ਗੁਰੂਹਰਸਹਾਏ ’ਚ ਕਾਂਗਰਸ ਵੱਡੇ ਫ਼ਰਕ ਨਾਲ ਜਿੱਤੀ
ਹੁਸ਼ਿਆਰਪੁਰ/ਜਲਾਲਾਬਾਦ/ਮਮਦੋਟ/ ਗੁਰੂਹਰਸਹਾਏ, 5 ਜੁਲਾਈ (ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ/ਕਰਨ ਚੁਚਰਾ/ਜਤਿੰਦਰ ਪਾਲ ਸਿੰਘ/ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ/ਕਪਿਲ ਕੰਧਾਰੀ)-ਅੱਜ ਹੁਸ਼ਿਆਰਪੁਰ, ਜਲਾਲਾਬਾਦ, ਮਮਦੋਟ ਤੇ ਗੁਰੂਹਰਸਹਾਏ ’ਚ ਹੋਈਆਂ ਨਗਰ ਨਿਗਮ ਤੇ ਨਗਰ ਕੌਂਸਲ, ਨਗਰ ਪੰਚਾਇਤ ਚੋਣਾਂ ਦੌਰਾਨ ਹੁਸ਼ਿਆਰਪੁਰ ਨਗਰ ਨਿਗਮ, ਜਲਾਲਾਬਾਦ ਨਗਰ ਕੌਂਸਲ ’ਚ ਆਮ ਆਦਮੀ ਪਾਰਟੀ ਵਲੋਂ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ, ਜਦਕਿ ਗੁਰੂਹਰਸਹਾਏ ਕੌਂਸਲ ’ਚ ਕਾਂਗਰਸ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਨਗਰ ਪੰਚਾਇਤ ਮਮਦੋਟ ਵਿਚ ਆਮ ਆਦਮੀ ਪਾਰਟੀ ਦੇ 9 ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ 4 ਕੌਂਸਲਰ ਜਿੱਤ ਗਏ ਹਨ । ਹੁਸ਼ਿਆਰਪੁਰ ’ਚ ਨਗਰ ਨਿਗਮ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਨੇ 50 ’ਚੋਂ 35 ਵਾਰਡਾਂ ’ਚ ਜਿੱਤ ਹਾਸਲ ਕੀਤੀ। ਜਿਵੇਂ ਹੀ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋਏ ਤਾਂ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਦਾ ਪੱਲੜਾ ਭਾਰੀ ਰਿਹਾ । ਨਤੀਜਿਆਂ ਦੀ ਆਖ਼ਰੀ ਗਿਣਤੀ ਤੱਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 35 ਵਾਰਡਾਂ ’ਚ ਜਿੱਤ ਦਰਜ ਕਰ ਲਈ ਜਦਕਿ ਕਾਂਗਰਸ ਪਾਰਟੀ ਨੂੰ 9 ਵਾਰਡਾਂ ’ਚ ਜਿੱਤ ਹਾਸਲ ਹੋਈ । ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਅਤੇ ਆਜ਼ਾਦ ਉਮੀਦਵਾਰ 3-3 ਵਾਰਡਾਂ ’ਚ ਜੇਤੂ ਰਹੇ । ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਬ) ਨਗਰ ਨਿਗਮ ਚੋਣਾਂ ’ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ । ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਹੱਕ ’ਚ ਜੋ ਫ਼ਤਵਾ ਦਿੱਤਾ ਹੈ, ਉਹ ਉਸ ਲਈ ਉਨ੍ਹਾਂ ਦੇ ਹਮੇਸ਼ਾ ਧੰਨਵਾਦੀ ਰਹਿਣਗੇ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਸਰਕਾਰ ਵਲੋਂ ਸੂਬੇ ’ਚ ਕਰਵਾਏ ਜਾ ਰਹੇ ਰਿਕਾਰਡ ਤੋੜ ਵਿਕਾਸ ਕਾਰਜਾਂ ਤੇ ਲੋਕਪੱਖੀ ਨੀਤੀਆਂ ਕਰਕੇ ਹੀ ਹੁਸ਼ਿਆਰਪੁਰ ਨਗਰ ਨਿਗਮ ’ਚ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਤੇ ਹੁਣ ਇੱਥੇ ਬਹੁਤ ਜਲਦ ਆਮ ਆਦਮੀ ਪਾਰਟੀ ਦਾ ਮੇਅਰ ਚੁਣਿਆ ਜਾਵੇਗਾ । ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਸਾਫ਼ ਹੋ ਚੁੱਕਾ ਹੈ ਕਿ ਲੋਕ ਆਉਣ ਵਾਲੀਆਂ 2027 ਦੀਆਂ ਚੋਣਾਂ ’ਚ ਵੀ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਸੂਬੇ ’ਚ ਮੁੜ ਸਰਕਾਰ ਬਣਾਉਣਗੇ।
ਜਲਾਲਾਬਾਦ ’ਚ 17 ਵਾਰਡਾਂ ’ਚੋਂ ‘ਆਪ’ ਦੇ 12, ਅਕਾਲੀ ਦਲ ਦਾ 1, ਕਾਂਗਰਸ ਦੇ 4 ਉਮੀਦਵਾਰ ਜੇਤੂ
ਨਗਰ ਕੌਂਸਲ ਚੋਣਾਂ ਦੌਰਾਨ ਜਲਾਲਾਬਾਦ ਵਿਖੇ ਹੋਏ ਗਹਿਗੱਚ ਮੁਕਾਬਲੇ ਵਿਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਮੱਲ੍ਹ ਮਾਰਦਿਆਂ ਨਗਰ ਕੌਂਸਲ ਦੀ ਕਮੇਟੀ ’ਤੇ ਆਪਣਾ ਕਬਜ਼ਾ ਬਣਾ ਲਿਆ ਹੈ । ਹੋਈਆਂ ਚੋਣਾਂ ਦੌਰਾਨ 17 ਵਾਰਡਾਂ ਵਿਚੋਂ ‘ਆਪ’ ਨੇ ਸ਼ਾਨਦਾਰ ਜਿੱਤ ਹਾਸਿਲ ਕਰਦਿਆਂ 12 ਸੀਟਾਂ ਹਾਸਿਲ ਕੀਤੀਆਂ, ਜਦੋਂ ਕਿ ਕਾਂਗਰਸ ਨੇ 4, ਅਕਾਲੀ ਦਲ ਨੂੰ 1 ਸੀਟ ’ਤੇ ਸੀ ਸੰਤੋਸ਼ ਕਰਨਾ ਪਿਆ। ਜਦੋਂ ਕਿ ਭਾਰਤੀ ਜਨਤਾ ਪਾਰਟੀ ਦਾ ਖਾਤਾ ਤੱਕ ਨਹੀਂ ਖੁੱਲ੍ਹਿਆ ਅਤੇ ਲਗਭਗ ਉਮੀਦਵਾਰਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਹੀ ਹੋਈਆਂ ਹਨ ।
ਗੁਰੂਹਰਸਹਾਏ ’ਚ 15 ’ਚੋਂ 13 ਵਾਰਡਾਂ ’ਤੇ ਕਾਂਗਰਸ ਜਿੱਤੀ
ਨਗਰ ਕੌਂਸਲ ਗੁਰੂਹਰਸਹਾਏ ਦੀਆਂ ਚੋਣਾਂ ਦੇ ਐਲਾਨੇ ਨਤੀਜਿਆਂ ਵਿਚ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 15 ਵਿਚੋਂ 13 ਵਾਰਡਾਂ ’ਤੇ ਜਿੱਤ ਹਾਸਲ ਕਰਕੇ ਨਗਰ ਕੌਂਸਲ ਵਿਚ ਆਪਣਾ ਬਹੁਮਤ ਸਥਾਪਿਤ ਕਰ ਲਿਆ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਨੇ 2 ਵਾਰਡਾਂ ਵਿਚ ਜਿੱਤ ਦਰਜ ਕੀਤੀ । ਇਸ ਤਰ੍ਹਾਂ ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਵਿਚ ਆਪਣੀ ਕਮੇਟੀ ਬਣਾਉਣ ਦਾ ਰਾਹ ਸਾਫ਼ ਹੋ ਗਿਆ ਹੈ ।
ਮਮਦੋਟ ’ਚ ‘ਆਪ’ ਦੇ 9 ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ 4 ਕੌਂਸਲਰ ਜਿੱਤੇ
13 ਵਾਰਡਾਂ ਵਾਲੀ ਨਗਰ ਪੰਚਾਇਤ ਮਮਦੋਟ ਦੇ 11 ਵਾਰਡਾਂ ਵਿਚੋਂ ਪਹਿਲਾਂ ਹੀ ਕੌਂਸਲਰ ਨਿਰਵਿਰੋਧ ਚੁਣੇ ਜਾ ਚੁੱਕੇ ਸਨ, ਬਾਕੀ ਦੋ ਵਾਰਡਾਂ, ਵਾਰਡ ਨੰਬਰ 3 ਅਤੇ ਵਾਰਡ ਨੰਬਰ 9 ਦੀ ਚੋਣ ਲਈ ਅੱਜ ਵੋਟਾਂ ਪਈਆਂ, ਜਿਨ੍ਹਾਂ ਦੀ ਗਿਣਤੀ ਉਪਰੰਤ ਵਾਰਡ ਨੰਬਰ 3 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੇਅੰਤ ਕੌਰ ਨੇ 79 ਵੋਟਾਂ ਦੀ ਬੜਤ ਨਾਲ ਅਤੇ ਵਾਰਡ ਨੰਬਰ 9 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਨੇ 21 ਵੋਟਾਂ ਦੀ ਬੜਤ ਨਾਲ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ । ਅੱਜ ਦੇ ਨਤੀਜਿਆਂ ਤੋਂ ਬਾਅਦ ਨਗਰ ਪੰਚਾਇਤ ਮਮਦੋਟ ਵਿਚ ਆਮ ਆਦਮੀ ਪਾਰਟੀ ਦੇ 9 ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ 4 ਕੌਂਸਲਰ ਜਿੱਤ ਗਏ ਹਨ, ਜਦਕਿ ਕਾਂਗਰਸ, ਭਾਜਪਾ ਸਮੇਤ ਹੋਰ ਵਿਰੋਧੀ ਪਾਰਟੀਆਂ ਦਾ ਖਾਤਾ ਤੱਕ ਨਹੀਂ ਖੁੱਲ੍ਹਿਆ।
ਹੁਸ਼ਿਆਰਪੁਰ ਨਿਗਮ, ਜਲਾਲਾਬਾਦ ਕੌਂਸਲ ਤੇ ਮਮਦੋਟ ਨਗਰ ਪੰਚਾਇਤ ’ਚ ‘ਆਪ’ ਦੀ ਜਿੱਤ
ਅਜੀਤ ਡੈਸਕ
06-07-2026