ਭੂੰਦੜੀ, 8 ਜੁਲਾਈ (ਕੁਲਦੀਪ ਸਿੰਘ ਮਾਨ) – ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਮਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਬਲਵੀਰ ਸਿੰਘ ਬਾਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ.ਆਈ.ਆਰ.) ਤਹਿਤ 25 ਜੂਨ ਤੋਂ 25 ਜੁਲਾਈ ਤੱਕ ਬੀ.ਐੱਲ.ਓਜ਼ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਦੇ ਨਾਲ ਹੀ ਡਰੱਗ ਸਰਵੇ ਦਾ ਕੰਮ ਵੀ ਚੱਲ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਨਿਰਧਾਰਿਤ ਸਮਾਂ ਹੋਣ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਬੀ.ਐੱਲ.ਓਜ਼ ’ਤੇ ਬੇਲੋੜਾ ਦਬਾਅ ਪਾਇਆ ਜਾ ਰਿਹਾ ਹੈ ਅਤੇ ਕੰਮ ਮਿਥੀ ਮਿਆਦ ਤੋਂ ਪਹਿਲਾਂ ਮੁਕੰਮਲ ਕਰਨ ਲਈ ਰੋਜ਼ਾਨਾ ਹੁਕਮ ਜਾਰੀ ਕੀਤੇ ਜਾ ਰਹੇ ਹਨ। ਇਸ ਕਾਰਨ ਅਧਿਆਪਕ ਭਾਰੀ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ। ਡੀ.ਟੀ.ਐੱਫ. ਆਗੂਆਂ ਨੇ ਕਿਹਾ ਕਿ ਇਸੇ ਮਾਨਸਿਕ ਦਬਾਅ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਬੀ.ਐੱਲ.ਓ. ਵਲੋਂ ਖੁਦਕੁਸ਼ੀ ਕਰਨ ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੂੰਦੜੀ ਦੇ ਵਸਨੀਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗ ਕਲਾਂ ਦੇ ਕੰਪਿਊਟਰ ਅਧਿਆਪਕ, ਜੋ ਸ਼ੇਖ ਕੁਤਬ ਵਿਖੇ ਬੀ.ਐੱਲ.ਓ. ਦੀ ਡਿਊਟੀ ਨਿਭਾ ਰਹੇ ਸਨ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਥੇਬੰਦੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਲਈ ਮਾਨਸਿਕ ਤਣਾਅ ਜ਼ਿੰਮੇਵਾਰ ਹੈ। ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਐੱਸ.ਆਈ.ਆਰ. ਦੇ ਕੰਮ ਲਈ ਦਿੱਤੀ ਸਮਾਂ-ਸੀਮਾ ਵਿਚ ਵਾਧਾ ਕੀਤਾ ਜਾਵੇ, ਬੀ.ਐੱਲ.ਓਜ਼ ’ਤੇ ਮਿਥੀ ਮਿਆਦ ਤੋਂ ਪਹਿਲਾਂ ਕੰਮ ਮੁਕੰਮਲ ਕਰਨ ਲਈ ਪਾਇਆ ਜਾ ਰਿਹਾ ਦਬਾਅ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਡਿਊਟੀ ਦੌਰਾਨ ਮਾਨਸਿਕ ਤਣਾਅ ਕਾਰਨ ਜਾਨ ਗੁਆ ਚੁੱਕੇ ਬੀ.ਐੱਲ.ਓਜ਼ ਦੇ ਪਰਿਵਾਰਾਂ ਨੂੰ ਦੋ-ਦੋ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਮੀਟਿੰਗ ਵਿਚ ਜ਼ਿਲ੍ਹਾ ਸਕੱਤਰ ਰੁਪਿੰਦਰਪਾਲ ਸਿੰਘ ਗਿੱਲ, ਰਾਜਿੰਦਰ ਸਿੰਘ ਜੰਡਿਆਲੀ, ਜੰਗਪਾਲ ਸਿੰਘ ਰਾਏਕੋਟ, ਜਗਦੀਪ ਸਿੰਘ ਜੌਨੀ, ਨਵਗੀਤ ਸਿੰਘ ਜਗਰਾਉਂ, ਸੁਖਵਿੰਦਰ ਸਿੰਘ ਲੀਲ, ਅਵਤਾਰ ਸਿੰਘ ਖ਼ਾਲਸਾ, ਬਲਦੇਵ ਸਿੰਘ ਸ਼ੇਖੂਪੁਰਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ।