ਮੁਕੰਦਪੁਰ, 12 ਜੂਨ (ਅਮਰੀਕ ਸਿੰਘ ਢੀਂਡਸਾ)-ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਧਰਮਸ਼ਾਲਾ ਵਿਖੇ ਬੀਤੇ ਦਿਨੀ ਸੰਯੁਕਤ ਖੇਡ ਫੈਡਰੇਸ਼ਨ ਵਲੋਂ 14ਵੀਂ ਨੈਸ਼ਨਲ ਗੇਮਸ ਅਥਲੈਟਿਕ ਮੀਟ ਕਰਵਾਈ ਗਈ। ਜਿਸ ਦੌਰਾਨ ਕਲੇਰ ਅਥਲੈਟਿਕਸ ਅਕੈਡਮੀ ਸਰਹਾਲ ਕਾਜੀਆਂ ਦੇ ਵੈਟਰਨ ਅਥਲੀਟਾਂ ਨੇ 12 ਸੋਨੇ ਦੇ ਤਗਮੇ ਜਿੱਤ ਕੇ ਪੰਜਾਬ ਦੀ ਬੱਲੇ-ਬੱਲੇ ਕਰਵਾਈ। ਅਕੈਡਮੀ ਦੇ ਸੰਚਾਲਕ ਰਬਿੰਦਰ ਸਿੰਘ ਕਲੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਥਲੈਟਿਕ ਮੀਟ ਦੌਰਾਨ ਭਾਰਤ ਦੇ ਦਸ ਰਾਜਾਂ ਤੋਂ ਤਕਰੀਬਨ 1000 ਅਥਲੀਟਾਂ ਨੇ ਭਾਗ ਲਿਆ। ਜਿਸ ਦੌਰਾਨ ਰਬਿੰਦਰ ਸਿੰਘ ਕਲੇਰ ਨੇ 10000, 5000, 3000 ਤੇ 4*100 ਮੀਟਰ ਰਿਲੇ ਦੌੜ ਵਿਚ 4 ਸੋਨੇ ਦੇ ਤਗਮੇ ਜਿੱਤੇ। ਅਕੈਡਮੀ ਦੇ ਦੂਸਰੇ ਅਥਲੀਟ ਮਹਿੰਦਰ ਸਿੰਘ ਧਨੋਆ ਨੇ 75 ਸਾਲ ਤੋਂ ਉੱਪਰ ਉਮਰ ਵਰਗ ਵਿਚ 400 ਮੀਟਰ ਤੇ 4*100 ਮੀਟਰ ਦੌੜ ‘ਚੋਂ 2 ਸੋਨੇ ਦੇ ਤਗਮੇ, ਤੇ 800 ਤੇ 1500 ਮੀਟਰ ਵਿਚੋਂ ਦੋ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। ਇਸ ਤੋਂ ਇਲਾਵਾ 70 ਸਾਲ ਪਲਸ ਉਮਰ ਵਰਗ ਵਿਚ ਮਾਸਟਰ ਅਮਰੀਕ ਸਿੰਘ ਨੇ 4/100 ਮੀਟਰ ਰਿਲੇਅ ਦੌੜ ‘ਚ 1 ਸੋਨੇ ਤੋਂ ਇਲਾਵਾ 100 ਮੀਟਰ ਦੌੜ ਤੇ ਜੈਵਲਿਨ ਥਰੋ ਵਿਚੋਂ ਦੋ ਚਾਂਦੀ ਤੇ ਡਿਸਕਸ ਥਰੋ ਮੁਕਾਬਲੇ ਦੌਰਾਨ ਇਕ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤੇ। ਅਕੈਡਮੀ ਦੇ ਚੌਥੇ ਅਥਲੀਟ ਹਰਪਾਲ ਸਿੰਘ ਨੇ 75 ਸਾਲ ਤੋਂ ਉੱਪਰ ਉਮਰ ਵਰਗ ਦੌਰਾਨ 815 ਮੀਟਰ ਦੌੜ ਤੋਂ ਇਲਾਵਾ 4*100 ਮੀਟਰ ਦੌੜ ਪਿੱਛੋਂ ਚਾਰ ਸੋਨੇ ਦੇ ਤਗਮੇ ਜਿੱਤ ਕੇ ਅਕੈਡਮੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਸਿਰ ਮਾਣ ਨਾਲ ਉੱਚਾ ਕੀਤਾ। ਗੁਆਂਢੀ ਸੂਬੇ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਕਲੇਰ ਅਕੈਡਮੀ ਦੇ ਵੈਟਰਨ ਅਥਲੀਟਾਂ ਵਲੋਂ 12 ਸੋਨੇ ਤੇ ਤਿੰਨ ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਜਿੱਤ ਕੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਅਤੇ ਵਡੇਰੀ ਉਮਰ ਵਿਚ ਵੀ ਇਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਦਾ ਸਬੱਬ ਬੀ ਬਣਦੇ ਆ ਰਹੇ ਹਨ।