ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗ਼ਜ਼ਲ ਉਸ ਨੇ ਛੇੜੀ-50 * ਗੁਰਦਿਆਲ ਰੌਸ਼ਨ *

Ad Position 21
No active advertisement
ਅਜੀਤ ਡੈਸਕ 23-11-2025

ਅੰਮ੍ਰਿਤਪਾਲ ਸਿੰਘ ਸ਼ੈਦਾ ਪੰਜਾਬੀ, ਹਿੰਦੀ ਤੇ ਉਰਦੂ ਵਿਚ ਬਰਾਬਰ ਗ਼ਜ਼ਲ ਲਿਖਣ ਵਾਲਾ ਕਲਮਕਾਰ ਹੈ। ਆਪਣੀਆਂ ਗ਼ਜ਼ਲਾਂ ਵਿਚ ਉਹ ਧਰਤੀ ਦੇ ਅਸਲੀ ਪੁੱਤਰਾਂ, ਮਿਹਨਤਕਸ਼ਾਂ, ਵਾਹੀਕਾਰਾਂ ਤੇ ਮਜ਼ਲੂਮ ਲੋਕਾਂ ਦੀ ਧਿਰ ਬਣਿਆਂ ਸਪੱਸ਼ਟ ਦਿਖਾਈ ਦਿੰਦਾ ਹੈ। ਉਹ ਚਾਹੁੰਦਾ ਹੈ ਕਿ ਉਦਾਸ ਪੱਤਝੜ ਪਿੱਛੋਂ ਬਹਾਰ ਪਰਤੇ ਅਤੇ ਉਸ ਦੀ ਮਹਿਕ ਹਰ ਘਰ ਵਿਚ ਪਹੁੰਚੇ। ਸ਼ੈਦਾ ਨੂੰ ਗ਼ਜ਼ਲ ਦੀ ਬਣਤਰ ਤੇ ਸੀਮਾਵਾਂ ਦੀ ਜਾਣਕਾਰੀ ਹੈ ਅਤੇ ਉਸ ਦੀਆਂ ਗ਼ਜ਼ਲਾਂ ਦੇ ਕਈ ਸ਼ਿਅਰਾਂ ਦੀ ਸ਼ਬਦਾਬਲੀ ਸੀਮਤ ਨਾ ਹੋ ਕੇ ਆਧੁਨਿਕ ਯੁੱਗ ਵਿਚ ਪ੍ਰਵੇਸ਼ ਹੋਏ ਨਵੇਂ ਸ਼ਬਦਾਂ ਤਕ ਫੈਲੀ ਹੋਈ ਹੈ, ਜੋ ਪ੍ਰਸ਼ੰਸਾਯੋਗ ਹੈ। ਸ਼ੈਦਾ ਨੇ ਭਾਸ਼ਾ ਵਿਭਾਗ ਵਿਚ ਵੀ ਸੇਵਾ ਨਿਭਾਈ ਹੈ ਤੇ ਅੱਜਕਲ੍ਹ ਉਹ ਆਪਣੇ ਨਿੱਜੀ ਕਾਰੋਬਾਰ ਵਿਚ ਮਸਰੂਫ਼ ਹੈ। ਸ਼ਾਇਰੀ ਉਸ ਨੂੰ ਵਿਰਸੇ ਵਿਚ ਮਿਲੀ ਹੈ, ਉਸ ਦੇ ਪਿਤਾ ਸ. ਗੁਰਬਖ਼ਸ਼ ਸਿੰਘ ਸ਼ੈਦਾ ਵੀ ਨਾਮਵਰ ਸ਼ਾਇਰ ਸਨ। ਉਸ ਦੀਆਂ ਅੱਧੀ ਦਰਜਨ ਤੋਂ ਉੱਤੇ ਕਿਤਾਬਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿਚ ਗ਼ਜ਼ਲ ਸੰਗ੍ਰਹਿ, ਅਨੁਵਾਦ ਤੇ ਸੰਪਾਦਿਤ ਸੰਗ੍ਰਹਿ ਸ਼ਾਮਿਲ ਹਨ। ਪੇਸ਼ ਹਨ ਸ਼ੈਦਾ ਦੀਆਂ ਦੋ ਗ਼ਜ਼ਲਾਂ- -ਮੋਬਾਈਲ : 99884-44002


ਸੂਹੇ ਬੁੱਲ੍ਹਾਂ 'ਤੇ ਥਿਰਕਦੇ ਹਾਸੇ ਹੋਏ ਜ਼ਰਦ, ਵੇਖ।
ਮਘਦਾ ਸੂਰਜ ਫ਼ਲਸਫ਼ੇ ਵਾਲਾ ਵੀ ਹੋਇਆ ਸਰਦ, ਵੇਖ।

