ਨਾਗਪੁਰ, 5 ਜੁਲਾਈ (ਏਜੰਸੀ)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਕਿਸੇ ਵੀ ਭਾਈਚਾਰੇ ਦੇ ਵਿਰੁੱਧ ਨਹੀਂ ਹੈ ਅਤੇ ਉਹ ਸਾਰੇ ਧਰਮਾਂ, ਜਾਤਾਂ ਤੇ ਵਰਗਾਂ ਨੂੰ ਨਾਲ ਲੈ ਕੇ ਦੇਸ਼ ਦੇ ਵਿਕਾਸ ਲਈ ਕੰਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਨ ਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਵਿਚਾਰ ਅੱਜ ਵੀ ਪੂਰੀ ਤਰ੍ਹਾਂ ਪ੍ਰਸੰਗਿਕ ਹਨ ਅਤੇ ਪਾਰਟੀ ਨੂੰ ਉਨ੍ਹਾਂ ਦੇ ਰਾਸ਼ਟਰਵਾਦੀ ਫ਼ਲਸਫ਼ੇ ’ਤੇ ਚੱਲਦਿਆਂ ਅੱਗੇ ਵਧਣਾ ਚਾਹੀਦਾ ਹੈ। ਸਨਿਚਰਵਾਰ ਨੂੰ ਇਥੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਲੈਕਚਰ ਲੜੀ ਦੌਰਾਨ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਦੇਸ਼ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਰਾਸ਼ਟਰੀ ਆਦਰਸ਼ਾਂ ਦੀ ਇਕਸਾਰ ਤੰਦ ’ਚ ਪਰੋ ਕੇ ਭਾਰਤ ਨੂੰ ‘ਵਿਸ਼ਵਗੁਰੂ’ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਸਿਰਫ਼ ਹਿੰਦੂਆਂ ਦਾ ਨਹੀਂ ਹੈ, ਸਗੋਂ ਹਰ ਉਸ ਨਾਗਰਿਕ ਦਾ ਹੈ ਜੋ ਭਾਰਤੀ ਹੈ। ਇਸ ਦੌਰਾਨ ਉਨ੍ਹਾਂ ਕਾਂਗਰਸ ਅਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਤੁਸ਼ਟੀਕਰਨ ਦੀ ਨੀਤੀ ਅਪਣਾਈ ਅਤੇ ਭਾਜਪਾ ਦੇ ਪੂਰਵਜ ਸੰਗਠਨ ‘ਜਨ ਸੰਘ’ ਬਾਰੇ ਦੇਸ਼ ਭਰ ’ਚ ਭੁਲੇਖੇ ਤੇ ਗ਼ਲਤਫ਼ਹਿਮੀਆਂ ਫੈਲਾਈਆਂ। ਦੇਸ਼ ਦੀ ਵੰਡ ਦਾ ਜ਼ਿਕਰ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਕਾਰਨ ਭਾਰਤ ਅਤੇ ਪਾਕਿਸਤਾਨ ਦੋ ਦੇਸ਼ ਬਣੇ, ਜਿਸ ਦਾ ਇਤਿਹਾਸ ਸਭ ਦੇ ਸਾਹਮਣੇ ਹੈ ਅਤੇ ਦੇਸ਼ ਅੱਜ ਵੀ ਉਸ ਵੰਡ ਦੇ ਦੁਖਦਾਈ ਨਤੀਜੇ ਭੁਗਤ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜ ਵੀ ਭਾਜਪਾ ਦੀ ਵਿਚਾਰਧਾਰਾ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਸਾਡੇ ਲਈ ਦੇਸ਼ ਸਭ ਤੋਂ ਉੱਪਰ ਹੈ। ਰਾਸ਼ਟਰਵਾਦ ਸਾਡੀ ਸਾਂਝੀ ਆਸਥਾ, ਸ਼ਰਧਾ ਅਤੇ ਪ੍ਰੇਰਨਾ ਹੈ, ਜੋ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜੀਵਨ ਦਾ ਵੀ ਅਹਿਮ ਹਿੱਸਾ ਸੀ। ਗਡਕਰੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਸੀਂ ਸਾਰੇ ਇਕ ਹਾਂ। ਸਾਡੇ ਦੇਸ਼ ’ਚ ਕੋਈ ਮਸਜਿਦ ਜਾ ਸਕਦਾ ਹੈ, ਕੋਈ ਬੁੱਧ ਵਿਹਾਰ, ਕੋਈ ਗੁਰਦੁਆਰੇ ਤੇ ਕੋਈ ਮੰਦਰ, ਪਰ ਅਸੀਂ ਸਾਰੇ ਮੂਲ ਰੂਪ ’ਚ ਭਾਰਤੀ ਹਾਂ। ਸਾਡਾ ਸੱਭਿਆਚਾਰ, ਇਤਿਹਾਸ ਅਤੇ ਵਿਰਾਸਤ ਇਕ ਹੈ। ਸਾਡੀ ਪੂਜਾ ਪੱਧਤੀ ਅਲੱਗ ਹੋ ਸਕਦੀ ਹੈ, ਜਿਸ ਦੀ ਇਜਾਜ਼ਤ ਤੇ ਅਧਿਕਾਰ ਸਾਡਾ ਸੰਵਿਧਾਨ ਹਰ ਇਕ ਨਾਗਰਿਕ ਨੂੰ ਬਰਾਬਰ ਰੂਪ ’ਚ ਦਿੰਦਾ ਹੈ।
ਭਾਜਪਾ ਕਿਸੇ ਵੀ ਭਾਈਚਾਰੇ ਦੇ ਵਿਰੁੱਧ ਨਹੀਂ-ਨਿਤਿਨ ਗਡਕਰੀ
ਅਜੀਤ ਡੈਸਕ
06-07-2026