ਡੇਰਾ ਬਾਬਾ ਨਾਨਕ, 16 ਮਈ (ਹੀਰਾ ਸਿੰਘ ਮਾਂਗਟ)-ਭਾਰਤੀ ਸਰਹੱਦ ਅੰਦਰ ਨਸ਼ਿਆਂ ਦੀ ਸਮੱਗਲਿੰਗ ਨੂੰ ਠੱਲ ਪਾਉਣ ਲਈ ਭਾਵੇਂ ਕਿ ਬੀ.ਐਸ.ਐਫ. ਅਤੇ ਪੁਲਿਸ ਵਲੋਂ ਸਾਂਝੇ ਸਰਚ ਆਪਰੇਸ਼ਨ ਚਲਾਏ ਗਏ ਹਨ ਤੇ ਬੀ.ਐਸ.ਐਫ. ਵਲੋਂ ਸਰਹੱਦ ਤੇ ਬਾਜ਼ ਨਿਗਾ ਰੱਖੀ ਹੋਈ ਹੈ ਪਰ ਪਾਕਿਸਤਾਨ ਅਜੇ ਵੀ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ | ਸਰਹੱਦੀ ਇਲਾਕੇ ਅੰਦਰ ਬੀ.ਐਸ.ਐਫ. ਅਤੇ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਸਰਚ ਅਪਰੇਸ਼ਨ ਦੌਰਾਨ ਅੱਜ ਇੱਕ ਪਾਕਿਸਤਾਨੀ ਡਰੋਨ ਅਤੇ 500 ਗਰਾਮ ਆਈਸ ਬਰਾਮਦ ਕੀਤੀ ਗਈ | ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੇ ਐਸ.ਐਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕ ਬੀ.ਐਸ.ਐਫ. ਦੀ ਬਸੰਤਰ ਪੋਸਟ ਨੇੜੇ ਘਣੀਏ ਕੇ ਬੇਟ ਦੇ ਖੇਤਾਂ ਵਿੱਚੋਂ ਇੱਕ ਪਾਕਿਸਤਾਨੀ ਡਰੋਨ ਅਤੇ ਉਸ ਦੇ ਨਾਲ ਬੱਝਾ ਹੋਇਆ 500 ਗ੍ਰਾਮ ਆਈਸ ਦਾ ਪੈਕਟ ਬਰਾਮਦ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਆਈਸ ਦੇ ਪੈਕਟ ਨੂੰ ਪਾਕਿਸਤਾਨ ਵੱਲੋਂ ਡਰੋਨ ਨਾਲ ਬੰਨ ਕੇ ਭਾਰਤ ਭੇਜਿਆ ਗਿਆ ਸੀ ਜਿਸ ਦਾ ਸੰਪਰਕ ਟੁੱਟਣ ਨਾਲ ਡਰੋਨ ਖੇਤਾਂ ਵਿਚ ਡਿੱਗ ਗਿਆ | ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਆਈਸ ਤੇ ਡਰੋਨ ਨੂੰ ਕਬਜ਼ੇ ਵਿੱਚ ਲੈ ਕੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |