ਗੁਰੂ ਤੇਗ਼ ਬਹਾਦਰ ਜੀ ਦੀ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਦਿਆਲਾ ਜੀ ਦੀਆਂ ਸ਼ਹੀਦੀਆਂ ਦੇ ਇਤਿਹਾਸਕਾਰ ਬਹੁਤ ਸਾਰੇ ਕਾਰਨ ਦੱਸਦੇ ਹਨ। ਸਭ ਤੋਂ ਵੱਡਾ ਕਾਰਨ ਹੈ ਕਿ ਸਮੇਂ ਦੀ ਮੁਗ਼ਲ ਹਕੂਮਤ ਇਸਲਾਮ ਤੋਂ ਇਲਾਵਾ ਦੂਜੇ/ਹੋਰ ਧਾਰਮਿਕ ਅਕੀਦਿਆਂ, ਵਿਸ਼ਵਾਸਾਂ ਅਤੇ ਪੱਧਤੀਆਂ ਅਤੇ ਇਨ੍ਹਾਂ ਨਾਲ ਜੁੜੇ ਸੱਭਿਆਚਾਰਾਂ, ਸੰਸਕ੍ਰਿਤੀਆਂ ਅਤੇ ਜੀਵਨ ਵਿਧੀਆਂ ਦੀ ਹੋਂਦ ਮਿਟਾਅ ਕੇ ਇਨ੍ਹਾਂ ਨੂੰ ਇਸਲਾਮ ਦੀ ਸ਼ਰਨ ਵਿਚ ਲਿਆ ਕੇ ਭਾਵ ਇਨ੍ਹਾਂ ਦਾ ਇਸਲਾਮੀਕਰਨ ਕਰਕੇ ਇਸ ਖਿੱਤੇ ਨੂੰ 'ਦਾਰ-ਉਲ-ਇਸਲਾਮ' ਬਣਾਉਣਾ ਚਾਹੁੰਦੀ ਸੀ। ਧਰਮ ਦੀ ਆਜ਼ਾਦੀ ਨੂੰ ਦਰਪੇਸ਼ ਚੁਣੌਤੀਆਂ ਵੱਲ ਗੁਰੂ ਨਾਨਕ ਦੇਵ ਜੀ ਨੇ ਇਸ਼ਾਰਾ ਕੀਤਾ ਸੀ। ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਵੇਲੇ ਜੋ ਸਥਿਤੀ ਵੇਖੀ ਸੀ, ਉਸ ਨੂੰ ਉਨ੍ਹਾਂ ਨੇ 'ਬਾਬਰਵਾਣੀ' ਵਿਚ ਬੜੇ ਭਾਵਪੂਰਤ ਸ਼ਬਦਾਂ ਵਿਚ ਰਾਗ ਆਸਾ ਵਿਚ ਅਭਿਵਿਅਕਤ ਕੀਤਾ ਹੈ-
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥
ਆਪੈ ਦੋਸੁ ਨ ਦੇਈ ਰਕਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ'॥
(ਅੰਗ : 360)
ਮੁਗ਼ਲ ਬਾਦਸ਼ਾਹ ਬਾਬਰ ਤੋਂ ਬਾਅਦ ਉਸਦੀਆਂ ਅਗਲੇਰੀਆਂ ਪੀੜ੍ਹੀਆਂ ਖ਼ਾਸ ਕਰਕੇ ਬਾਦਸ਼ਾਹ ਜਹਾਂਗੀਰ ਅਤੇ ਔਰੰਗਜ਼ੇਬ ਵੱਲੋਂ ਸਥਾਪਿਤ ਮੁਗ਼ਲ ਹਕੂਮਤ ਨੇ ਧਰਮ ਦੇ ਪਰੰਪਰਕ ਅਰਥਾਂ ਨੂੰ ਇਕਸਾਰ ਅਤੇ ਇਕਰੂਪ ਸੰਸਥਾਗਤ ਮਜ਼ਹਬ ਦੇ ਰੂਪ ਵਿਚ ਵੇਖਣ ਦੀ ਸੋਚ ਨੂੰ ਪ੍ਰਚਾਰਿਆ, ਅਜਿਹੀ ਸਥਿਤੀ ਵਿਚ ਆਮ ਰਿਆਇਆ ਦੇ ਮਨ ਵਿਚ ਖ਼ੌਫ਼ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਹੋ ਗਿਆ, ਕਿਉਂਕਿ ਜਿਸ ਰੂਪ ਵਿਚ ਮੁਗ਼ਲ ਹਕੂਮਤ ਇਸਲਾਮ ਨੂੰ ਜ਼ਬਰੀ ਨਾਫ਼ਿਜ਼ ਕਰ ਰਹੀ ਸੀ;
