ਫਗਵਾੜਾ, 1 ਨਵੰਬਰ (ਹਰਜੋਤ ਸਿੰਘ ਚਾਨਾ)- ਇਥੋਂ ਦੇ ਗਰੀਨ ਪਾਰਕ ਤੇ ਪ੍ਰੀਤਮ ਨਗਰ ਇਲਾਕੇ ਦੇ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਗੰਦਗੀ ਕਾਰਨ ਬੇਹੱਦ ਪ੍ਰੇਸ਼ਾਨ ਹਨ ਤੇ ਨਗਰ ਨਿਗਮ ਪਾਸੋਂ ਸਫ਼ਾਈ ਕਰਵਾਉਣ ਲਈ ਗੇੜੇ ਮਾਰ ਕੇ ਥੱਕ ਚੁੱਕੇ ਹਨ ਪਰ ਨਿਗਮ ਉਨ੍ਹਾਂ ਦੀ ਸੁਣਨ ਨੂੰ ਤਿਆਰ ਨਹੀਂ | ਗੱਲਬਾਤ ਕਰਦਿਆਂ ਸਤਿੰਦਰ ਸ਼ਰਮਾ, ਸੁਰਿੰਦਰ ਸਿੰਘ, ਪਿ੍ਅੰਕਾ ਸ਼ਮਾਰ ਤੇ ਹੋਰ ਮੁਹੱਲਾ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਥੇ ਨਾਲੇ ਦੀ ਸਫ਼ਾਈ ਤਾਂ ਪ੍ਰਸ਼ਾਸਨ ਵੱਲੋਂ ਕੁਝ ਮਹੀਨੇ ਪਹਿਲਾਂ ਕਰਵਾਈ ਗਈ ਸੀ, ਪਰ ਸਾਫ਼ ਕੀਤੀ ਗਈ ਗੰਦਗੀ ਨੂੰ ਸੜਕ 'ਤੇ ਹੀ ਛੱਡ ਦਿੱਤਾ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਹ ਗੰਦਗੀ ਅਜੇ ਤੱਕ ਨਹੀਂ ਹਟਾਈ ਗਈ, ਜਿਸ ਕਾਰਨ ਸੜਕਾਂ ਤੇ ਬਦਬੂ ਤੇ ਗੰਦਗੀ ਦਾ ਅੰਬਾਰ ਬਣਿਆ ਹੋਇਆ ਹੈ | ਲੋਕਾਂ ਦਾ ਕਹਿਣਾ ਹੈ ਕਿ ਇਸ ਗੰਦਗੀ ਕਾਰਨ ਇਲਾਕੇ 'ਚ ਮੱਖੀਆਂ, ਮੱਛਰ ਤੇ ਹੋਰ ਕੀੜੇ ਮਕੌੜੇ ਤੇਜ਼ੀ ਨਾਲ ਵੱਧ ਰਹੇ ਹਨ | ਸਕੂਲ ਜਾਣ ਵਾਲੇ ਬੱਚਿਆਂ ਤੇ ਰੋਜ਼ਾਨਾ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਲਿਖਤੀ ਵੀ ਨਿਗਮ ਨੂੰ ਦੇ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ | ਮੁਹੱਲਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਕਈ ਵਾਰ ਪ੍ਰਸ਼ਾਸਨ ਦਾ ਧਿਆਨ ਇਸ ਸਮੱਸਿਆ ਵੱਲ ਖਿੱਚਿਆ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਇਲਾਕੇ ਦਾ ਰੁੱਖ ਨਹੀਂ ਕੀਤਾ | ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰੀ ਹਾਲਤ ਸਰਕਾਰ ਤੇ ਨਗਰ ਪ੍ਰਸ਼ਾਸਨ ਦੀ ਪੂਰੀ ਤਰ੍ਹਾਂ ਨਾਕਾਮੀ ਹੈ, ਜੋ ਸਿਰਫ਼ ਕਾਗਜ਼ੀ ਕਾਰਵਾਈ ਤੱਕ ਹੀ ਸੀਮਿਤ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਵੱਲ ਪਹਿਲ ਦੇ ਆਧਾਰ 'ਤੇ ਧਿਆਨ ਦਿੱਤਾ ਜਾਵੇ ਤਾਂ ਜੋ ਮੁਹੱਲਾ ਵਾਸੀ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾ ਸਕਣ |