ਕਾਰਾਕਾਸ (ਵੈਨੇਜ਼ੁਏਲਾ), 25 ਜੂਨ (ਏਜੰਸੀ)-ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ’ਚ ਬੁੱਧਵਾਰ ਸ਼ਾਮ ਨੂੰ ਇਕ ਦੇ ਬਾਅਦ ਇਕ ਆਏ ਸ਼ਕਤੀਸ਼ਾਲੀ ਭੁਚਾਲ ਦੇ ਝਟਕਿਆਂ ਨਾਲ ਘੱਟੋ-ਘੱਟ 188 ਲੋਕਾਂ ਦੀ ਮੌਤ ਹੋ ਗਈ ਅਤੇ 971 ਲੋਕ ਜ਼ਖ਼ਮੀ ਹੋ ਗਏ ਅਤੇ ਦੱਖਣੀ ਅਮਰੀਕੀ ਦੇਸ਼ ਦੇ ਕਈ ਇਲਾਕਿਆਂ ’ਚ ਨੁਕਸਾਨ ਹੋਇਆ ਹੈ। ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਨੇ ਚਿਤਾਵਨੀ ਦਿੱਤੀ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਬਚਾਅ ਦਲ ਢਹਿ ਚੁੱਕੀਆਂ ਇਮਾਰਤਾਂ ’ਚ ਲੋਕਾਂ ਦੀ ਭਾਲ ਕਰ ਰਹੇ ਹਨ ਅਤੇ ਐਮਰਜੈਂਸੀ ਟੀਮਾਂ ਸ਼ਾਮ 6 ਵਜੇ ਦੇ ਤੁਰੰਤ ਬਾਅਦ ਆਏ 7.2 ਅਤੇ 7.5 ਤੀਬਰਤਾ ਦੇ ਭੁਚਾਲ ਦੇ ਬਾਅਦ ਤਬਾਹ ਹੋਏ ਇਲਾਕਿਆਂ ’ਚ ਪਹੁੰਚ ਰਹੀਆਂ ਸਨ। ਰਾਸ਼ਟਰਪਤੀ ਰੋਡਰਿਗਜ਼ ਨੇ ਬੁੱਧਵਾਰ ਦੇਰ ਰਾਤ ਦੇਸ਼ ਦੇ ਨਾਂਅ ਸੰਬੋਧਨ ’ਚ ਐਮਰਜੈਂਸੀ ਦਾ ਐਲਾਨ ਕੀਤਾ ਅਤੇ ਕਿਹਾ ਕਿ ਭੁਚਾਲ ਨਾਲ ਕਈ ਰਾਜਾਂ ’ਚ ਨੁਕਸਾਨ ਹੋਇਆ ਹੈ। ਵੀਰਵਾਰ ਸਵੇਰੇ ਜਾਰੀ ਕੀਤੇ ਗਏ ਮ੍ਰਿਤਕਾਂ ਦੇ ਅੰਕੜਿਆਂ ’ਚ ਲਾ ਗੁਏਰਾ ਰਾਜ ਸ਼ਾਮਿਲ ਨਹੀਂ ਹੈ, ਜਿਸ ਨੂੰ ਰੋਡਰਿਗਜ਼ ਨੇ ਆਫ਼ਤ ਖੇਤਰ ਅਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਦੱਸਿਆ। ਉਨ੍ਹਾਂ ਕਿਹਾ ਕਿ ਕਾਰਾਕਾਸ ਤੋਂ ਕਰੀਬ 30 ਕਿੱਲੋਮੀਟਰ ਉਤਰ ’ਚ ਦਰਜਨਾਂ ਇਮਾਰਤਾਂ ਡਿੱਗ ਗਈਆਂ ਅਤੇ ਅਸੀਂ ਅਜੇ ਜਾਨਾਂ ਬਚਾਉਣ ਲਈ ਵੱਡੇ ਪੱਧਰ ’ਤੇ ਬਚਾਅ ਮੁਹਿੰਮ ਚਲਾ ਰਹੇ ਹਾਂ। ਆਨਲਾਈਨ ਸਾਂਝੀ ਕੀਤੀ ਗਈ ਇਕ ਵੀਡੀਓ ’ਚ ਲਾ ਗੁਏਰਾ ਦੇ ਇਕ ਹਸਪਤਾਲ ਦੇ ਬਾਹਰ ਦਰਜਨਾਂ ਲੋਕ ਦਿਖਾਈ ਦੇ ਰਹੇ ਹਨ, ਜਿਨ੍ਹਾਂ ’ਚੋਂ ਕੁਝ ਜ਼ਮੀਨ ’ਤੇ ਲੇਟੇ ਹੋਏ ਸਨ ਅਤੇ ਕੁਝ ਹਸਪਤਾਲ ਦੇ ਬਿਸਤਰ ’ਤੇ ਪਏ ਸਨ। ਵੈਨੇਜ਼ਏਲਾ ’ਚ ਇਕ ਸਦੀ ਤੋਂ ਵੀ ਜ਼ਿਆਦਾ ਸਮੇਂ ’ਚ ਆਏ ਸਭ ਤੋਂ ਤੇਜ਼ ਭੁਚਾਲ ’ਚੋਂ ਇਕ ਇਨ੍ਹਾਂ ਭੁਚਾਲ ਦੇ ਝਟਕਿਆਂ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਪ੍ਰਭਾਵਿਤ ਸ਼ਹਿਰਾਂ ਅਤੇ ਇਲਾਕਿਆਂ ’ਚ ਇਮਾਰਤਾਂ ਖ਼ਾਲੀ ਕਰ ਦਿੱਤੀਆਂ ਗਈਆਂ, ਇਥੋਂ ਤੱਕ ਕਿ ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਾਸ ਤੋਂ ਕਰੀਬ 1700 ਕਿੱਲੋਮੀਟਰ ਦੂਰ ਬ੍ਰਾਜ਼ੀਲ ਦੇ ਐਮਾਜ਼ੋਨ ਤੱਕ ਇਲਾਕੇ ਪ੍ਰਭਾਵਿਤ ਹੋਏ ਹਨ। ਅਰਜਨਟੀਨਾ, ਚਿਲੀ, ਪਨਾਮਾ ਅਤੇ ਉਰੂਗਵੇ ਸਮੇਤ ਕਈ ਸਰਕਾਰਾਂ ਨੇ ਮਦਦ ਦੀ ਪੇਸ਼ਕਸ਼ ਕੀਤੀ। ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਵੀਰਵਾਰ ਨਸਵੇਰੇ ਐਕਸ ’ਤੇ ਇਕ ਪੋਸਟ ’ਚ ਕਿਹਾ ਕਿ ਅਮਰੀਕਾ ਵੈਨੇਜ਼ੁਏਲਾ ’ਚ ਤੁਰੰਤ ਬਚਾਅ ਟੀਮ, ਮੈਡੀਕਲ ਸਾਧਨ ਅਤੇ ਮਨੁੱਖੀ ਮਦਦ ਭੇਜ ਰਿਹਾ ਹੈ। ਰੋਡਿਰਗਜ਼ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਧੰਨਵਾਦ ਦਿੱਤਾ ਅਤੇ ਬਾਅਦ ’ਚ ਇਕ ਐਕਸ ਪੋਸਟ ’ਚ ਕਿਹਾ ਕਿ ਉਨ੍ਹਾਂ ਨੇ ਬਿਨਾਂ ਜਾਣਕਾਰੀ ਸਾਂਝੀ ਕੀਤੇ ਰੂਬੀਓ ਨਾਲ ਫੋਨ ’ਤੇ ਗੱਲ ਕੀਤੀ. ਉਨ੍ਹਾਂ ਨੇ ਵੱਖ ਵੱਖ ਦੇਸ਼ਾਂ ਦੇ ਨੇਤਾਵਾਂ ਨੂੰ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਮਦਦ ਦੇ ਸੰਦੇਸ਼ ਭੇਜੇ ਹਨ। ਰੋਡਰਿਗਜ਼ ਨੇ ਕਿਹਾ ਕਿ ਕਤਰ, ਮੈਕਸੀਕੋ ਅਤੇ ਅਲ ਸਲਵਾਡੋਰ ਪਹਿਲਾਂ ਹੀ ਬਚਾਅ ਦਲ ਭੇਜ ਚੁੱਕੇ ਹਨ।
ਵੈਨੇਜ਼ੁਏਲਾ ’ਚ ਜ਼ਬਰਦਸਤ ਭੁਚਾਲ 188 ਮੌਤਾਂ, 971 ਜ਼ਖ਼ਮੀ
ਅਜੀਤ ਡੈਸਕ
26-06-2026