ਮੁਕੰਦਪੁਰ, 2 ਜੁਲਾਈ (ਅਮਰੀਕ ਸਿੰਘ ਢੀਂਡਸਾ) - ਰੋਜ਼ਾਨਾ ਹੋ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਵਾਸਤੇ ਬੇਸ਼ਕ ਪ੍ਰਸ਼ਾਸਨ ਵਲੋਂ ਸਖ਼ਤ ਕਾਨੂੰਨ ਬਣਾਏ ਹੋਏ ਹਨ ਪਰ ਉਹਨਾਂ ਨੂੰ ਲਾਗੂ ਕਰਨ ਜਾਂ ਕਰਵਾਉਣ ਵਿੱਚ ਪ੍ਰਸ਼ਾਸਨ ਅਕਸਰ ਅਸਫਲ ਹੁੰਦਾ ਨਜ਼ਰ ਆਉਂਦਾ ਹੈ ਜਿਸ ਕਰਕੇ ਨਿਯਮਾਂ ਦੀ ਉਲੰਘਣਾ ਹੋਣ ’ਤੇ ਰੋਜ਼ਾਨਾ ਹਾਦਸੇ ਵਾਪਰਦੇ ਹਨ ਤੇ ਕੀਮਤੀ ਜਾਨਾਂ ਅਜਾਈਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਨੇ। ਇਸ ਪ੍ਰਤੀ ਸੜਕ ’ਤੇ ਚੱਲਣ ਵਾਲੇ ਨਾਗਰਿਕਾਂ ਦੀ ਵੀ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਖੁੱਦ ਸੁਰੱਖਿਅਤ ਰਹਿਣ ਅਤੇ ਦੂਸਰਿਆਂ ਨੂੰ ਵੀ ਸੁਰੱਖਿਅਤ ਲੰਘਣ ਦੇਣ ਪਰ ਪੰਜਾਬ ਵਿੱਚ ਸੜਕੀ ਨਿਯਮਾਂ ਦੀ ਘੋਰ ਉਲੰਘਣਾ ਵੱਲ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਵੇਖ ਰਿਹਾ ਹੈ ਜਦ ਕਿ ਸੜਕਾਂ ’ਤੇ ਦੋ ਪਹੀਆ ਅਤੇ ਤਿੰਨ ਪਹੀਆ ਮੋਟਰ ਗੱਡੀਆਂ ਉੱਤੇ ਇੰਨਾ ਸਾਮਾਨ ਲੱਦਿਆ ਹੁੰਦਾ ਹੈ ਜਿਵੇਂ ਕਿ ਕਿਸੇ ਚਾਰ ਜਾਂ ਛੇ ਟਾਇਰੀ ਗੱਡੀ ਉੱਤੇ ਲੱਦਿਆ ਹੋਵੇ। ਵੇਖਣ ਨੂੰ ਇਹ ਗੱਡੀਆਂ ਬੇਸ਼ਕ ਛੋਟੀਆਂ ਲੱਗਦੀਆਂ ਹਨ ਪਰ ਇਹਨਾਂ ਉੱਤੇ ਲੱਦਿਆ ਬੇਸ਼ੁਮਾਰ ਸਮਾਨ ਇੱਕ ਚਲਦੇ ਫਿਰਦੇ ਬਾਜ਼ਾਰ ਦੀ ਨਿਆਈ ਹੁੰਦਾ ਹੈ ਜੋ ਸਮਾਨ ਬਾਜ਼ਾਰ ਵਿੱਚ ਕਈ ਦੁਕਾਨਾਂ ਘੁੰਮ ਕੇ ਖਰੀਦਿਆ ਜਾ ਸਕਦਾ ਹੈ ਉਹ ਇਹਨਾਂ ਤੁਰਦੇ ਫਿਰਦੇ ਮੌਤ ਦੇ ਜੁਗਾੜੂ ਰੇੜਿਆਂ ਤੋਂ ਮਿਲ ਜਾਂਦਾ ਹੈ ਪਰ ਜਦੋਂ ਇਹ ਸੜਕਾਂ ਤੋਂ ਲੰਘਦੇ ਹਨ ਤਾਂ ਪਿਛਿਓਂ ਕਿਸੇ ਵੱਡੀ ਗੱਡੀ ਦਾ ਭੁਲੇਖਾ ਪੈਂਦਾ ਅਤੇ ਲੰਘਣ ਵਾਲਿਆਂ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਅਤੇ ਇਹ ਓਵਰਲੋਡ ਗੱਡੀਆਂ ਭਾਵੇਂ ਵੇਖਣ ਜਾਂ ਕਹਿਣ ਨੂੰ ਟੂ ਜਾਂ ਥਰੀ ਵੀਲਰ ਹਨ ਪਰ ਇੰਨੀਆਂ ਲੱਦੀਆਂ ਹੋਣ ਕਰਕੇ ਆਮ ਤੌਰ ’ਤੇ ਵੱਡੇ ਹਾਦਸਿਆਂ ਨੂੰ ਅੰਜਾਮ ਦੇਣ ਦਾ ਕਾਰਨ ਬਣਦੀਆਂ ਹਨ। ਲੇਕਿਨ ਪੁਲਿਸ ਪ੍ਰਸ਼ਾਸਨ ਜਾਂ ਰੋਡ ਸੇਫਟੀ ਵਾਹਨਾਂ ’ਤੇ ਡਿਊਟੀ ਦੇ ਰਹੇ ਕਰਮਚਾਰੀਆਂ ਨੂੰ ਸ਼ਾਇਦ ਨਜ਼ਰ ਨਹੀਂ ਆਉਂਦੇ ਜਾਂ ਕੋਈ ਹੋਰ ਕਾਰਨ ਹੋ ਸਕਦਾ।