ਜਗਰਾਉਂ, 8 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਸਿੱਖ ਇਤਿਹਾਸਕਾਰਾਂ ਨੇ ਭਾਈ ਮਰਦਾਨਾ ਜੀ ਨਾਲ ਇਨਸਾਫ਼ ਨਹੀਂ ਕੀਤਾ। ਭਾਈ ਮਰਦਾਨਾ ਦੁਨੀਆਂ ਦੇ ਇਕਲੌਤੇ ਉਹ ਰੱਬੀ ਰੂਹ ਸਨ, ਜਿੰਨ੍ਹਾਂ ਨੇ 50 ਵਰ੍ਹਿਆਂ ਤੋਂ ਵੱਧ ਸਮਾਂ ਗੁਰੂ ਸਾਹਿਬ ਨਾਲ ਬਤੀਤ ਕੀਤਾ ਅਤੇ ਉਨ੍ਹਾਂ ਆਪਣਾ ਆਖ਼ਰੀ ਸੁਆਸ ਵੀ ਗੁਰੂ ਸਾਹਿਬ ਦੀ ਗੋਦ ਵਿਚ ਲਿਆ ਸੀ। ਗੁਰੂ ਸਾਹਿਬ ਭਾਈ ਮਰਦਾਨਾ ਨੂੰ ਭਾਈ ਸਾਹਿਬ ਆਖ ਕੇ ਜਦਕਿ ਭਾਈ ਮਰਦਾਨਾ ਗੁਰੂ ਸਾਹਿਬ ਨੂੰ ਬਾਬਾ ਜੀ ਕਹਿ ਕੇ ਬੁਲਾਇਆ ਕਰਦੇ ਸਨ। ਇਥੇ ਹੀ ਬਸ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਵੀ ਇਕ ਸਲੋਕ ਭਾਈ ਮਰਦਾਨੇ ’ਤੇ ਲਿਖਿਆ ਹੈ। ਇਹ ਖੁਲਾਸਾ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵਲੋਂ ਕੀਤੀਆਂ ਚਾਰ ਉਦਾਸੀਆਂ ਮੌਕੇ ਵੀ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਹੀ ਸਨ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿਚ ਬਾਣੀ ਦਾ ਗਾਇਣ ਕੀਤਾ ਅਤੇ ਇਹ ਰਾਗ ਭਾਈ ਮਰਦਾਨਾ ਦੀ ਰਬਾਬ ਵਿਚੋਂ ਨਿਕਲੇ ਸਨ। ਉਨ੍ਹਾਂ ਸਿੱਖ ਧਾਰਮਿਕ ਸੰਸਥਾਵਾਂ ਅਤੇ ਇਤਿਹਾਸਕਾਰਾਂ ਨੂੰ ਅਪੀਲ ਕੀਤੀ ਕਿ ਉਹ ਭਾਈ ਮਰਦਾਨਾ ਪ੍ਰਤੀ ਖੋਜ ਕਰਨ ਤਾਂ ਜੋ ਲੋਕਾਈ ਭਾਈ ਮਰਦਾਨਾ ਜੀ ਵਲੋਂ ਸਿੱਖ ਇਤਿਹਾਸ ਵਿਚ ਪਾਏ ਯੋਗਦਾਨ ਪ੍ਰਤੀ ਜਾਣੂ ਹੋ ਸਕੇ।