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ॥
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ॥
(ਅੰਗ : 471)
ਅਜਿਹੀ ਰਾਜਨੀਤਕ ਸਥਿਤੀ ਦੇ ਚਲਦਿਆਂ ਲੋਕ ਮਾਨਸਿਕ ਗ਼ੁਲਾਮੀ ਦੇ ਸ਼ਿਕਾਰ ਹੋਣਾ ਸ਼ੁਰੂ ਹੋ ਗਏ ਸਨ। ਕੋਈ ਵੀ ਰਾਜਾ ਇਨ੍ਹਾਂ ਦੀ ਰਾਖੀ ਕਰਨ ਦੇ ਕਾਬਲ ਨਹੀਂ ਰਿਹਾ ਸੀ। ਸੈਨਿਕ ਆਪਣਾ ਖੱਤਰੀ ਧਰਮ ਛੱਡ ਕੇ ਹਮਲਾਵਰਾਂ ਨਾਲ ਰਲ ਗਏ ਸਨ। ਗੁਰੂ ਨਾਨਕ ਦੇਵ ਜੀ ਰਾਗ ਧਨਾਸਰੀ ਵਿਚ ਫਰਮਾਉਂਦੇ ਹਨ;
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥
ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ॥
(ਅੰਗ : 662)
ਗੁਰੂ ਅਰਜਨ ਦੇਵ ਜੀ ਦਾ ਸਮਾਂ ਵੀ ਬੜਾ ਚੁਣੌਤੀ ਭਰਪੂਰ ਸੀ। ਉਸ ਵੇਲੇ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਇਸਲਾਮ ਦੇ ਹੱਕ ਵਿਚ ਦੂਜੇ ਧਰਮਾਂ 'ਤੇ ਮਾਨਤਾਵਾਂ ਦਾ ਦਮਨ ਕਰਨਾ ਆਰੰਭ ਕੀਤਾ। ਜਹਾਂਗੀਰ ਦੇ ਹੁਕਮ ਉਤੇ ਉਨ੍ਹਾਂ ਨੂੰ ਵੀ ਲਾਹੌਰ ਵਿਖੇ 30 ਮਈ, 1606 ਨੂੰ ਸ਼ਹੀਦ ਕਰ ਦਿੱਤਾ ਗਿਆ। ਮੁਗ਼ਲਾਂ ਵਲੋਂ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਜਾਂ ਮੱਤ ਵਿਚ ਆਸਥਾ ਰੱਖਣ ਵਾਲੇ ਲਈ ਕਾਫ਼ਿਰ ਦਾ ਦਰਜਾ ਐਲਾਨਿਆ ਹੋਇਆ ਸੀ। ਦੂਜੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਉਪਰ ਮਹਿਸੂਲ ਲਾਉਣਾ, ਜਜ਼ੀਆ ਕਰ ਲਾਉਣਾ, ਧਰਮ ਪਰਿਵਰਤਨ ਲਈ ਯਾਤਨਾਵਾਂ ਦੇਣਾ ਅਤੇ ਲਾਲਚ ਆਦਿ ਦੇ ਕੇ ਬਹੁਤ ਸਾਰੇ ਢੰਗਾਂ ਨਾਲ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾਂਦਾ ਸੀ;
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
(ਅੰਗ : 145)
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਾਵਾਰਾਂ ਪਹਿਨ ਕੇ ਸ਼ਾਸਤਰ ਅਤੇ ਸ਼ਸਤਰ ਦੀ ਲੋੜ ਨੂੰ ਪੂਰਾ ਕਰਨ ਦਾ ਉਪਰਾਲਾ ਕੀਤਾ। ਇਸ ਲਈ ਆਪਣੇ ਵਿਰਸੇ ਅਤੇ ਵਿਚਾਰਾਂ ਨੂੰ ਕਾਇਮ ਰੱਖਣ ਦੀ ਪਰੰਪਰਾ 'ਤੇ ਚਲਦਿਆਂ ਗੁਰੂ ਤੇਗ਼ ਬਹਾਦਰ ਜੀ ਨੇ ਦੂਜੇ/ਹੋਰਾਂ ਦੇ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਹਿੱਤ ਆਪਣੇ ਆਪ ਨੂੰ ਸ਼ਹੀਦੀ ਲਈ ਆਪ ਪੇਸ਼ ਕੀਤਾ।
ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਤੋਂ ਬਾਅਦ ਕਸ਼ਮੀਰ ਦੇ ਸੂਬੇਦਾਰ ਇਫ਼ਤਿਖ਼ਾਰ ਖ਼ਾਂ ਨੇ ਹਿੰਦੂਆਂ ਉਪਰ ਵਧੀਕੀਆਂ ਦੀ ਹੱਦ ਕਰ ਦਿੱਤੀ। ਕਸ਼ਮੀਰ ਦੇ ਕੁਝ ਬ੍ਰਾਹਮਣ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਪ੍ਰੇਸ਼ਾਨ ਹੋ ਕੇ ਅਮਰਨਾਥ ਮੰਦਰ ਵਿਚ ਇਕੱਠੇ ਹੋਏ ਅਤੇ ਸੰਕਟ-ਮੁਕਤੀ ਲਈ ਵਿਚਾਰ ਚਰਚਾ ਕੀਤੀ। ਸੰਕਟ ਦੇ ਨਿਵਾਰਨ ਲਈ ਪੰਡਿਤ ਕਿਰਪਾ ਰਾਮ ਨਿਵਾਸੀ ਮਟਨ, ਸ੍ਰੀਨਗਰ ਦੀ ਰਹਿਨੁਮਾਈ ਅਧੀਨ ਪੰਡਿਤ ਅਨੰਦਪੁਰ ਸਾਹਿਬ ਪੁੱਜੇ।