• 39.68 ਕਿੱਲੋਮੀਟਰ ਲੰਬੀ ਨਵੀਂ ਬ੍ਰਾਡ ਗੇਜ ਰੇਲ ਲਾਈਨ 'ਤੇ ਲਗਭਗ 1,400 ਕਰੋੜ ਦੀ ਆਵੇਗੀ ਲਾਗਤ-ਬਿੱਟੂ • ਪੰਜਾਬ 'ਚ ਸੰਪਰਕ, ਧਾਰਮਿਕ ਸੈਰ-ਸਪਾਟੇ ਅਤੇ ਵਿਕਾਸ ਨੂੰ ਮਿਲੇਗਾ ਵੱਡਾ ਹੁਲਾਰਾ
ਨਵੀਂ ਦਿੱਲੀ, 18 ਜੂਨ (ਪੀ.ਟੀ.ਆਈ.)-ਪੰਜਾਬ ਦੇ ਮਾਝਾ ਖੇਤਰ ਲਈ ਇਤਿਹਾਸਕ ਪ੍ਰਾਪਤੀ ਵਜੋਂ ਭਾਰਤ ਸਰਕਾਰ ਨੇ ਲੰਬੇ ਸਮੇਂ ਤੋਂ ਲੰਬਿਤ ਕਾਦੀਆਂਬਿਆਸ ਨਵੀਂ ਰੇਲ ਲਾਈਨ ਪ੍ਰਾਜੈਕਟ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ | ਅੱਜ ਰੇਲ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਰੇਲਵੇ ਅਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਮਹੱਤਵਪੂਰਨ ਪ੍ਰਾਜੈਕਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ 'ਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਵਿਕਾਸ ਨੂੰ ਤੇਜ਼ ਕਰਨ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ | ਕਾਦੀਆਂਬਿਆਸ ਰੇਲ ਸੰਪਰਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਪ੍ਰਸਤਾਵਿਤ ਰੇਲ ਲਾਈਨ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਨੂੰ ਅੰਮਿ੍ਤਸਰ ਜ਼ਿਲ੍ਹੇ ਦੇ ਬਿਆਸ ਨਾਲ ਜੋੜੇਗੀ | ਲਗਭਗ 39.68 ਕਿੱਲੋਮੀਟਰ ਲੰਬੀ ਇਸ ਬ੍ਰਾਡ ਗੇਜ ਰੇਲ ਲਾਈਨ ਦੀ ਅਨੁਮਾਨਿਤ ਲਾਗਤ ਕਰੀਬ 1,400 ਕਰੋੜ ਹੈ | ਇਸ ਪ੍ਰਾਜੈਕਟ ਨੂੰ ਉੱਤਰੀ ਰੇਲਵੇ ਵਲੋਂ ਲਾਗੂ ਕੀਤਾ ਜਾਵੇਗਾ | ਪ੍ਰਸਤਾਵਿਤ ਰੇਲ ਮਾਰਗ ਕਾਦੀਆਂ, ਢੱਪਈ, ਘੁਮਾਣ, ਬੁਤਾਲਾ, ਸਠਿਆਲਾ ਅਤੇ ਬਿਆਸ ਵਰਗੇ ਮਹੱਤਵਪੂਰਨ ਕਸਬਿਆਂ ਅਤੇ ਪਿੰਡਾਂ 'ਚੋਂ ਲੰਘੇਗਾ | ਇਸ ਨਾਲ ਮਾਝਾ ਖੇਤਰ ਦੇ ਕਈ ਇਲਾਕਿਆਂ ਨੂੰ ਪਹਿਲੀ ਵਾਰ ਸਿੱਧਾ ਰੇਲ ਸੰਪਰਕ ਪ੍ਰਾਪਤ ਹੋਵੇਗਾ ਅਤੇ ਸਥਾਨਕ ਲੋਕਾਂ ਦੀ ਆਵਾਜਾਈ 'ਚ ਮਹੱਤਵਪੂਰਨ ਸੁਧਾਰ ਆਵੇਗਾ | ਪ੍ਰਾਜੈਕਟ ਤਹਿਤ ਆਧੁਨਿਕ ਰੇਲਵੇ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ, ਜਿਸ 'ਚ ਘੁਮਾਣ ਅਤੇ ਬੁਤਾਲਾ ਵਿਖੇ ਦੋ ਕਰਾਸਿੰਗ ਸਟੇਸ਼ਨ, 11 ਵੱਡੇ ਪੁਲ, 121 ਛੋਟੇ ਪੁਲ, 54 ਰੋਡ ਅੰਡਰ ਬਿ੍ਜ, ਆਧੁਨਿਕ ਸਿਗਨਲਿੰਗ ਅਤੇ ਦੂਰਸੰਚਾਰ ਪ੍ਰਣਾਲੀ ਅਤੇ ਭਾਰਤ ਦੀ ਸਵਦੇਸ਼ੀ ਟ੍ਰੇਨ ਟੱਕਰ-ਰੋਕੂ ਪ੍ਰਣਾਲੀ 'ਕਵਚ' ਸ਼ਾਮਿਲ ਹੈ | ਪ੍ਰਾਜੈਕਟ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਬਿੱਟੂ ਨੇ ਕਿਹਾ ਕਿ ਕਾਦੀਆਂਬਿਆਸ ਰੇਲ ਲਿੰਕ ਦੀ ਕਲਪਨਾ ਬਰਤਾਨਵੀ ਸ਼ਾਸਨ ਦÏਰਾਨ ਕੀਤੀ ਗਈ ਸੀ | 192829 'ਚ ਤਤਕਾਲੀਨ ਨਾਰਥ-ਵੈਸਟਰਨ ਰੇਲਵੇ ਵਲੋਂ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ ਤੇ 1930 ਦੇ ਦਹਾਕੇ ਦੇ ਸ਼ੁਰੂ ਤੱਕ ਇਸ ਦਾ ਵੱਡਾ ਹਿੱਸਾ ਤਿਆਰ ਵੀ ਕਰ ਲਿਆ ਗਿਆ ਸੀ ਪਰ ਬਦਲਦੇ ਹਾਲਾਤ ਅਤੇ ਵਿਕਾਸਕਾਰੀ ਤਰਜੀਹਾਂ ਕਾਰਨ ਇਹ ਪ੍ਰਾਜੈਕਟ ਬੰਦ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਰਣਨੀਤਕ ਅਤੇ ਵਿਕਾਸਕਾਰੀ ਮਹੱਤਤਾ ਨੂੰ ਦੇਖਦਿਆਂ ਇਸ ਨੂੰ ਬਾਅਦ 'ਚ ਸੋਸ਼ਲੀ ਡਿਜ਼ਾਇਰੇਬਲ ਰੇਲ ਕੁਨੈਕਟੀਵਿਟੀ ਪ੍ਰਾਜੈਕਟ ਵਜੋਂ ਮੁੜ ਜੀਵੰਤ ਕੀਤਾ ਗਿਆ ਤੇ ਸਾਲ 201011 ਦੇ ਪੂਰਕ ਰੇਲ ਬਜਟ 'ਚ ਸ਼ਾਮਿਲ ਕੀਤਾ ਗਿਆ | ਵੱਖ-ਵੱਖ ਕਾਰਨਾਂ ਅਤੇ ਪ੍ਰਕਿਰਿਆਤਮਿਕ ਰੁਕਾਵਟਾਂ ਕਰਕੇ ਇਹ ਪ੍ਰਾਜੈਕਟ ਅੱਗੇ ਨਹੀਂ ਵਧ ਸਕਿਆ, ਪਰ ਹੁਣ ਇਸ ਨੂੰ ਮੁੜ ਗਤੀ ਦਿੱਤੀ ਗਈ ਹੈ ਤੇ ਲਗਭਗ 1,400 ਕਰੋੜ ਦੀ ਸੋਧੀ ਹੋਈ ਵਿਸਥਾਰਿਤ ਲਾਗਤ ਰਿਪੋਰਟ ਤਿਆਰ ਕੀਤੀ ਗਈ ਹੈ | ਬਿੱਟੂ ਨੇ ਕਿਹਾ ਕਿ ਇਹ ਰੇਲ ਲਾਈਨ ਸਿਰਫ਼ ਖੇਤਰੀ ਸੰਪਰਕ ਨੂੰ ਹੀ ਮਜ਼ਬੂਤ ਨਹੀਂ ਕਰੇਗੀ, ਸਗੋਂ ਹੰਗਾਮੀ ਸਥਿਤੀਆਂ 'ਚ ਅੰਮਿ੍ਤਸਰਪਠਾਨਕੋਟ ਰੇਲ ਸੈਕਸ਼ਨ ਦੇ ਬਦਲਵੇਂ ਮਾਰਗ ਵਜੋਂ ਵੀ ਕੰਮ ਕਰੇਗੀ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਖੇਤਰ ਦੀ ਆਰਥਿਕਤਾ ਨੂੰ ਵਿਆਪਕ ਲਾਭ ਮਿਲਣਗੇ | ਕਿਸਾਨਾਂ ਨੂੰ ਆਪਣੀ ਫਸਲ ਲਈ ਬਿਹਤਰ ਬਾਜ਼ਾਰ ਉਪਲਬਧ ਹੋਣਗੇ, ਆਵਾਜਾਈ ਅਤੇ ਲੋਜਿਸਟਿਕਸ ਸਹੂਲਤਾਂ 'ਚ ਸੁਧਾਰ ਹੋਵੇਗਾ, ਵਪਾਰ, ਉਦਯੋਗ ਅਤੇ ਛੋਟੇ ਕਾਰੋਬਾਰਾਂ ਨੂੰ ਹੁਲਾਰਾ ਮਿਲੇਗਾ ਅਤੇ ਨਿਰਮਾਣ ਅਤੇ ਸੰਚਾਲਨ ਦÏਰਾਨ ਰੋਜ਼ਗਾਰ ਦੇ ਨਵੇਂ ਮÏਕੇ ਪੈਦਾ ਹੋਣਗੇ | ਇਸ ਤੋਂ ਇਲਾਵਾ ਮਾਝਾ ਖੇਤਰ 'ਚ ਨਿਵੇਸ਼ ਤੇ ਆਰਥਿਕ ਗਤੀਵਿਧੀਆਂ ਨੂੰ ਵੀ ਉਤਸ਼ਾਹ ਮਿਲੇਗਾ | ਇਹ ਪ੍ਰਾਜੈਕਟ ਕਈ ਮਹੱਤਵਪੂਰਨ ਧਾਰਮਿਕ ਤੇ ਅਧਿਆਤਮਿਕ ਸਥਾਨਾਂ ਤੱਕ ਪਹੁੰਚ ਨੂੰ ਵੀ ਆਸਾਨ ਬਣਾਏਗਾ, ਜਿਨ੍ਹਾਂ 'ਚ ਅਹਿਮਦੀਆ ਮੁਸਲਿਮ ਭਾਈਚਾਰੇ ਦਾ ਜਨਮ ਸਥਾਨ ਕਾਦੀਆਂ, ਡੇਰਾ ਬਾਬਾ ਜੈਮਲ ਸਿੰਘ (ਬਿਆਸ), ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਗੁਰਦੁਆਰਾ ਅਚਲ ਸਾਹਿਬ, ਗੁਰਦੁਆਰਾ ਭਗਤ ਨਾਮਦੇਵ ਜੀ (ਘੁਮਾਣ), ਗੁਰਦੁਆਰਾ ਸਾਹਿਬ ਪਾਤਿਸ਼ਾਹੀ ਪੰਜਵੀਂ (ਬੁਰਜ ਸਾਹਿਬ), ਗੁਰਦੁਆਰਾ ਬਾਬਾ ਰਾਜਾ ਰਾਮ ਜੀ, ਪੰਡੋਰੀ ਧਾਮ, ਰਾਮ ਸ਼ਰਨਮ ਮੰਦਰ ਅਤੇ ਸ਼ਿਰਡੀ ਸਾਈਾ ਮੰਦਰ (ਗੁਰਦਾਸਪੁਰ) ਸ਼ਾਮਿਲ ਹਨ | ਅੰਤ 'ਚ ਬਿੱਟੂ ਨੇ ਕਾਦੀਆਂ, ਬਿਆਸ, ਘੁਮਾਣ, ਬੁਤਾਲਾ, ਸਠਿਆਲਾ ਅਤੇ ਸਮੁੱਚੇ ਮਾਝਾ ਖੇਤਰ ਦੇ ਲੋਕਾਂ ਨੂੰ ਇਸ ਇਤਿਹਾਸਕ ਉਪਲਬਧੀ ਲਈ ਵਧਾਈ ਦਿੱਤੀ |
ਕਾਦੀਆਂਬਿਆਸ ਰੇਲ ਪ੍ਰਾਜੈਕਟ ਮੁੜ ਸ਼ੁਰੂ ਕਰਨ ਦਾ ਐਲਾਨ <br/>
ਅਜੀਤ ਡੈਸਕ
19-06-2026