ਮੁਕੇਰੀਆਂ, 19 ਜੂਨ (ਰਾਮਗੜ੍ਹੀਆ)-ਪਿੰਡ ਘੱਗਵਾਲ ਦੇ ਰਹਿਣ ਵਾਲੇ ਰਿਤਿਕ ਰਾਣਾ ਦੇ ਲੈਫ਼ਟੀਨੈਂਟ ਬਣਨ ਨਾਲ ਪੂਰੇ ਇਲਾਕੇ ਅੰਦਰ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਰਿਤਿਕ ਰਾਣਾ ਨੇ ਲੈਫ਼ਟੀਨੈਂਟ ਬਣ ਕੇ ਆਪਣੇ ਮਾਤਾ-ਪਿਤਾ ਤੇ ਹਲਕੇ ਦਾ ਨਾਂਅ ਪੂਰੇ ਭਾਰਤ ਵਿਚ ਰੌਸ਼ਨ ਕੀਤਾ ਹੈ। ਰਿਤਿਕ ਰਾਣਾ ਦੇ ਲੈਫ਼ਟੀਨੈਂਟ ਬਣਨ ‘ਤੇ ਦਸੂਹਾ ਤੋਂ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਵਿਧਾਇਕ ਘੁੰਮਣ ਨੇ ਨੌਜਵਾਨ ਰਿਤਿਕ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜੇਕਰ ਨੌਜਵਾਨ ਕੁੱਝ ਕਰਨ ਦਾ ਸੋਚ ਲੈਣ ਤਾਂ ਉਹ ਇਕ ਨਾ ਇਕ ਦਿਨ ਜ਼ਰੂਰ ਆਪਣੀ ਜ਼ਿੰਦਗੀ ‘ਚ ਕਾਮਯਾਬ ਇਨਸਾਨ ਬਣ ਕੇ ਉੱਭਰਦੇ ਹਨ ਜਿਸ ਦੀ ਮਿਸਾਲ ਰਿਤਿਕ ਰਾਣਾ ਨੇ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਬਾਕੀ ਨੌਜਵਾਨਾਂ ਨੂੰ ਵੀ ਰਿਤਿਕ ਰਾਣਾ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਨੂੰ ਬੁਲੰਦੀਆਂ ‘ਤੇ ਲੈ ਕੇ ਜਾਣਾ ਚਾਹੀਦਾ ਹੈ। ਇਸ ਮੌਕੇ ਕਰਨੈਲ ਸਿੰਘ ਰਾਣਾ, ਅਮਿੱਤ ਕੁਮਾਰ ਪ੍ਰਧਾਨ, ਸੁਰਿੰਦਰ ਸਿੰਘ, ਐਡਵੋਕੇਟ ਅਮਿੱਤ ਕੁਮਾਰ ਤੇ ਹੋਰ ਹਾਜ਼ਰ ਸਨ।