ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮੋਹ ਵਿਹੂਣੇ ਰਿਸ਼ਤੇ

Ad Position 21
No active advertisement
ਅਜੀਤ ਡੈਸਕ 23-11-2025

ਅੱਜ ਗੋਪਾਲ ਸਿੰਘ ਬਾਅਦ ਦੁਪਹਿਰ ਢਾਈ ਵਜੇ ਹੀ ਪਾਰਕ ਵਿਚ ਆ ਗਿਆ ਸੀ। ਜਿਉਂ ਹੀ ਉਸ ਦੀ ਨਜ਼ਰ ਦੂਰ ਧੁੱਪੇ ਬੈਂਚ ਉੱਤੇ ਬੈਠੇ ਹੇਮ ਰਾਜ ਗੋਇਲ 'ਤੇ ਪਈ, ਉਸ ਦੇ ਚਿਹਰੇ ਉੱਤੇ ਸਹਿਜ ਸੁਭਾਅ ਹੀ ਮੁਸਕਰਾਹਟ ਆ ਗਈ। ਉਹ ਸਹਿਜ ਚਾਲ ਤੁਰਦਾ ਉਸ ਕੋਲ ਅੱਪੜ ਗਿਆ। ਉਸ ਵਲੋਂ ਫ਼ਤਹਿ ਬੁਲਾਉਣ ਤੋਂ ਪਹਿਲਾਂ ਹੀ ਗੋਇਲ ਨੇ ਮੁਸਕਰਾਉਂਦਿਆਂ ਉਸ ਨੂੰ ਹੱਥ ਜੋੜ ਨਮਸਕਾਰ ਕਰਦਿਆਂ ਕਿਹਾ, 'ਸਰਦਾਰ ਸਾਹਿਬ, ਨਮਸਕਾਰ। ਆ ਜੋ! ਆ ਜੋ! ਮੈਂ ਬੈਠਾ ਥੋਡੀ ਉਡੀਕ ਕਰ ਰਿਹਾ ਸੀ।'
'ਸੇਠ, ਅਜੇ ਤਾਂ ਢਾਈ ਵੱਜੇ ਨੇ। ਇੰਨੀ ਛੇਤੀ ਤੂੰ ਮੇਰੀ ਕਿਹੜੀ ਗੱਲੋਂ ਉਡੀਕ ਕਰ ਰਿਹਾ ਸੀ? ਤੈਨੂੰ ਤਾਂ ਪਤੈ ਕਿ ਮੈਂ ਤਾਂ ਸ਼ਾਮੀਂ ਪੰਜ ਵਜੇ ਤੋਂ ਪਹਿਲਾਂ ਪਾਰਕ 'ਚ ਨਹੀਂ ਆਉਂਦਾ।'
'ਪਤੈ, ਮੈਨੂੰ ਸਭ ਪਤੈ। ਪਰ ਜਦੋਂ ਤੇਰੇ ਗੋਇਲ ਦਾ ਤੀਜਾ ਨੇਤਰ ਖੁੱਲ੍ਹਦੈ ਤਾਂ ਮੈਨੂੰ ਸਭ ਗਿਆਤ ਹੋ ਜਾਂਦੈ ਕਿ ਸਰਦਾਰ ਸਾਹਿਬ ਮੈਨੂੰ ਯਾਦ ਕਰਦੇ ਪਏ ਐ।' ਗੋਇਲ ਮੁਸਕੜੀਏਂ ਹੱਸਿਆ।
'ਸੇਠਾ! ਏਸੇ ਨੂੰ ਤਾਂ ਕਹਿੰਦੇ ਐ ਕਿ ਦਿਲਾਂ ਨੂੰ ਦਿਲਾਂ 'ਚੋਂ ਰਾਹ ਹੁੰਦੇ ਐ।' ਗੋਪਾਲ ਬੋਲਿਆ।
ਬੈਂਚ ਉੱਤੇ ਆਪਣੇ ਨਾਲ ਬੈਠੇ ਬਚਪਨ ਦੇ ਯਾਰ ਗੋਪਾਲ ਦਾ ਇਕ ਹੱਥ ਆਪਣੇ ਹੱਥਾਂ ਵਿਚ ਘੁੱਟਦਿਆਂ ਉਹ ਬੋਲਿਆ, 'ਸਰਦਾਰ ਸਾਹਿਬ, ਕੀ ਗੱਲ ਐ? ਅੱਜ ਆਪਣੇ ਗੋਇਲ ਨੂੰ ਨਾ ਤੂੰ ਕੋਈ ਮਜ਼ਾਕ ਕੀਤਾ, ਨਾ ਹੱਸ ਕੇ ਬੁਲਾਇਆ। ਨਾ ਹੀ ਤੇਰੇ ਚਿਹਰੇ ਉੱਤੇ ਕੋਈ ਰੌਣਕ ਐ! ਪਤਾ ਤਾਂ ਲੱਗੇ, ਇਹ ਗੱਲ ਕੀ ਬਣੀਂ?'
'ਕੀ ਦੱਸਾਂ ਸੇਠ? ਕਦੇ-ਕਦੇ ਮਨ ਬੜਾ ਗੋਤਿਆਂ ਵਿਚ ਪੈ ਜਾਂਦੈ। ਤੈਨੂੰ ਮੇਰੇ ਦੋਵੇਂ ਮੁੰਡਿਆਂ ਦਾ ਤਾਂ ਪਤਾ ਈ ਐ। ਇਕ ਕੈਨੇਡਾ ਜਾ ਬੈਠਾ, ਦੂਜਾ ਅਮਰੀਕਾ। ਚਲੋ, ਬੱਚਿਆਂ ਨੇ ਤਾਂ ਜਿੱਥੋਂ ਦਾ ਚੋਗਾ ਚੁਗਣੈ, ਉੱਥੇ ਜਾਣਾ ਈਂ ਹੋਇਆ। ਆਖ਼ਰ ਆਪਾਂ ਵੀ ਤਾਂ ਆਪਣੇ ਰਿਜ਼ਕ ਦੀ ਭਾਲ ਵਿਚ ਪੰਜਾਹ ਸਾਲ ਪਹਿਲਾਂ ਆਪਣਾ ਪਿੰਡ ਛੱਡਿਆ ਸੀ।' ਗੋਪਾਲ ਨੇ ਆਪਣਾ ਢਿੱਡ ਫਰੋਲਿਆ।
'ਸਰਦਾਰ ਸਾਹਿਬ, ਕੀ ਗੱਲਾਂ ਕਰਦੇ ਓਂ ਅੱਜ? ਤੂੰ ਹੀ ਤਾਂ ਮੈਨੂੰ ਕਹਿੰਦਾ ਹੁੰਦਾ ਸੀ ਕਿ ਜਦੋਂ ਤੱਕ ਬੰਦੇ ਦੇ ਹੱਥ ਪੈਰ ਚੱਲਦੇ ਐ, ਉਹਨੂੰ ਕਦੇ ਵਿਹਲਾ ਨਹੀਂ ਬੈਠਣਾ ਚਾਹੀਦਾ। ਬੋਟਾਂ ਨੇ ਤਾਂ ਆਖ਼ਰ ਆਪਣੇ ਆਲ੍ਹਣਿਓਂ ਇਕ ਨਾ ਇਕ ਦਿਨ ਉੱਡਣਾ ਹੀ ਹੁੰਦੈ। ਹੁਣ ਤਾਂ ਸਾਰਾ ਪੰਜਾਬ ਈ ਵਿਦੇਸ਼ੀਂ ਵਸਣ ਨੂੰ ਉਮੜਿਆ ਪਿਐ। ਤੇਰੇ ਨਾਲ ਦੱਸ ਕਿਹੜੀ ਜੱਗੋਂ ਤੇਰ੍ਹਵੀਂ ਹੋਈ ਐ? ਐਵੇਂ ਮਨ ਉਦਾਸ ਕਰੀਂ ਬੈਠੈਂ।' ਗੋਇਲ ਨੇ ਉਸ ਨੂੰ ਅਸਲੀਅਤ ਦਾ ਸ਼ੀਸ਼ਾ ਵਿਖਾਇਆ।
ਗੋਪਾਲ ਨੇ ਖੰਘੂਰਾ ਮਾਰਿਆ। ਗਲਾ ਸਾਫ਼ ਕੀਤਾ। ਫਿਰ ਉਹ ਬੋਲਿਆ- 'ਨਹੀਂ ਸੇਠ, ਗੱਲ ਇਹ ਨ੍ਹੀਂ ਕਿ ਦੋਵੇਂ ਮੁੰਡੇ ਪਰਦੇਸੀਂ ਕਿਉਂ ਜਾ ਵਸੇ। ਉਨ੍ਹਾਂ ਦੋਵਾਂ ਨੂੰ ਤਾਂ ਮੈਂ ਖ਼ੁਸ਼ੀ-ਖ਼ੁਸ਼ੀ ਆਪਣੇ ਹੱਥੀਂ ਵਿਦਾ ਕੀਤੈ। ਦੁੱਖ ਤਾਂ ਇਸ ਗੱਲ ਦਾ ਐ ਕਿ ਜਿਹੜੇ ਭਤੀਜੇ ਭਤੀਜੀ ਨੂੰ ਗੋਦੀ ਚੁੱਕ-ਚੁੱਕ ਖਿਡਾਇਆ ਸੀ। ਨਿੱਕੀਆਂ-ਨਿੱਕੀਆਂ ਬੁਰਕੀਆਂ ਮੂੰਹ ਵਿਚ ਪਾ ਕੇ ਪਾਲਿਆ ਸੀ। ਪਤਾ ਨਹੀਂ ਕਿੰਨੀਂ ਕੁ ਵਾਰ ਮੇਰੇ ਡਿਊਟੀ 'ਤੇ ਜਾਣ ਤੋਂ ਪਹਿਲਾਂ ਮੇਰੇ ਕੱਪੜਿਆਂ ਉੱਤੇ ਜਿਨ੍ਹਾਂ ਪਿਸ਼ਾਬ ਕੀਤਾ ਸੀ। ਜਿਨ੍ਹਾਂ ਦਾ ਮੱਥਾ ਮਾੜਾ ਜਿਹਾ ਵੀ ਕੋਸਾ ਹੋ ਜਾਂਦਾ ਤਾਂ ਮੈਂ ਅੱਧੀ-ਅੱਧੀ ਰਾਤੀਂ ਡਾਕਟਰ ਦਾ ਬੂਹਾ ਜਾ ਖੜਕਾਉਂਦਾ ਸੀ। ਜਿਨ੍ਹਾਂ ਨੂੰ ਉਂਗਲ ਫ਼ੜ ਕੇ ਚੱਲਣਾ ਸਿਖਾਇਆ। ਪੜ੍ਹਾਇਆ, ਲਿਖਾਇਆ। ਪੈਰਾਂ 'ਤੇ ਖੜ੍ਹੇ ਕੀਤੇ, ਉਹੀ ਭਤੀਜਾ ਭਤੀਜੀ ਮੇਰੇ ਮਰਨ ਉੱਤੇ ਘਰ-ਬਾਰ 'ਤੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠੇ ਐ।'
'ਅੱਛਾ! ਇਹ ਤਾਂ ਬਹੁਤ ਮਾੜੀ ਗੱਲ ਐ! ਪਰ ਪਤਾ ਵੀ ਤਾਂ ਲੱਗੇ ਕਿ ਉਨ੍ਹਾਂ ਨੇ ਕਿਹਾ ਕੀ ਹੈ?' ਗੋਇਲ ਨੇ ਥੋੜ੍ਹਾ ਗੰਭੀਰ ਹੁੰਦਿਆਂ ਪੁੱਛਿਆ।
'ਸੇਠਾ! ਤੈਨੂੰ ਤਾਂ ਪਤੈ ਕਿ ਮੈਂ ਕਦੇ ਕਦਾਈਂ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਆਂਢੀਆਂ-ਗੁਆਂਢੀਆਂ ਨੂੰ ਫ਼ੋਨ ਕਰ ਲੈਨਾ। ਸੁੱਖ-ਸਾਂਦ ਦਾ ਪਤਾ ਲੱਗਦਾ ਰਹਿੰਦੈ। ਅੱਜ ਐਤਵਾਰ ਸੀ। ਮੈਂ ਸੋਚਿਆ ਕਿ ਆਪਣੇ ਮਾਸਟਰ ਲੱਗੇ ਭਤੀਜੇ ਨੂੰ ਫ਼ੋਨ ਕਰਕੇ ਸੁੱਖ ਸਾਂਦ ਦਾ ਪਤਾ ਸਤਾ ਲੈ ਲਵਾਂ। ਮੈਨੂੰ ਥੋੜ੍ਹਾ ਉੱਚਾ ਸੁਣਦਾ ਹੋਣ ਕਾਰਨ ਮੈਂ ਫ਼ੋਨ ਦਾ ਮਾਈਕ ਆੱਨ ਕਰ ਲਿਆ। ਅੱਜ ਸਾਰੀ ਗੱਲਬਾਤ ਕਰਕੇ ਮੈਂ 'ਓ ਕੇ' ਕਹਿ ਕੇ ਆਪਣੇ ਵਲੋਂ ਤਾਂ ਫ਼ੋਨ ਬੰਦ ਕਰ ਦਿੱਤਾ। ਪਰੰਤੂ ਅਸਲ ਵਿਚ ਮੈਥੋਂ ਫ਼ੋਨ ਬੰਦ ਨਹੀਂ ਸੀ ਹੋਇਆ। ਫ਼ੋਨ ਰੱਖ ਕੇ ਮੈਂ ਵਾਸ਼ਰੂਮ ਚਲਾ ਗਿਆ। ਦੋ ਮਿੰਟ ਬਾਅਦ ਮੈਂ ਵਾਸ਼ਰੂਮ ਵਿਚੋਂ ਬਾਹਰ ਨਿਕਲਿਆ। ਤਦ ਮੇਰੇ ਫ਼ੋਨ ਉੱਤੇ ਮੇਰੇ ਭਤੀਜੇ ਦੀ ਅਵਾਜ਼ ਸੁਣਾਈ ਦੇ ਰਹੀ ਸੀ। ਉਹ ਆਪਣੀ ਪਤਨੀ ਨੂੰ ਕਹਿ ਰਿਹਾ ਸੀ- 'ਗੋਪਾਲ ਚਾਚੇ ਨੇ ਤਾਂ ਹੁਣ ਬਹੁਤਾ ਚਿਰ ਨਹੀਂਓਂ ਕੱਟਣਾ। ਚਾਚੇ ਦੇ ਦੋਵੇਂ ਮੁੰਡੇ ਤਾਂ ਵਿਦੇਸ਼ ਦੀ ਧਰਤੀ ਉੱਤੇ ਜਾ ਵਸੇ ਨੇ। ਹੁਣ ਪਿੱਛੋਂ ਚਾਚੇ ਦੀ ਮਹਿਲ ਵਰਗੀ ਕੋਠੀ ਆਪਾਂ ਈਂ ਮੱਲਣੀ ਐਂ।' ਗੋਇਲ, ਭਾਵੇਂ ਮੈਂ ਤਾਂ ਆਪਣੀ ਖ਼ੁਸ਼ੀ ਨਾਲ ਹੀ ਆਪਣੀ ਕੋਠੀ, ਕਾਰ, ਗਹਿਣਾ ਗੱਟਾ ਆਪਣੇ ਭਤੀਜੇ-ਭਤੀਜੀ ਨੂੰ ਹੀ ਦੇਣਾ ਸੀ। ਪਰੰਤੂ ਭਤੀਜੇ ਦਾ ਮੇਰੇ ਲਈ ਇੰਝ ਮਾੜਾ ਸੋਚਣਾ ਮੇਰੇ ਦਿਲ 'ਤੇ ਆਰੀ ਵਾਂਗੂ ਫਿਰ ਗਿਆ ਹੈ। ਬੱਸ, ਏਸੇ ਗੱਲ ਦਾ ਭਾਰ ਲੈ ਕੇ ਮੈਂ ਅੱਜ ਦੁਪਹਿਰੇ ਦੋ ਘੜੀਆਂ ਵੀ ਨੀਂ ਸੁੱਤਾ। ਆਪਣੀ ਖੂੰਡੀ ਫ਼ੜ ਪਾਰਕ ਵੱਲ ਨੂੰ ਤੁਰ ਆਇਆ ਹਾਂ।
'ਸਰਦਾਰਾ! ਤੂੰ ਭਤੀਜੇ ਦੇ ਮੂੰਹੋਂ ਸੁਣੀਂ ਗੱਲ ਨੂੰ ਦਿਲ ਨਾਲ ਲਾ ਗਿਉਂ। ਏਥੇ ਤਾਂ ਹੁਣ ਸਕੇ ਭੈਣਾਂ ਭਰਾਵਾਂ, ਧੀਆਂ ਪੁੱਤਰਾਂ ਦਾ ਖ਼ੂਨ ਸਫ਼ੈਦ ਹੋ ਚੁੱਕਾ ਹੈ। ਦੱਸ, ਕੀਹਦੀ-ਕੀਹਦੀ ਗੱਲ ਨੂੰ ਦਿਲ ਨਾਲ ਲਾਵਾਂਗੇ? ਇਉਂ ਤਾਂ ਆਪਾਂ ਚਾਰ ਦਿਨ ਨਹੀਂ ਜੀਅ ਸਕਦੇ। ਚੱਲ! ਆ ਹੁਣ। ਦੋਵੇਂ ਜੁੰਡੀ ਦੇ ਯਾਰ ਹੱਸ ਖੇਡ ਕੇ ਸੈਰ ਕਰੀਏ। ਸਾਰੀਆਂ ਨਕਾਰਾਤਮਿਕ ਗੱਲਾਂ ਨੂੰ ਆਪਣੇ ਮਨਾਂ ਵਿਚੋਂ ਕੱਢੀਏ।' ਉਸ ਨੇ ਆਪਣੇ ਮਿੱਤਰ ਦਾ ਹੱਥ ਘੁੱਟ ਕੇ ਫ਼ੜਿਆ। ਤੇ ਉਹ ਹਲਕੇ ਮਨ ਨਾਲ ਸੈਰ ਕਰਨ ਲਈ ਟ੍ਰੈਕ ਵਿਚ ਪੈ ਗਿਆ।

-06, ਥਲੇਸ ਬਾਗ਼ ਕਲੋਨੀ ਸੰਗਰੂਰ।
ਮੋਬਾਈਲ : 84276-85020

Ad Position 22
No active advertisement
ਪਿਛਲੀ ਖ਼ਬਰ 23-11-2025 ਅਗਲੀ ਖ਼ਬਰ ਮਾਂ ਦੀ ਵਹਿੰਗੀ ਦਾ ਭਾਰ
Ad Position 24
No active advertisement