ਉਨ੍ਹਾਂ ਨੂੰ ਔਰੰਗਜ਼ੇਬ ਵੱਲੋਂ ਧਰਮ ਪਰਿਵਰਤਨ ਕਰਨ ਲਈ ਕੀਤੇ ਜਾਂਦੇ ਜ਼ੁਲਮਾਂ ਅਤੇ ਤਸ਼ੱਦਦਾਂ ਦੀ ਕਥਾ ਸੁਣਾਈ। ਕਸ਼ਮੀਰੀ ਪੰਡਿਤਾਂ ਦੀ ਵਿਥਿਆ ਸੁਣ ਕੇ ਮਾਨਵਤਾ ਦੇ ਦਰਦ ਦੇ ਭਾਈਵਾਲ ਗੁਰੂ ਜੀ ਸੋਚਾਂ ਵਿਚ ਪੈ ਗਏ ਕਿ ਇਸ ਤਸ਼ੱਦਦ ਦਾ ਕਿਵੇਂ ਖ਼ਾਤਮਾ ਕੀਤਾ ਜਾਵੇ। ਬਾਲ ਗੋਬਿੰਦ ਰਾਏ ਜੋ ਉਦੋਂ ਕਰੀਬ ਨੌਂ ਵਰ੍ਹਿਆਂ ਦੇ ਸਨ, ਨੇ ਪਿਤਾ ਜੀ ਨੂੰ ਗੰਭੀਰ ਚੁੱਪ ਦੀ ਹਾਲਤ ਵਿਚ ਦੇਖ ਕੇ ਪੁੱਛਿਆ ਕਿ ਉਹ ਕਿਉਂ ਗੰਭੀਰ ਬੈਠੇ ਹਨ ? ਨਿਰਭਉ ਤੇ ਨਿਰਵੈਰ ਸਤਿਗੁਰ ਨੇ ਜਵਾਬ ਦਿੱਤਾ ਕਿ ਧਰਮ ਦੀ ਰਾਖੀ ਲਈ ਕਿਸੇ ਮਹਾਨ ਪੁਰਖ ਦੀ ਸ਼ਹਾਦਤ ਦੀ ਜ਼ਰੂਰਤ ਹੈ। ਬਾਲ ਗੋਬਿੰਦ ਰਾਏ ਨੇ ਸਹਿਜ ਸੁਭਾਵਕ ਕਿਹਾ ਕਿ ਇਸ ਮਹਾਨ ਬਲੀਦਾਨ ਲਈ ਉਨ੍ਹਾਂ ਤੋਂ ਵੱਡੀ ਆਤਮਾ ਜਾਂ ਮਹਾਂਪੁਰਖ ਸਮੁੱਚੇ ਦੇਸ਼ ਵਿਚ ਨਹੀਂ ਹੋ ਸਕਦਾ। ਗੁਰੂ ਸਾਹਿਬ ਨਾ ਕੇਵਲ ਆਪਣੇ ਲਈ ਸਗੋਂ ਹਰ ਕਿਸੇ ਦੀ ਧਾਰਮਿਕ ਸੁਤੰਤਰਤਾ ਦੇ ਹਿਮਾਇਤੀ ਸਨ। ਉਹ ਜਨੇਊ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ ਪਰ ਧੱਕੇ ਨਾਲ ਜਨੇਊ ਉਤਾਰਨ ਦੇ ਹੱਕ ਵਿਚ ਵੀ ਨਹੀਂ ਸਨ।
ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਜੀ ਅੱਗੇ ਤਿੰਨ ਪੇਸ਼ਕਸ਼ਾਂ ਰੱਖੀਆਂ। ਇਸਲਾਮ ਕਬੂਲ ਕਰਨਾ, ਕਰਾਮਾਤ ਵਿਖਾਉਣੀ ਜਾਂ ਮੌਤ ਪ੍ਰਵਾਨ ਕਰਨੀ। ਗੁਰੂ ਜੀ ਨੇ ਹਕੂਮਤ ਦੀਆਂ ਪਹਿਲੀਆਂ ਦੋਵੇਂ ਪੇਸ਼ਕਸ਼ਾਂ ਠੁਕਰਾਅ ਦਿੱਤੀਆਂ ਅਤੇ ਐਲਾਨ ਕੀਤਾ ਕਿ ਉਹ ਤਾਂ ਦੇਸ਼ ਦੀ ਬਹੁਗਿਣਤੀ ਦੇ ਧਰਮ ਦੀ ਰੱਖਿਆ ਅਤੇ ਸੁਤੰਤਰਤਾ ਲਈ ਸ਼ਹਾਦਤ ਦੇਣ ਵਾਸਤੇ ਆਏ ਹਨ। ਗੁਰੂ ਜੀ ਨੂੰ ਭੈਅ ਭੀਤ ਕਰਨ ਤੇ ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਨੂੰ ਡੁਲਾਉਣ ਲਈ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਪਰਮ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਜੀ ਨੂੰ ਦੇਗ਼ ਵਿਚ ਉਬਾਲ ਦਿੱਤਾ ਗਿਆ ਅਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਅੱਗ ਲਾ ਕੇ ਸਾੜ ਦਿੱਤਾ ਗਿਆ ਪਰ ਗੁਰੂ ਜੀ ਦੇ ਸਿੱਖਾਂ ਨੇ 'ਸੀ' ਤੱਕ ਨਾ ਕੀਤੀ ਅਤੇ ਗੁਰੂ ਜੀ ਵੀ ਸਭ ਕੁਝ ਵੇਖਦੇ ਹੋਏ ਅਡੋਲ ਰਹੇ। ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਨਾਲ ਗੁਰੂ ਤੇਗ਼ ਬਾਹਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਆਮ ਲੋਕਾਂ ਦੇ ਸਾਹਮਣੇ 11 ਨਵੰਬਰ, 1675 ਈ. ਨੂੰ ਧੜ ਨਾਲੋਂ ਸੀਸ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਗਿਆ।
ਗੁਰੂ ਨਾਨਕ ਦੇਵ ਜੀ ਦੁਆਰਾ ਵੇਈਂ ਨਦੀ 'ਚ ਚੁੱਭੀ ਮਾਰਨ ਉਪਰੰਤ ਗਿਆਨ ਪ੍ਰਾਪਤ ਹੋਣ ਬਾਅਦ ਆਰੰਭ ਹੋਏ ਨਾਨਕ ਪੰਥ ਨਾਲ 'ਹਲੀਮੀ ਰਾਜ' ਦੀ ਜੋ ਸਥਾਪਨਾ ਹੋਈ ਅਤੇ ਉਸ ਨਾਲ ਇਕ ਅਲੱਗ ਆਰਥਿਕਤਾ ਦਾ ਵਿਕਾਸ ਵੀ ਆਰੰਭ ਹੋਇਆ। ਇਸ ਆਰਥਿਕਤਾ ਦੇ ਅਮੂਰਤਨ 'ਚ 'ਤੇਰਾ ਹੀ ਤੇਰਾ' ਅਤੇ 'ਸਰਬੱਤ ਦਾ ਭਲਾ' ਦੀ ਵਿਚਾਰਧਾਰਾ ਦਾ ਦਰਸ਼ਨ ਕਾਰਜਸ਼ੀਲ ਸੀ। ਇਸ ਨਾਲ ਨਾਨਕ ਪੰਥ ਵਿਚ ਸਮਾਜ ਦੇ ਕਈ ਖਿੱਤਿਆਂ ਅਤੇ ਕਿੱਤਿਆਂ ਦੇ ਲੋਕ ਸ਼ਾਮਿਲ ਹੋਏ, ਜਿਨ੍ਹਾਂ 'ਚ ਵਪਾਰਕ ਧੰਦਿਆਂ ਨਾਲ ਸਬੰਧਿਤ ਲੋਕ ਸਨ। ਇਨ੍ਹਾਂ ਵਿਚ ਜ਼ਿਆਦਾਤਰ ਲੋਕ ਲੁਬਾਣੇ ਅਤੇ ਵਣਜਾਰੇ ਸਿੱਖ ਸਨ ਜੋ ਕਿ ਵਪਾਰ ਅਤੇ ਵਸਤਾਂ ਦੀ ਆਮਦੋ ਰਫ਼ਤ ਲਈ ਆਵਾਜਾਈ ਦੇ ਸਾਧਨਾਂ ਨਾਲ ਜੁੜੇ ਧੰਦਿਆਂ ਨਾਲ ਸਬੰਧਿਤ ਸਨ।
