ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮੋਟਰ-ਸਾਈਕਲ

Ad Position 21
No active advertisement
ਅਜੀਤ ਡੈਸਕ 23-11-2025

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਜਦੋਂ ਏਸ ਵਾਰ ਪੇਕੇ ਗਈ ਤਾਂ ਪਹਿਲਾਂ ਤਾਂ ਅੰਦਰੋਂ-ਅੰਦਰੀ ਡਰੇ ਕਿ '...ਭਾਬੀ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਮਂੈ ਕੀ ਦਿੱਤਾ...ਵੱਡੀਆਂ ਭੈਣਾਂ ਦੀਆਂ ਟੂੰਮਾਂ ਅੱਗੇ ਮੇਰੇ ਦਿੱਤੇ ਸੂਟਾਂ ਦਾ ਭੇਦ ਵੀ ਖੁੱਲ੍ਹ ਗਿਆ ਹੋਣਾ...ਮੈਨੂੰ ਕੀ ਸਮਝਣਾ ਉਹਨੇ...ਨਾਲੇ ਅੱਜਕਲ੍ਹ ਦੀਆਂ ਕੁੜੀਆਂ ਤਾਂ ਲਾਉਣ -ਪਾਉਣ ਦੀਆਂ ਵਧੇਰੇ ਹੀ ਸ਼ੌਕੀਨ ਹੁੰਦੀਆਂ ਨੇ....ਸਹੁਰਿਓਂ ਵੀ ਔਖੀ ਤੇ ਹੁਣ ਪੇਕੇ ਵੀ ਪਿੱਠ ਲੱਗ ਗਈ... ਚਲੋ ਕਈ ਨਾ...ਆਵਦੇ ਜੁਆਕਾਂ ਪਿੱਛੇ ਬਥੇਰਾ ਕੁਝ ਸੈਣਾ ਪੈਦਾਂ...।' ਇਹ ਗੱਲਾਂ ਸੁਰਜੀਤ ਦਾ ਦਿਲ ਬੰਨ੍ਹੀ ਰੱਖਦੀਆਂ । ਭਾਬੀ ਨਾਲ ਰੱਜ ਕੇ ਕੰਮ ਕਰਵਾਉਂਦੀ'...ਮੈਂ ਲਾਉਣੀ ਆਂ ...ਤੱਤੀਆਂ-ਤੱਤੀਆਂ...ਤੂੰ ਖਾ ਲੈ...ਰੋਜ਼ ਤੂੰ ਹੀ ਪਕਾਉਣੀ ਏ...ਕਦੇ ਨਣਾਨਾਂ ਦੇ ਹੱਥਾਂ ਦੀਆਂ ਵੀ ਖਾ ਲਿਆ ਕਰ...ਬੇਬੇ ਤੋਂ ਹੁਣ ਕਿੱਥੇ ਪੱਕਦੀਆਂ ਨੇ.....।' ਜਦੋਂ ਵੀ ਪੇਕੇ ਜਾਂਦੀ ਕਿੰਨੇ ਹੀ ਕੰਮ ਸੁਆਰ ਆਉਂਦੀ ਸੀ। ਜਦੋਂ ਕਦੇ ਤਿੰਨੇ ਭੈਣਾਂ ਇਕੱਠੀਆਂ ਹੋ ਜਾਂਦੀਆ ਤਾਂ ਦੂਜੀਆਂ ਦੋਵੇਂ ਇਹ ਸਮਝਦੀਆਂ ਕਿ ਪੇਕੇ ਆਈਆਂ ਨੇ ਤੇ ਭਾਬੀ ਬਣਾ ਕੇ ਖਵਾਊ। ਪਰ ਸੁਰਜੀਤ ਕੁਰ ਤਾਂ ਨਾਲ-ਨਾਲ ਲੱਗੀ ਰਹਿੰਦੀ ਸੀ। ਬੋਝ ਨਹੀਂ ਬਣਦੀ ਸੀ ਪੇਕਿਆਂ 'ਤੇ। ਭਾਬੀ ਵੀ ਹਰ ਦੁੱਖ-ਸੁੱਖ ਉਸ ਨਾਲ ਸਾਂਝਾ ਕਰ ਲੈਂਦੀ ਸੀ। ਬੇਬੇ-ਬਾਪੂ ਦੀਆਂ ਕਈ ਗੱਲਾਂ ਸੁਰਜੀਤ ਨੂੰ ਦੱਸ ਕੇ ਆਪਣਾ ਦਿਲ ਹੌਲਾ ਕਰ ਲੈਂਦੀ। ਦੋਵੇਂ ਨਣਾਨ-ਭਰਜਾਈ ਭੈਣਾਂ ਵਾਂਗ ਗੱਲਾਂ-ਬਾਤਾਂ ਕਰਦੀਆਂ ਸਨ। ਵੱਡੀਆਂ ਭੈਣਾਂ ਜਿੱਥੇ ਆਪਣੀ ਅਮੀਰੀ ਅਤੇ ਨਣਾਨਾਂ ਦੇ ਰਿਸ਼ਤੇ ਦੀ ਮਗਰੂਰੀ ਰੱਖਦੀਆਂ ਉਥੇ ਸੁਰਜੀਤ ਕੁਰ ਦਿਲੋਂ ਕਰਦੀ ਸੀ। ਆਖ਼ਿਰ ਸਹੀ ਭਾਵਨਾਵਾਂ ਦੀ ਕਦਰ ਤਾਂ ਪੈਂਦੀ ਹੀ ਹੈ। ਭਾਬੀ ਹਰ ਵੇਲੇ ਸੁਰਜੀਤ ਨੂੰ ਉਡੀਕਦੀ ਰਹਿੰਦੀ ਸੀ। '...ਪਤਾ ਨੀਂ ਇਹਨੇ ਕੀ ਸਿਰ ਧੂੜਿਆ ਭਾਬੀ ਦੇ...।' ਵੱਡੀਆਂ ਭੈਣਾਂ ਦੇ ਬੋਲਾਂ ਵਿਚ ਤਿੱਖਾ ਮਿਹਣਾ ਹੁੰਦਾ। ਸਮੇਂ ਦੀ ਕਿਸ਼ਤੀ ਵਿਚ ਸਵਾਰ ਰਿਸ਼ਤੇ ਦੀ ਅਮੀਰੀ, ਪੈਸਿਆਂ ਦੀ ਅਮੀਰੀ ਨਾਲੋਂ ਵਧੇਰੇ ਸਕੂੁਨ ਨਾਲ ਅੱਗੇ ਵਧ ਰਹੀ ਸੀ।
ਗਾਮਾ ਵੀ ਬਹੁਤ ਖੁਸ਼ ਸੀ ਕਿ ਸੁਰਜੀਤ ਦੀ ਸਿਆਣਪ ਨਾਲ ਮੋਟਰ-ਸਾਈਕਲ ਬਚ ਗਿਆ , ਨਹੀਂ ਤਾਂ ਔਰਤਾਂ ਤਾਂ ਪੇਕਿਆਂ ਦੇ ਘਰ ਕੋਈ ਪ੍ਰੁੋਗਰਾਮ ਹੋਵੇ ਤਾਂ ਆਵਦਾ ਘਰ ਪੱਟ ਲੈਂਦੀਆਂ ਨੇ। ਜਦੋਂ ਗਾਮਾ ਪੈੜ ਤੋਂ ਡਿਗਿਆ ਤਾਂ ਕਈ ਦਿਨ ਤਾਂ ਘਰੇ ਹੀ ਬੈਠਾ। ਰਿਹਾ। ਅੱਚਵੀ ਲੱਗੀ ਰਹਿੰਦੀ ਕੰਮ 'ਤੇ ਜਾਣ ਦੀ। ਮਰਦੀ ਦਿਹਾੜੀ ਦਾ ਫ਼ਿਕਰ ਮੱਥੇ ਦੀਆਂ ਲਕੀਰਾਂ ਨੂੰ ਹੋਰ ਡੂੰਘਾ ਕਰੀ ਜਾਂਦਾ ਸੀ।'