ਭੈਣੀ ਮੀਆਂ ਖਾਂ, 26 ਜੂਨ (ਜਸਬੀਰ ਸਿੰਘ ਬਾਜਵਾ)-ਘਰੇਲੂ ਪ੍ਰੇਸ਼ਾਨੀ ਤੇ ਮਾਨਸਿਕ ਤਣਾਅ ਦੇ ਚਲਦਿਆਂ ਵਿਆਹੁਤਾ ਔਰਤ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਲਾਇਵ ਹੋ ਕੇ ਖੁਦਕੁਸ਼ੀ ਵਰਗਾ ਖੌਫ਼ਨਾਕ ਕਦਮ ਚੁੱਕਣਾ ਇਕ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਘਟਨਾ ਹੈ। ਅਜਿਹਾ ਹੀ ਮਾਮਲਾ ਪਿੰਡ ਰਾਜੂ ਬੇਲਾ ਵਿਖੇ ਪੇਕੇ ਘਰ ਰਹਿ ਰਹੀ ਵਿਆਹੁਤਾ ਔਰਤ ਵਲੋਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਖੁਦਕੁਸ਼ੀ ਕਰਨ ਦਾ ਸਾਹਮਣੇ ਆਇਆ ਹੈ। ਇਸ ਸਬੰਧੀ ਵਿਆਹੁਤਾ ਔਰਤ ਦੇ ਪਿਤਾ ਸੈਮੂਅਲ ਮਸੀਹ ਵਾਸੀ ਰਾਜੂਬੇਲਾ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਪਿਛਲੇ ਇਕ ਸਾਲ ਤੋਂ ਮੇਰੇ ਕੋਲ ਪੇਕੇ ਪਰਿਵਾਰ ਵਿਚ ਰਹਿ ਰਹੀ ਸੀ, ਅੱਜ ਜਦੋਂ ਉਹ ਸਵੇਰੇ ਕਿਸੇ ਘਰੇਲੂ ਕੰਮ ਲਈ ਬਾਜ਼ਾਰ ਗਈ ਹੋਈ ਸੀ, ਮੈਨੂੰ ਮੇਰੇ ਕੁਝ ਰਿਸ਼ਤੇਦਾਰਾਂ ਨੇ ਫ਼ੋਨ ਕਰ ਕੇ ਦੱਸਿਆ ਕਿ ਤੇਰੀ ਬੇਟੀ ਦੀ ਇੰਸਟਾਗ੍ਰਾਮ ’ਤੇ ਵੀਡੀਓ ਚੱਲ ਰਹੀ ਹੈ, ਫਿਰ ਕੁਝ ਦੇਰ ਬਾਅਦ ਹੀ ਕੁਝ ਲੋਕਾਂ ਨੇ ਮੈਨੂੰ ਦੱਸਿਆ ਕਿ ਉਸ ਨੇ ਬਿਆਸ ਦਰਿਆ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਸੈਮੂਅਲ ਮਸੀਹ ਨੇ ਦੱਸਿਆ ਕਿ ਉਸ ਦੀ ਪੁੱਤਰੀ ਬਲਾਕ ਦਸੂਹਾ ਦੇ ਪਿੰਡ ਰਾਓ ਵਿਖੇ ਵਿਆਹੀ ਹੋਈ ਸੀ ਤੇ ਉਸ ਦਾ ਇਕ ਸਾਲ ਦਾ ਪੁੱਤਰ ਵੀ ਹੈ ਅਤੇ ਉਸ ਦਾ ਪਤੀ ਪਿਛਲੇ 2 ਸਾਲ ਤੋਂ ਵਿਦੇਸ਼ ਵਿਚ ਰੁਜ਼ਗਾਰ ਲਈ ਗਿਆ ਹੋਇਆ ਹੈ। ਇਸ ਸਬੰਧੀ ਥਾਣਾ ਮੁਖੀ ਭੈਣੀ ਮੀਆਂ ਖਾਂ ਇੰਸਪੈਕਟਰ ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜੇ ਤੱਕ ਲਾਸ਼ ਨਹੀਂ ਮਿਲੀ ਹੈ ਦਰਿਆ ਵਿਚ ਲਾਸ਼ ਦੀ ਭਾਲ ਜਾਰੀ ਹੈ।