ਅੱਜ ਨੌਵੀਂ ਜਮਾਤ ਦਾ ਸਾਇੰਸ ਦਾ ਪੀਰੀਅਡ ਲੱਗਿਆ ਹੋਇਆ ਹੈ। ਸਾਇੰਸ ਅਧਿਆਪਕ ਸ੍ਰੀ ਸੁਰਿੰਦਰ ਗੋਇਲ ਇਕ-ਇਕ ਵਿਦਿਆਰਥੀ ਨੂੰ ਚੰਗੀ ਤਰ੍ਹਾਂ ਸਮਝਾ ਰਹੇ ਸਨ ਕਿ ਪਾਣੀ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ - ਤਰਲ, ਗੈਸ ਅਤੇ ਠੋਸ। ਫਿਰ ਉਨ੍ਹਾਂ ਨੇ ਉਦਾਹਰਣਾਂ ਦੇ ਕੇ ਦੱਸਿਆ ਕਿ 'ਪਾਣੀ ਦਾ ਤਰਲ ਰੂਪ ਤਾਂ ਉਹ ਹੈ, ਜੋ ਸਾਡੇ ਰੋਜ਼ਾਨਾ ਜੀਵਨ ਵਿਚ ਵਧੇਰੇ ਕਰਕੇ ਕੰਮ ਆਉਂਦਾ ਹੈ ਜਿਵੇਂ ਪੀਣ ਦੇ, ਕੱਪੜੇ ਧੋਣ ਦੇ ਵਗੈਰਾ; ਬਾਕੀ ਦੇ ਰੂਪਾਂ ਵਿਚ ਗੈਸ ਉਹ ਹੈ, ਜੋ ਬੱਦਲਾਂ ਦੇ ਰੂਪ ਵਿਚ ਮਿਲਦੀ ਹੈ, ਜਿਸ ਤੋਂ ਮੀਂਹ ਪੈਂਦਾ ਹੈ; ਠੋਸ ਰੂਪ ਹੈ- ਬਰਫ਼, ਜੋ ਅਸੀਂ ਫਰਿਜ ਵਿਚ ਆਈਸਕਰੀਮ ਦੇ ਰੂਪ ਵਿਚ ਜਮਾਉਂਦੇ ਹਾਂ।' ਸਾਰਾ ਕੁਝ ਸਮਝਾਉਣ ਪਿੱਛੋਂ ਅਧਿਆਪਕ ਨੇ ਅਗਲੇ ਦਿਨ ਇਹਨੂੰ ਯਾਦ ਕਰ ਕੇ ਆਉਣ ਨੂੰ ਕਿਹਾ।
ਅਗਲੇ ਦਿਨ ਲੱਗਭਗ ਹਰ ਵਿਦਿਆਰਥੀ ਨੇ ਪਹਿਲੇ ਦਿਨ ਸਮਝਾਏ ਅਧਿਆਪਕ ਦੇ ਉੱਤਰ ਨੂੰ ਹੀ ਇਨਬਿਨ ਦੱਸਿਆ। ਜਦੋਂ ਅਧਿਆਪਕ ਨੇ ਪਿਛਲੇ ਬੈਂਚ 'ਤੇ ਬੈਠੇ ਗੁਰਜੀਤ ਨੂੰ ਇਹੋ ਪ੍ਰਸ਼ਨ ਪੁੱਛਿਆ ਤਾਂ ਉਹ ਕੁਝ ਝਿਜਕਿਆ, ਫਿਰ ਇਕਦਮ ਬੋਲਿਆ, 'ਹੜ੍ਹ', ਜਮਾਤ ਵਿਚ ਸੰਨਾਟਾ ਜਿਹਾ ਛਾ ਗਿਆ। ਸ੍ਰੀ ਗੋਇਲ ਨੇ ਜਦੋਂ ਇਸ ਬਾਰੇ ਵਿਸਥਾਰ ਵਿਚ ਦੱਸਣ ਨੂੰ ਕਿਹਾ ਤਾਂ ਗੁਰਜੀਤ ਨੇ ਸਪੱਸ਼ਟ ਕੀਤਾ, 'ਅਸਲ ਵਿਚ ਪਾਣੀ ਦੀ ਇਕੋ ਅਵਸਥਾ ਹੜ੍ਹ ਹੀ ਹੈ, ਬਾਕੀ ਤਾਂ ਐਵੇਂ ਹੀ ਹਨ।'
'ਉਹ ਕਿਵੇਂ?'
ਅਧਿਆਪਕ ਦੇ ਪੁੱਛਣ 'ਤੇ ਗੁਰਜੀਤ ਉਦਾਸ ਹੋ ਕੇ ਬੋਲਿਆ, 'ਸਰ, ਪਾਣੀ ਨੇ ਸਾਡੇ ਘਰ ਘਾਟ ਬਰਬਾਦ ਕਰ ਦਿੱਤੇ, ਫ਼ਸਲਾਂ ਖ਼ਤਮ ਹੋ ਗਈਆਂ...।' ਇਸ ਤੋਂ ਬਾਅਦ ਉਹਦਾ ਗਲ਼ਾ ਭਰ ਆਇਆ, ਉਹਦਾ ਰੋਣ ਨਿਕਲ ਗਿਆ। ਅਧਿਆਪਕ ਨੇ ਉਹਦੇ ਕੋਲ ਜਾ ਕੇ ਉਹਨੂੰ ਹੌਸਲਾ ਦਿੱਤਾ ਤੇ ਬੋਲੇ, 'ਹਾਂ ਬਈ, ਤੂੰ ਠੀਕ ਕਹਿੰਦਾ ਹੈਂ, ਪਾਣੀ ਦੀ ਇਕ ਅਵਸਥਾ ਹੜ੍ਹ ਵੀ ਹੈ...।'
-1, ਲਤਾ ਗਰੀਨ ਐਨਕਲੇਵ, ਪਟਿਆਲਾ-147002.
ਮੋਬਾਈਲ : 94176-92015