ਮੱਧਕਾਲੀ ਇਤਿਹਾਸ ਦੇ ਯੁੱਗ ਨੂੰ ਆਮ ਤੌਰ 'ਤੇ ਇਤਿਹਾਸਕਾਰ 'ਬਾਰੂਦ ਸਾਮਰਾਜਾਂ' ਦਾ ਕਾਲ ਕਿਹਾ ਜਾਂਦਾ ਹੈ ਜਿਵੇਂ ਕਿ ਔਟੋਮਾਨ, ਸਫ਼ਾਵਿਦ ਅਤੇ ਮੁਗ਼ਲ ਆਦਿ। ਬਾਰੂਦ ਦੀ ਤਾਕਤ ਨਾਲ ਇਸਲਾਮੀ ਹਕੂਮਤਾਂ ਵਿਸ਼ਵ ਦੇ ਮਹੱਤਵਪੂਰਨ ਭਾਗਾਂ ਵਿਚ ਕਾਇਮ ਹੋਈਆਂ। ਦੱਖਣ ਏਸ਼ੀਆ ਦੇ ਖਿੱਤੇ ਵਿਚ ਹਿੰਦੋਸਤਾਨ ਵਿਚ ਸ਼ੋਰਾ/Sa&tpetre ਖ਼ਾਸ ਕਰਕੇ ਉੱਤਰੀ ਖੇਤਰ ਵਿਚ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਸੀ, ਜੋ ਕਿ ਬਾਰੂਦ ਬਣਾਉਣ ਅਤੇ ਇਸਦੇ ਉਤਪਾਦਨ ਵਾਸਤੇ ਇਕ ਮਹੱਤਵਪੂਰਨ ਸਮੱਗਰੀ ਸੀ। ਇਸ ਕਰਕੇ ਇਸ ਦੀ ਬਾਰੂਦ ਸਾਮਾਰਾਜਾਂ ਦੇ ਨਿਰਮਾਣ ਅਤੇ ਸਥਾਪਨਾ ਵਿਚ ਮਹੱਤਵਪੂਰਨ ਭੂਮਿਕਾ ਰਹੀ। ਲੁਬਾਣਾ ਅਤੇ ਵਣਜਾਰਾ ਵਪਾਰੀਆਂ ਦੀ ਸ਼ੋਰੇ ਦੇ ਵਪਾਰ ਅਤੇ ਬਾਰੂਦ ਉਤਪਾਦਨ ਅਤੇ ਵਿਸ਼ਵ ਭਰ ਵਿਚ ਆਪਣੇ ਆਵਾਜਾਈ ਅਤੇ ਢੋਆ-ਢੁਆਈ ਦੇ ਸਾਧਨਾਂ ਰਾਹੀਂ ਆਪੂਰਤੀ ਕਰਨ ਵਿਚ ਮਹੱਤਵਪੂਰਨ ਭੂਮਿਕਾ ਰਹੀ।
ਪੰਦਰਵੀਂ ਸ਼ਤਾਬਦੀ ਵਿਚ ਲੁਬਾਣਾ ਅਤੇ ਵਣਜਾਰਾ ਕੌਮਾਂ ਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਅਪਣਾਅ ਕੇ ਸਿੱਖ ਪੰਥ ਧਾਰਨ ਕਰਨਾ ਆਰੰਭ ਕੀਤਾ। ਸ਼ੋਰੇ ਦੇ ਵਪਾਰ ਨਾਲ ਜੁੜੇ ਲੋਕਾਂ ਨੂੰ ਲੁਬਾਣਾ ਕਿਹਾ ਜਾਣ ਲੱਗਾ। 'ਲੂ' ਦਾ ਸ਼ਾਬਦਿਕ ਅਰਥ ਹੈ 'ਸ਼ੋਰਾ' ਅਤੇ 'ਬਾਣਾ' ਤੋਂ ਭਾਵ ਹੈ, ਵਪਾਰੀ।
ਲੁਬਾਣਾ ਅਤੇ ਵਣਜਾਰਾ ਵਪਾਰੀ ਸ਼ੋਰੇ ਨੂੰ ਉੱਤਰੀ ਹਿੰਦੋਸਤਾਨ ਖ਼ਾਸ ਕਰਕੇ ਬਿਹਾਰ, ਗੰਗਾ-ਯਮੁਨਾ ਦੇ ਮੈਦਾਨਾਂ ਅਤੇ ਪੰਜਾਬ ਦੇ ਵਿਸ਼ਾਲ ਇਲਾਕਿਆਂ ਤੋਂ ਇੱਕਠਾ ਕਰਕੇ ਆਪਣੇ ਟਾਂਡਿਆਂ (ਕਾਫਲਿਆਂ) ਰਾਹੀਂ ਗੁਜਰਾਤ ਵਿਚ ਸੂਰਤ ਦੀ ਬੰਦਰਗਾਹ ਤੱਕ ਲੈ ਕੇ ਆਉਂਦੇ ਅਤੇ ਅੱਗੋਂ ਸਮੁੰਦਰੀ ਜਹਾਜ਼ਾਂ ਦੁਆਰਾ ਮੱਧ ਏਸ਼ੀਆ, ਅਫ਼ਰੀਕਾ ਅਤੇ ਪੂਰਬੀ-ਪੱਛਮੀ ਯੂਰਪ ਦੇ ਮੁਲਕਾਂ ਵਿਚ ਪਹੁੰਚਾਉਂਦੇ ਸਨ। ਇਨ੍ਹਾਂ ਵਣਜਾਰਿਆਂ ਦੇ ਨਾਲ ਨਾਲ ਇਸ ਵਪਾਰ ਵਿਚ ਅੰਗਰੇਜ਼, ਡੱਚ ਅਤੇ ਹੋਰ ਪੱਛਮੀ ਕੌਮੀਅਤਾਂ ਦੇ ਵਪਾਰੀ ਵੀ ਸ਼ਾਮਿਲ ਸਨ। ਇਨ੍ਹਾਂ ਨੇ ਆਪਣੇ ਵਪਾਰ ਮਾਰਗਾਂ ਵਿਚ ਆਪਣੇ ਠਹਿਰਨ ਲਈ ਛੋਟੇ ਛੋਟੇ ਕਿਲ੍ਹੇ ਅਤੇ ਗੜ੍ਹ ਉਸਾਰੇ ਹੋਏ ਸਨ, ਇਨ੍ਹਾਂ ਨੂੰ ਵੀ ਟਾਂਡੇ ਜਾਂ ਕਾਰਵਾਂ ਕਿਹਾ ਜਾਂਦਾ ਸੀ। ਇਸ ਤੋਂ ਇਲਾਵਾ ਇਨ੍ਹਾਂ ਨੇ ਆਪਣੀ ਸੁਰੱਖਿਆ ਲਈ ਹਥਿਆਰਬੰਦ ਦਸਤੇ ਵੀ ਰੱਖੇ ਹੋਏ ਸਨ। ਮੁਗ਼ਲ ਬਾਦਸ਼ਾਹ ਅਕਬਰ ਨੇ ਵਣਜਾਰੇ-ਲੁਬਾਣੇ ਸਿੱਖਾਂ ਨੂੰ ਮੁਗ਼ਲ ਫ਼ੌਜ ਨੂੰ ਸ਼ੋਰੇ ਅਤੇ ਅਨਾਜ ਦੀ ਆਪੂਰਤੀ ਨਿਰਵਿਘਨ ਜਾਰੀ ਰੱਖਣ ਲਈ ਕਈ ਕਰ-ਛੋਟਾਂ ਅਤੇ ਪ੍ਰੋਤਸਾਹਨ ਸਹੂਲਤਾਂ ਪ੍ਰਦਾਨ ਕੀਤੀਆਂ ਹੋਈਆਂ ਸਨ।
ਮੱਧਕਾਲ ਵਿਚ ਪੂਰੀ ਦੁਨੀਆ ਅੰਦਰ ਇਸ ਸਾਰੇ ਵਪਾਰ ਵਿਚ ਵਣਜਾਰੇ-ਲੁਬਾਣੇ ਸਿੱਖਾਂ, ਪਾਰਸੀਆਂ, ਯਹੂਦੀਆਂ, ਚੀਨੀਆਂ ਅਤੇ ਯੂਰਪੀਆਂ ਦੀ ਮੁੱਖ ਭੂਮਿਕਾ ਸੀ। ਹਿੰਦੋਸਤਾਨ ਦੇ ਖਿੱਤੇ ਵਿਚ ਇਸ ਸਾਰੇ ਵਪਾਰ ਵਿਚ ਵਣਜਾਰੇ-ਲੁਬਾਣੇ ਸਿੱਖ ਭਾਰੂ ਸਨ, ਜਿਨ੍ਹਾਂ ਕੋਲ ਹਜ਼ਾਰਾਂ ਦੀ ਤਦਾਦ ਵਿਚ ਬੈਲ ਗੱਡਿਆਂ ਦੇ ਟਾਂਡੇ (ਕਾਫ਼ਲੇ) ਅਤੇ ਸੈਂਕੜੇ ਛੋਟੇ ਵੱਡੇ ਸਮੁੰਦਰੀ ਜਹਾਜ਼ ਸਨ। ਇਨ੍ਹਾਂ ਕੋਲ ਆਪਣੇ ਹਥਿਆਰਬੰਦ ਦਸਤਿਆਂ ਦੇ ਪ੍ਰਬੰਧ ਵੀ ਸਨ। ਇਨ੍ਹਾਂ ਵਣਜਾਰੇ ਸਿੱਖਾਂ ਕੋਲ ਜਲ ਅਤੇ ਥਲ ਮਾਰਗਾਂ ਵਿਚ ਚੱਲਣ ਦੀ ਮੁਹਾਰਤ ਹਾਸਿਲ ਸੀ ਜਦਕਿ ਯੂਰਪੀ ਵਪਾਰੀਆਂ ਕੋਲ ਕੇਵਲ ਸਮੁੰਦਰੀ ਮਾਰਗਾਂ 'ਤੇ ਚੱਲਣ ਦੀ ਜਾਚ ਸੀ।
(ਬਾਕੀ ਕੱਲ੍ਹ)
ਮੋਬਾਈਲ : 8283948811