ਲੁਧਿਆਣਾ, 26 ਜੂਨ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਭਰ ਦੇ ਇਸਾਈ ਭਾਈਚਾਰੇ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸ਼ਰਾਰਤੀ ਅਨਸਰਾਂ ਵਲੋਂ ਇਸਾਈ ਧਰਮ ’ਤੇ ਹਮਲੇ ਅਤੇ ਪਵਿੱਤਰ ਬਾਈਬਲ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਾ ