ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗੁਰੂ ਜੀ ਦਾ ਸੰਦੇਸ਼

Ad Position 21
No active advertisement
ਅਜੀਤ ਡੈਸਕ 23-11-2025

ਇਨ੍ਹਾਂ ਦਿਨਾਂ ਵਿਚ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਵਰ੍ਹਾ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਜੀ ਦੇ ਮਹਾਨ ਅਨੁਯਾਈਆਂ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀਆਂ ਸ਼ਹਾਦਤਾਂ ਲਈ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ। ਪੰਜਾਬ, ਹਰਿਆਣਾ, ਦਿੱਲੀ ਅਤੇ ਦੇਸ਼-ਵਿਦੇਸ਼ ਵਿਚ ਇਨ੍ਹਾਂ ਮਹਾਨ ਕੁਰਬਾਨੀਆਂ ਨੂੰ ਨਮਨ ਕੀਤਾ ਜਾ ਰਿਹਾ ਹੈ। ਕਿਸੇ ਵੀ ਮੁਲਕ ਦੇ ਇਤਿਹਾਸ ਵਿਚ ਕਈ ਵਾਰ ਕੁਝ ਅਜਿਹਾ ਵਾਪਰਦਾ ਹੈ, ਜਿਸ ਦੀ ਸਦੀਵੀ ਯਾਦ ਮਨਾਂ ਵਿਚ ਉਕਰ ਜਾਂਦੀ ਹੈ। ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਦਾ ਵਰਣਨ ਵੀ ਭਾਰਤੀ ਇਤਿਹਾਸ ਵਿਚ ਅਜਿਹੇ ਅੱਖਰਾਂ ਵਿਚ ਲਿਖਿਆ ਗਿਆ ਹੈ ਜੋ ਹਮੇਸ਼ਾ ਲਈ ਮਨਾਂ ਵਿਚ ਉਕਰੇ ਗਏ ਹਨ ਅਤੇ ਸਦੀਵੀ ਬਣ ਚੁੱਕੇ ਹਨ। ਗੁਰੂ ਜੀ ਦਾ ਜਨਮ ਸੰਨ 1621 ਈ. ਵਿਚ ਹੋਇਆ ਸੀ ਅਤੇ ਉਨ੍ਹਾਂ ਨੂੰ ਔਰੰਗਜ਼ੇਬ ਦੇ ਹੁਕਮਾਂ ਨਾਲ ਸਾਲ 1675 ਵਿਚ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਉਹ ਮਨੁੱਖੀ ਜਾਮੇ ਵਿਚ 54 ਸਾਲ ਹੀ ਰਹੇ ਪਰ ਆਪਣੀ ਹਯਾਤੀ ਵਿਚ ਜਿਸ ਤਰ੍ਹਾਂ ਉਨ੍ਹਾਂ ਨੇ ਸਮਾਂ ਗੁਜ਼ਾਰਿਆ। ਉਹ ਬੇਹੱਦ ਉਤਸ਼ਾਹ ਦੇਣ ਵਾਲਾ ਅਤੇ ਮਾਰਗਦਰਸ਼ਨ ਕਰਨ ਵਾਲਾ ਸੀ।
ਉਹ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ। ਮੁਢਲਾ ਸਮਾਂ ਉਨ੍ਹਾਂ ਕੀਰਤਪੁਰ ਸਾਹਿਬ ਵਿਚ ਆਪਣੇ ਪਿਤਾ ਜੀ ਨਾਲ ਬਤੀਤ ਕੀਤਾ। ਬਾਅਦ ਵਿਚ ਉਹ ਬਾਬਾ ਬਕਾਲਾ ਆ ਗਏ ਅਤੇ ਗੁਰੂ ਦੀ ਪਦਵੀ ਪ੍ਰਾਪਤ ਕਰਨ ਪਿੱਛੋਂ ਉਹ ਫੇਰ ਕੀਰਤਪੁਰ ਸਾਹਿਬ ਅਤੇ ਆਪਣੇ ਵਸਾਏ ਨਗਰ (ਹੁਣ ਅਨੰਦਪੁਰ ਸਾਹਿਬ) ਵਿਚ ਆ ਗਏ, ਜਿੱਥੋਂ ਚਲ ਕੇ ਉਨ੍ਹਾਂ ਨੇ ਸਮੇਂ ਦੀ ਤੁਅੱਸਬੀ ਹਕੂਮਤ ਨੂੰ ਵੰਗਾਰਿਆ ਅਤੇ ਮਨੁੱਖੀ ਹੱਕਾਂ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੀ ਬਾਣੀ ਆਦਿ ਗ੍ਰੰਥ ਵਿਚ ਸ਼ਾਮਿਲ ਕੀਤੀ। ਇਸ ਅਲਾਹੀ ਬਾਣੀ ਦੇ 59 ਸ਼ਬਦ ਅਤੇ 57 ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਜੋ ਅੱਜ ਤੱਕ ਸ਼ਰਧਾਲੂਆਂ ਦੇ ਮਨਾਂ ਨੂੰ ਸਮਰਪਣ ਅਤੇ ਉਤਸ਼ਾਹ ਦੀਆਂ ਭਾਵਨਾਵਾਂ ਨਾਲ ਸਰੋਬਾਰ ਕਰ ਰਹੇ ਹਨ। ਗੁਰੂ ਜੀ ਨੂੰ ਅਨੇਕਾਂ ਪ੍ਰਵਚਨਾਂ ਨਾਲ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ 'ਹਿੰਦ ਦੀ ਚਾਦਰ' ਵੀ ਕਿਹਾ ਜਾਂਦਾ ਹੈ ਅਤੇ 'ਸ਼ਹੀਦਾਂ ਦੇ ਸਰਤਾਜ' ਵੀ ਅਤੇ ਗੁਰੂ ਗੋਬਿੰਦ ਸਿੰਘ ਜੀ ਅਨੁਸਾਰ
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥
ਅਤੇ
ਸੀਸੁ ਦੀਆ ਪਰ ਸਿਰਰੁ ਨ ਦੀਆ

ਦੀਆਂ ਉੱਤਮ ਭਾਵਨਾਵਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਬਿਨਾਂ ਸ਼ੱਕ ਉਨ੍ਹਾਂ ਦੇ ਜੀਵਨ 'ਤੇ ਝਾਤੀ ਮਾਰਿਆਂ ਅਤੇ ਬਾਣੀ ਪੜ੍ਹਦਿਆਂ ਉਸ 'ਚੋਂ ਤਿਆਗ, ਪਰਉਪਕਾਰ, ਸਾਧਨਾ, ਦਇਯਾ ਅਤੇ ਵੈਰਾਗ ਦੇ ਭਾਵ ਮਨਾਂ ਵਿਚ ਉਤਰ ਜਾਂਦੇ ਹਨ। ਉਨ੍ਹਾਂ ਨੇ ਦੇਸ਼ ਵਿਚ ਲਗਭਗ 19 ਸਾਲ ਯਾਤਰਾਵਾਂ ਕੀਤੀਆਂ ਅਤੇ ਹੰਕਾਰ, ਲਾਲਸਾ ਦੇ ਸ਼ਬਦਾਂ ਦੀਆਂ ਭਾਵਨਾਵਾਂ ਤਿਆਗ ਕੇ ਸਬਰ, ਸੰਤੋਖ ਅਤੇ ਨਿਰਲੇਪਤਾ ਦੀਆਂ ਭਾਵਨਾਵਾਂ ਨੂੰ ਮਨਾਂ ਵਿਚ ਵਸਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਸਿੱਖ ਸਿਧਾਂਤਾਂ ਅਨੁਸਾਰ ਅਮਲੀ ਰੂਪ ਵਿਚ ਸੰਗਤ ਅਤੇ ਪੰਗਤ ਦੀ ਪ੍ਰਥਾ ਨੂੰ ਲਗਾਤਾਰ ਕਾਇਮ ਰੱਖਿਆ। ਆਪਣੇ ਜੀਵਨ ਕਾਲ ਵਿਚ ਉਨ੍ਹਾਂ ਨੇ ਆਪਣੀ ਸੋਚ ਅਤੇ ਭਾਵਨਾਵਾਂ ਨੂੰ ਹੋਰ ਵੀ ਨਿਖਾਰ ਦੇਣ ਲਈ ਉਦਾਸੀਆਂ, ਬ੍ਰਾਹਮਣਾਂ, ਬੋਧੀਆਂ, ਜੋਗੀਆਂ ਅਤੇ ਸੂਫ਼ੀਆਂ ਨਾਲ ਲਗਾਤਾਰ ਗੋਸ਼ਟਾਂ ਜਾਰੀ ਰੱਖੀਆਂ। 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦੇ ਸਿਧਾਂਤਾਂ ਨੂੰ ਉਨ੍ਹਾਂ ਨੇ ਦੇਸ਼ ਭਰ ਵਿਚ ਪ੍ਰਚਾਰਿਆ, ਜੋ ਅੱਜ ਵੀ ਸ਼ਰਧਾਲੂਆਂ ਦੇ ਮਨਾਂ ਵਿਚ ਉਨ੍ਹਾਂ ਪ੍ਰਤੀ ਸ਼ਰਧਾ ਤੇ ਵੈਰਾਗ ਦੀ ਭਾਵਨਾ ਪੈਦਾ ਕਰਦੇ ਹਨ।
ਸਦੀਆਂ ਪਹਿਲਾਂ ਇਕ ਅਜਿਹੀ ਅਜ਼ੀਮ ਸ਼ਖ਼ਸੀਅਤ ਦਾ ਧਰਤੀ 'ਤੇ ਆਉਣਾ ਇਕ ਅਜਿਹਾ ਮੁਆਜਜ਼ਾ ਸੀ, ਜੋ ਅੱਜ ਤੱਕ ਵੀ ਮਨਾਂ ਨੂੰ ਰੌਸ਼ਨ ਕਰ ਰਿਹਾ ਹੈ। ਅਸੀਂ ਗੁਰੂ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਆਪਣੀ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਜਿਨ੍ਹਾਂ ਨੇ ਭਾਰਤੀ ਇਤਿਹਾਸ ਨੂੰ ਚੇਤਨਾ ਅਤੇ ਅਮਲਾਂ ਦੇ ਤੌਰ 'ਤੇ ਇਕ ਨਵੇਂ ਮੋੜ 'ਤੇ ਲਿਆ ਖੜ੍ਹਾ ਕੀਤਾ ਸੀ।

-ਬਰਜਿੰਦਰ ਸਿੰਘ ਹਮਦਰਦ

 

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ-50 * ਗੁਰਦਿਆਲ ਰੌਸ਼ਨ * ਅਗਲੀ ਖ਼ਬਰ ਮੋਟਰ-ਸਾਈਕਲ
Ad Position 24
No active advertisement