'ਵੇ ਪੁੱਤ! ਮੈਨੂੰ ਦੋ ਕੁ ਹਜ਼ਾਰ ਰੁਪਏ ਦੇ ਜਾ। ' ਅੰਤਿਮ ਅਰਦਾਸ ਹੋਣ ਤੋਂ ਬਾਅਦ ਉਹ ਦੋਵੇਂ ਮਾਂ - ਪੁੱਤ ਬਾਹਰ ਵਿਹੜੇ ਵਿਚ ਵਰਤਾਈ ਜਾ ਰਹੀ ਚਾਹ ਪੀ ਰਹੇ ਸਨ। ਉਸ ਦਾ ਪੁੱਤ ਕਿਸੇ ਦੂਸਰੇ ਸ਼ਹਿਰ ਰਹਿੰਦਾ ਸੀ। ਕਿਸੇ ਮਹਿਕਮੇ ਵਿਚ ਇੰਸਪੈਕਟਰ ਲੱਗਿਆ ਹੋਇਆ ਸੀ। ਲਗਭੱਗ ਸਾਲ ਹੋ ਗਿਆ ਸੀ ਮਿਲਿਆਂ ਨੂੰ।
'ਤੂੰ ਕੀ ਕਰਨੇ ਨੇ ਐਨੇ ਨੋਟ?' ਆਖ ਕੇ ਪੁੱਤ ਮੂੰਹ ਦੂਸਰੇ ਪਾਸੇ ਕਰਕੇ ਚਾਹ ਦੀਆਂ ਚੁਸਕੀਆਂ ਲੈਣ ਲੱਗ ਪਿਆ।
'ਨਾ ਬੱਸ ਊਈਂ। ਨਾਲੇ ਤੂੰ ਮੂੰਹ ਤਾਂ ਉਰ੍ਹਾਂ ਕਰ ਲੈ, ਕਿਵੇਂ ਓਪਰਿਆਂ ਵਾਂਗ......?' ਮਾਂ ਨੇ ਜਿਵੇਂ ਹਉਕਾ ਲਿਆ।
'ਨਾ ਫੇਰ ਵੀ...?' ਪੁੱਤ ਨੇ ਮਾਂ ਵੱਲ ਮੂੰਹ ਕਰਕੇ ਪੁੱਛਿਆ।
'ਕੋਈ ਆ ਊਂ ਜਾਂਦੈ ਪੁੱਤ। ਸੌ ਪੰਜਾਹ ਦੇਣੇ ਪੈ ਜਾਂਦੇ ਆ। ਕੋਈ ਮਾੜਾ ਮੰਗਤਾ ਈ ਆ ਜਾਂਦੈ। ਤੂੰ ਤਾਂ ਦੂਰ ਰਹਿਨੈਂ ਪੁੱਤ। ਕਦੇ ਤਾਂ.....!' ਮਾਂ ਜਿਵੇਂ ਮੰਗਤੀ ਬਣੀ ਖੜ੍ਹੀ ਸੀ।
'ਨਾ ਤੇਰੀ ਪੈਨਸ਼ਨ ਨੀ ਮਿਲਦੀ? ਨਾਲੇ ਜਿਹੜੇ ਪੁੱਤ ਕੋਲ ਤੂੰ ਰਹਿਨੀ ਏਂ, ਉਹ ਨੀ ਦਿੰਦਾ ਕੁਝ ? ਪੁੱਤ ਨੇ ਮਾਂ ਦੇ ਮੂੰਹ ਵੱਲ ਟੇਢਾ ਟੇਢਾ ਝਾਕਦਿਆਂ ਪੁੱਛਿਆ।
'ਪੈਨਸ਼ਨ ਤਾਂ ਪੁੱਤ ਦਵਾਈ ਬੂਟੀ 'ਤੇ ਲੱਗ ਜਾਂਦੀ ਐ। ਨਾਲੇ ਪੰਦਰਾਂ ਸੌ ਨਾਲ ਕੀ ਬਣਦੈ ਪੁੱਤ। ਫੇਰ ਚਾਰ ਚਾਰ ਮ2ੀਨੇ ਮਿਲਦੀ ਵੀ ਤਾਂ ਨੀ। ' ਮਾਂ ਦੀ ਆਸ ਹਾਲੇ ਟੁੱਟੀ ਨਹੀਂ ਸੀ।
'ਨਾ ਉਹ ਨੀ ਦਿੰਦਾ ਕੁਝ.......?'
'ਸਾਸਰੀ ਕਾਲ ਇੰਸਪੈਕਟਰ ਸਾਬ' ਪੁੱਤ ਦੀ ਗੱਲ ਹਾਲੇ ਵਿਚਾਲੇ ਹੀ ਸੀ,ਉਹ ਕਿਸੇ ਜਾਣੂ ਦੀ ਸਤਿ ਸ੍ਰੀ ਆਕਾਲ ਦਾ ਜਵਾਬ ਦੇਣ ਲੱਗ ਪਿਆ।
'ਪੁੱਤ ਮੈਂ ਤਾਂ ਕਦੇ.......?' ਮਾਂ ਸ਼ਾਇਦ ਕਹਿਣਾ ਚਾਹੁੰਦੀ ਕਿ ਪੁੱਤ ਮੈਂ ਤਾਂ ਕਦੇ ਤੇਰੀ ਤਨਖ਼ਾਹ ਬਾਰੇ ਪੁੱਛਿਆ ਨਹੀਂ, ਪਰ ਤੂੰ ਮੇਰੀ ਪੈਨਸ਼ਨ ਬਾਰੇ ......।
ਪਰ ਉਸ ਦੇ ਮੂੰਹੋਂ ਇਸ ਤੋਂ ਬਾਅਦ ਇਕ ਵੀ ਸ਼ਬਦ ਨਾ ਨਿਕਲਿਆ। ਪੁੱਤ ਕਦੋਂ ਦਾ ਆਪਣੀ ਸਰਕਾਰੀ ਗੱਡੀ ਵਿਚ ਬਹਿਕੇ ਜਾ ਚੁੱਕਿਆ ਸੀ।
-ਪਿੰਡ: ਰੁੜਕੀ ਕਲਾਂ (ਮਲੇਰਕੋਟਲਾ)
ਮੋਬਾਈਲ: 81980-95028