ਅੰਮ੍ਰਿਤਸਰ, 25 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਭਰ ਤੋਂ 16,800 ਸੁਰੱਖਿਆ ਕਰਮਚਾਰੀ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ‘ਚ ਤਾਇਨਾਤ ਕੀਤੇ ਗਏ ਹਨ। ਪਾਕਿ ਗ੍ਰਹਿ ਵਿਭਾਗ ਵਲੋਂ ਜਾਰੀ ਅਧਿਕਾਰਤ ਪੱਤਰ ਦੇ ਅਨੁਸਾਰ ਵੱਡੇ ਪੱਧਰ ‘ਤੇ ਤਾਇਨਾਤੀ ਦਾ ਉਦੇਸ਼ 27 ਜੁਲਾਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨਾ ਅਤੇ ਪੋਲਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣਾ ਯਕੀਨੀ ਬਣਾਉਣਾ ਹੈ। ਗ੍ਰਹਿ ਵਿਭਾਗ ਵਲੋਂ ਪੁਲਿਸ ਸਮੇਤ ਸਾਰੇ ਸੰਬੰਧਿਤ ਅਦਾਰਿਆਂ ਨੂੰ ਭੇਜੇ ਪੱਤਰ ‘ਚ ਪੀ. ਓ. ਕੇ. ਚੋਣਾਂ ਲਈ ਵਿਆਪਕ ਸੁਰੱਖਿਆ ਪ੍ਰਬੰਧਾਂ ਦੀ ਰੂਪਰੇਖਾ ਦਿੱਤੀ ਗਈ ਹੈ। ਯੋਜਨਾ ਦੇ ਤਹਿਤ ਚੋਣ ਪ੍ਰਕਿਰਿਆ ਦੌਰਾਨ ਸਥਾਨਕ ਅਧਿਕਾਰੀਆਂ ਦੀ ਸਹਾਇਤਾ ਲਈ ਵੱਖ-ਵੱਖ ਸੂਬਿਆਂ ਅਤੇ ਖੇਤਰਾਂ ਤੋਂ ਭੇਜੇ ਗਏ ਕੁੱਲ 16,800 ਸੁਰੱਖਿਆ ਕਰਮਚਾਰੀਆਂ ‘ਚੋਂ 14,000 ਪੁਲਿਸ ਕਰਮਚਾਰੀ ਅਤੇ ਅਧਿਕਾਰੀ ਲਹਿੰਦੇ ਪੰਜਾਬ ਤੋਂ ਹਨ। ਜਿਨ੍ਹਾਂ ਨੂੰ ਕਸ਼ਮੀਰੀਆਂ ਖ਼ਿਲਾਫ਼ ਹਰ ਤਰ੍ਹਾਂ ਦੀ ਸਖ਼ਤੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਲਹਿੰਦੇ ਪੰਜਾਬ ਤੋਂ ਪੀ. ਓ. ਕੇ. ਭੇਜੀ ਗਈ ਪੁਲਿਸ ‘ਚ ਪੰਜਾਬ ਹਾਈਵੇਅ ਪੈਟਰੋਲ, ਰਾਈਟਸ ਮੈਨੇਜਮੈਂਟ ਫੋਰਸ, ਪੰਜਾਬ ਕਾਂਸਟੇਬੁਲਰੀ ਅਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹਨ। ਸੁਰੱਖਿਆ ਕਾਰਜਾਂ ਦੀ ਨਿਗਰਾਨੀ ਲਈ 15 ਪੁਲਿਸ ਸੁਪਰਡੈਂਟ (ਐੱਸ. ਪੀ.) ਅਤੇ 48 ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ. ਐੱਸ. ਪੀ.) ਤਾਇਨਾਤ ਕੀਤੇ ਗਏ ਹਨ। ਪੰਜਾਬ ਤੋਂ ਇਲਾਵਾ ਸੂਬਾ ਸਿੰਧ ਤੋਂ 2,000 ਕਰਮਚਾਰੀ, ਖ਼ੈਬਰ ਪਖਤੂਨਖਵਾ ਤੋਂ 500, ਬਲੋਚਿਸਤਾਨ ਤੋਂ 200 ਅਤੇ ਗਿਲਗਿਤ ਤੋਂ 100 ਕਰਮਚਾਰੀ ਉੱਥੇ ਤਾਇਨਾਤ ਰਹਿਣਗੇ। ਦੂਜੇ ਪਾਸੇ, ਜੰਮੂ-ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦੇ ਕੋਰ ਕਮੇਟੀ ਮੈਂਬਰ ਸਰਦਾਰ ਉਮਰ ਨਜ਼ੀਰ ਨੇ ਕਿਹਾ ਕਿ ਪੀ. ਓ. ਕੇ. ‘ਚ ਫ਼ੌਜਾਂ ਸਾਡੇ ਕਸ਼ਮੀਰੀ ਭਰਾਵਾਂ ਦੇ ਘਰਾਂ ਅਤੇ ਦੁਕਾਨਾਂ ‘ਤੇ ਛਾਪੇ ਮਾਰ ਰਹੀਆਂ ਹਨ। ਉਹ ਮਾਸੂਮ ਨਾਗਰਿਕਾਂ ਤੋਂ ਕੀਮਤੀ ਸਾਮਾਨ ਸੋਨਾ, ਗਹਿਣੇ ਅਤੇ ਮਹਿੰਗੀਆਂ ਚੀਜ਼ਾਂ ਲੁੱਟ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਿਫ਼ਾਇਤੀ ਬਿਜਲੀ, ਆਟਾ ਸਮੇਤ ਵਿਸ਼ੇਸ਼ ਅਤੇ ਬੁਨਿਆਦੀ ਅਧਿਕਾਰਾਂ ਦੀ ਮੰਗ ਕਰ ਰਹੇ ਸ਼ਾਂਤਮਈ ਕਸ਼ਮੀਰੀਆਂ ‘ਤੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਪਾਕਿ ਸਰਕਾਰ ਨੇ ਖੇਤਰ ‘ਚ ਜਾਣ ਵਾਲੀ ਰਸਦ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿ ਸਰਕਾਰ ਨਾਲ ਮੌਜੂਦਾ ਵਿਵਾਦ ਦਾ ਮੁੱਖ ਕਾਰਨ ਵਿਧਾਨ ਸਭਾ ‘ਚ 12 ਰਾਖਵੀਂਆਂ ਸੀਟਾਂ ਹਨ, ਜੋ ਪਾਕਿਸਤਾਨ ‘ਚ ਰਹਿ ਰਹੇ ਕਸ਼ਮੀਰੀ ਸ਼ਰਨਾਰਥੀਆਂ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ। ਜੇ. ਏ. ਏ. ਸੀ. ਦੀਆਂ 38-ਨੁਕਾਤੀ ਮੰਗਾਂ ‘ਚ ਸਿਰਫ਼ ਰਾਜਨੀਤਿਕ ਮੁੱਦੇ ਹੀ ਸ਼ਾਮਿਲ ਨਹੀਂ ਹਨ, ਬਲਕਿ ਸੰਗਠਨ ਪਣ-ਬਿਜਲੀ ਪ੍ਰੋਜੈਕਟਾਂ ਦੀਆਂ ਸ਼ਰਤਾਂ ਦੀ ਸਮੀਖਿਆ, ਆਟੇ ਵਰਗੀਆਂ ਜ਼ਰੂਰੀ ਵਸਤੂਆਂ ‘ਤੇ ਵਧੇਰੇ ਸਬਸਿਡੀਆਂ ਅਤੇ ਬਿਜਲੀ ਦਰਾਂ ‘ਚ ਕਮੀ ਦੀ ਵੀ ਮੰਗ ਕਰ ਰਿਹਾ ਹੈ।
ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ’ਚ 16,800 ਸੁਰੱਖਿਆ ਕਰਮਚਾਰੀ ਤਾਇਨਾਤ
ਅਜੀਤ ਡੈਸਕ
26-07-2026