....ਤੂੰ ਫ਼ਿਕਰ ਨਾ ਕਰਿਆ ਕਰ ਦੁੱਖ-ਸੁੱਖ ਤਾਂ ਸਰੀਰ ਦੇ ਨਾਲ ਹੀ ਨੇ... ਕੁੜੀਆਂ ਨੇ ਪੜ੍ਹ-ਲਿਖ ਕੇ ਆਪਾਂ ਨੂੰ ਬੋਝ ਨੀਂ ਦੇਣਾ...ਤੇਜੀ ਵੀ ਹੋਇਆ ਲੈ ਬਰਾਬਰ ਤੇਰੇ...ਜਿਹਨੇ ਚੁੰਝ ਲਾਈ ਏ...ਚੋਗਾ ਵੀ ਉਹਨੇ ਦੇਣਾ...।' ਸੁਰਜੀਤ ਦੇ ਬੋਲ ਗਾਮੇ ਦੀਆਂ ਰਗਾਂ ਵਿਚ ਊਰਜਾ ਭਰ ਦਿੰਦੇ। ਮੋਟਰ ਸਾਈਕਲ ਚਲਾਉਣ ਦੇ ਚਾਅ ਵਿਚ ਜੁਆਨੀ 'ਚ ਪੈਰ ਧਰਦਾ ਤੇਜੀ ਪਹਿਲਾਂ ਪਿਓ ਨੂੰ ਮੋਟਰ ਸਾਈਕਲ 'ਤੇ ਕੰਮ ਉੱਤੇ ਛੱਡ ਆਉਂਦਾ। ਸਕੂਲੋਂ ਮੁੜਦਾ, ਆਥਣੇ ਨਿੱਕੀ ਰਾਣਾ ਨੂੰ ਪਿੰਡੋਂ ਬਾਹਰ ਸਕੂਲ ਵਾਲੀ ਮੈਡਮ ਦੇ ਘਰ ਛੱਡ ਆਉਂਦਾ। ਨਾਲੇ ਰਾਣਾ ਮੈਡਮ ਨਾਲ ਕੰਮ ਕਰਾ ਦਿੰਦੀ ਨਾਲੇ ਪੜ੍ਹ ਆਉਂਦੀ। ਹੁਸ਼ਿਆਰ ਹੋਣ ਕਰਕੇ ਮੈਡਮ ਰਾਣਾ ਦੀ ਪੜ੍ਹਾਈ ਵਿਚ ਬਹੁਤ ਮਦਦ ਕਰਦੀ ਸੀ। ਤੇਜੀ ਆਥਣੇ ਪਹਿਲਾਂ ਪਿਓ ਨੂੰ ਲੈ ਆਉਂਦਾ ਤੇ ਫਿਰ ਭੈਣ ਨੂੰ...ਵਿਚਾਰਾ ਸਾਰਾ ਦਿਨ ਭੱਜਿਆ ਰਹਿੰਦਾ ਸੀ। ਚੜ੍ਹਦੀ ਉਮਰ 'ਚ ਮੋਟਰ-ਸਾਈਕਲ ਚਲਾਉਣ ਦਾ ਸਰੂਰ ਉਸ ਨੂੰ ਅਕੇਵਾਂ ਥਕੇਵਾਂ ਆਉਣ ਨਾ ਦਿੰਦਾ। ਆਥਣੇ ਜਦੋਂ ਸੁਰਜੀਤ ਕੁਰ ਮੋਟਰ-ਸਾਈਕਲ ਢਕਦੀ ਤਾਂ ਪਾਟੀ ਸੀਟ 'ਤੇ ਹੱਥ ਫੇਰਦੀ ਉਦਾਸ ਹੋ ਜਾਂਦੀ '...ਕਰਮਾਂ ਵਾਲਾ ਏਂ ਤੂੰ...ਸਾਡੇ ਨਾਲ ਲੱਗਿਆ ਰੈਣਾ...ਘਰ ਤੋਰਨ ਨੂੰ...ਕਿਤੇ ਤੇਰੀ ਵੀ ਜੂਨ ਸੁਧਰੂ...ਸਾਡੇ ਵਾਂਗ...ਬਸ ਹੁਣ ਤਾਂ ਕਿਸਮਤ ਖੇਡਦੀ ਆ...ਸ਼ਰੀਕਾਂ ਨੇ ਨਹੀਂ...ਪਰ ਤੂੰ ਤਾਂ ਬਥੇਰਾ ਸਾਥ ਦਿੱਤਾ...ਚੰਦਰਿਆ ਬੜਾ ਮੋਹ ਆਉਂਦਾ ਤੇਰਾ...ਸਵੇਰੇ ਵਗ ਜਾਣੈ ਘਰਂੋ...ਤਰਕਾਲਾਂ ਪੈ ਜਾਂਦੀਆਂ...।' ਬੇਜਾਨ ਚੀਜ਼ ਨਾਲ ਵੀ ਸੁਰਜੀਤ ਨੂੰ ਆਵਦੇ ਜੁਆਕਾਂ ਵਰਗਾ ਮੋਹ ਸੀ। ਜਿਵੇਂ ਨਿੱਕੇ ਹੁੰਦੇ ਤੇਜੀ ਨੂੰ ਪਿਆਰ ਨਾਲ ਸੰਵਾਰਦੀ ਸੀ ਉਵੇਂ ਹੀ ਮੋਟਰ -ਸਾਈਕਲ ਨੂੰ ਸਾਫ਼ ਰੱਖਦੀ। ਤੇਜੀ ਨੂੰ ਲੜਦੀ ਰਹਿੰਦੀ ਕਿ '... ਲੀੜਾ ਤਾਂ ਮਾਰਿਆ ਕਰ ਚਲਾਉਣ ਤੋਂ ਪਹਿਲਾਂ...।' ਧੁੱਪੇ ਖੜ੍ਹਾ ਹੁੰਦਾ ਤਾਂ ਤੜਫ ਉੱਠਦੀ '...ਕਿਵੇਂ ਮਚੀ ਜਾਂਦਾ ਧੁੱਪੇ...ਛਾਂ 'ਚ ਕਰ ਦੇ...ਇਹਨੇ ਕਿਹੜਾ ਬੋਲ ਕੇ ਦੱਸਣਾ... ਕਾਲਜਾ ਬਾਰ ਆਉਂਦਾ...ਇਹਦੀ ਹਾਲਤ ਦੇਖ ਕੇ...ਹੁਣ ਤਾਂ ਮੇਰੇ ਲਾਏ ਤੋਪੇ ਵੀ ਸੀਟ ਨਹੀਂ ਝੱਲਦੀ....ਤੀਜੇ ਦਿਨ ਉਦੇੜ ਮਾਰਦੀ ਆ...।'
ਸਿਆਣੇ ਕਹਿੰਦੇ ਨੇ ਕਿ ਦੁੱਖ-ਸੁੱਖ ਤਾਂ ਪ੍ਰਾਹਣਿਆਂ ਵਾਂਗ ਹੁੰਦੇ ਨੇ...ਜ਼ਿਆਦਾ ਦੇਰ ਕਿਸੇ ਘਰੇ ਟਿਕੇ ਨਹੀਂ ਰਹਿੰਦੇ। ਸਾਰੇ ਟੱਬਰ ਦੀ ਖੁਸ਼ੀ ਸ਼ਬਦਾਂ ਵਿਚ ਬਿਆਨ ਤੋਂ ਪਰੇ ਸੀ, ਜਦੋਂ ਰਾਣਾ ਨੌਕਰੀ ਲੱਗ ਗਈ ਤੇ ਪਿਓ ਦੇ ਹੱਥ ਪਹਿਲੀ ਕਮਾਈ ਲਿਆ ਕੇ ਫੜਾਈ। ਗਾਮੇ ਨੇ ਸਾਰੀ ਉਮਰ ਅੱਖਾਂ ਨੀਵੀਆਂ ਕਰਕੇ ਮਾਲਕ ਤੋਂ ਪੈਸੇ ਫੜੇ ਸਨ ਤੇ ਅੱਜ ਧੀ ਦੀ ਕਮਾਈ ਸਾਰੇ ਟੱਬਰ ਦੀਆਂ ਅੱਖਾਂ 'ਚ ਹੰਝੂਆਂ ਦੀ ਨਦੀ ਲੈ ਆਈ। ਭਾਵੇਂ ਕੁਝ ਰਹਿ ਜਾਦਾ ਪਰ ਮੋਟਰ-ਸਾਈਕਲ ਦੀ ਭਗਤ ਸੁਆਰਨ ਤੋਂ ਕੋਈ ਵੀ ਨਾ ਨਹੀਂ ਕਰ ਸਕਦਾ ਸੀ।
ਅੱਜ ਤੇਜੀ ਨਾਲ ਬਹਿਸ ਵੀ ਮੋਟਰ-ਸਾਈਕਲ ਕਰਕੇ ਹੀ ਸੀ। ਦੁਕਾਨ 'ਤੇ ਜਾ ਕੇ ਸੁਰਜੀਤ ਕੁਰ ਦੁਕਾਨਦਾਰ ਤੋਂ ਸੀਟ ਕਵਰ ਬਾਰੇ ਇੰਝ ਪੁੱਛ ਰਹੀ ਸੀ ਜਿਵੇਂ ਸੂਟ ਖਰੀਦਣਾ ਹੋਵੇ। ਭਾਵੇਂ ਤੇਜੀ ਮਾਂ ਦੀ ਗੱਲਬਾਤ ਤੋਂ ਖਿਝ ਰਿਹਾ ਸੀ। ਪਰ ਸਰਜੀਤ ਦੇ ਜਜ਼ਬਾਤ ਉਸ ਨੀਲੀ ਛੱਤ ਵਾਲੇ ਨੂੰ ਹੀ ਪਤਾ ਸਨ।'...ਕਰਮਾਂ ਆਲਾ ਏ...ਲਾੜੇ ਵਾਂਗ ਸਜਿਆ ਪਿਐ...ਕਿੰਨੀ ਪੋਲੀ ਸੀਟ...ਜਿਵੇਂ ਰੂੰ ਦੇ ਢੇਰ 'ਤੇ ਬੈਠੀ ਹੋਵਾਂ...।' ਪਿੰਡ ਨੂੰ ਸ਼ੂਕਦੇ ਜਾਂਦੇ ਮੋਟਰਸਾਈਕਲ 'ਤੇ ਪਿੱਛੇ ਬੈਠੀ ਸੁਰਜੀਤ ਤੇਜੀ ਨਾਲ ਗੱਲਾਂ ਕਰਦੀ ਤੇ ਸੀਟ ਕਵਰ ਨੂੰ ਪਲੋਸਦੀ ਹੋਈ ਆਈ ਬਸੰਤ ਦਾ ਸਵਾਗਤ ਕਰ ਰਹੀ ਸੀ। (ਸਮਾਪਤ)

-ਈ.ਟੀ.ਟੀ ਟੀਚਰ,
ਸ.ਪ.ਸ ਵਾਰਡ ਨੰ:23 ਫ਼ਰੀਦਕੋਟ।
ਮੋਬਾਈਲ : 95011-08280

Ad Position 22
No active advertisement
ਪਿਛਲੀ ਖ਼ਬਰ ਗੁਰੂ ਜੀ ਦਾ ਸੰਦੇਸ਼ ਅਗਲੀ ਖ਼ਬਰ ਕਰਤੱਵ ਦਾ ਪਾਲਣ ਕਰਨ ਵਾਲਾ ਵਿਅਕਤੀ ਕਦੇ ਵੀ ਨਿਰਾਸ਼ ਨਹੀਂ ਹੁੰਦਾ। ਸ. ਪਟੇਲ
Ad Position 24
No active advertisement