ਇੰਞ ਹੀ ਜੀਣਾ ਮੁਨਾਸਿਬ ਹੈ ਤੁਹਾਡੇ ਵਾਸਤੇ,
ਆਖਦੈ, ਉਹ ਸਾਡੀ ਗਰਦਨ 'ਤੇ ਟਿਕਾ ਕੇ ਕਰਦ, ਵੇਖ।

ਸਾਡੇ ਹੱਥਾਂ ਵਿਚ ਮੁਬਾਇਲਾਂ ਦੇ ਅਲਾਦੀਨੀ ਚਿਰਾਗ਼,
ਛਾਈ ਜ਼ਿਹਨਾਂ 'ਤੇ ਨਸ਼ੀਲੇ ਸੁਫ਼ਨਿਆਂ ਦੀ ਗਰਦ, ਵੇਖ।

ਐ ਮਿਰੇ ਮਨ ਭੋਲਿਆ, ਹਉਮੈਂ ਤੂੰ ਕਿਹੜੀ ਪਾਲਦੈਂ,
ਰਾਤ ਤੇ ਦਿਨ ਵੀ ਤਾਂ ਇਕ ਦੂਜੇ ਦੇ ਨੇ ਹਮਦਰਦ, ਵੇਖ।

ਕਿਹੜੀ ਖ਼ੁਸ਼ਫ਼ਹਿਮੀ 'ਚ ਰਹਿੰਦੈਂ ਯਾਰ ਤੇਰਾ ਹੀ ਜ਼ਮੀਰ,
ਰਾਤ ਦਿਨ ਤੇਰੇ ਗੁਨਾਹਾਂ ਦੀ ਬਣਾਂਦੈ ਫ਼ਰਦ, ਵੇਖ।

ਵਕਤ ਹੈ ਬੇਕਿਰਕ ਤੇ 'ਸ਼ੈਦਾ' ਬਹੁਤ ਹੈ ਬੇਲਿਹਾਜ਼,
ਅੰਤ ਕਰ ਦਿੰਦਾ ਹੈ ਇਕ ਦਿਨ ਅੱਤ ਨੂੰ ਬੇਪਰਦ, ਵੇਖ।
*

 

*
ਕੌਮਾ, ਕੋਲਨ, ਸੈਮੀ-ਕੋਲਨ, ਤੇ ਕਿਤੇ ਡੰਡੀ ਮਿਲੀ।
ਹਰ ਸਫ਼ੇ 'ਤੇ ਹਰ ਸਤਰ ਕੁਝ ਇਸ ਤਰ੍ਹਾਂ ਵੰਡੀ ਮਿਲੀ।

ਦਿਨ ਢਲੇ ਤਕ ਆਸ ਦੀ ਲਾੜੀ ਸੁਹਾਗਣ ਸੀ, ਮਗਰ,
ਚਾਨਣੀ ਦੀ ਓੜ ਚੁੰਨੀ ਰਾਤ ਨੂੰ ਰੰਡੀ ਮਿਲ ਮਿਲੀ।

ਛਿਣ ਤਾਂ ਭਖਦੇ ਮਿਲ ਗਏ, ਜਦ ਵੀ ਕਦੇ ਮੰਗੇ ਅਸੀਂ,
ਬਰਫ਼ ਵਾਂਗੂੰ ਹੋਂਦ ਲੇਕਿਨ ਵਕਤ ਦੀ ਠੰਡੀ ਮਿਲ ਮਿਲੀ।

ਧੜ ਤਾਂ ਥਾਂ-ਥਾਂ ਕੌਡੀਆਂ ਦੇ ਭਾਅ ਹੀ ਵਿਕਦੇ ਮਿਲ ਗਏ,
ਪਰ ਸਿਰਾਂ ਵਾਲੀ ਨ ਕਿਧਰੇ ਵੀ ਕੋਈ ਮੰਡੀ ਮਿਲ ਮਿਲੀ।

ਜੀਭ ਵੱਢੀ, ਬੁੱਲ੍ਹ ਸੀਤੇ, ਸਿਰ 'ਤੇ ਲਟਕਾਈ ਛਵੀ,
ਨੈਣਾਂ ਵਿਚ ਲੇਕਿਨ ਬਿਫ਼ਰਦੀ ਰੋਹ ਦੀ ਚੰਡੀ ਮਿਲੀ।

ਵਕਤ ਦੇ ਇਤਿਹਾਸ ਨੂੰ ਕੁਝ ਸ਼ਬਦ ਦਿੱਤੇ ਨੇ ਅਮਿੱਟ,
ਜਦ ਕਦੀ ਸੋਚਾਂ ਨੂੰ ਫ਼ਰਜ਼ਾਂ ਤੋਂ ਹਰੀ ਝੰਡੀ ਮਿਲੀ।

ਬਸਤੀ ਨਜ਼ਰਾਂ ਦੀ ਤਾਂ ਸੁੰਨ-ਮਸਾਣ ਸੀ 'ਸ਼ੈਦਾ', ਮਗਰ,
ਖ਼ੂਨ-ਪੈੜਾਂ ਨਾਲ ਚਿੱਤਰੀ ਦਿਲ ਦੀ ਪਗਡੰਡੀ ਮਿਲੀ।

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕੀ-ਕੀ ਕਾਰਨ ਰਹੇ? ਅਗਲੀ ਖ਼ਬਰ ਗੁਰੂ ਜੀ ਦਾ ਸੰਦੇਸ਼
Ad Position 24
No active advertisement