾਈਪਾਂ ਪਾਉਣ ਦਾ ਕੰਮ ਬੰਦ ਕਰਕੇ ਲਤੀਫਪੁਰਾ ਰੂਟ 'ਤੇ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਲਤੀਫਪੁਰਾ ਮੁੜ ਵਸਾਓ ਮੋਰਚਾ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਪਰ ਕੰਪਨੀ ਹੁਣ ਇਸ ਸੜਕ ਦੇ ਨੇੜੇ ਹੀ ਪਾਈਪਾਂ ਪਾਉਣ ਤੱਕ ਪੁੱਜ ਗਈ ਹੈ |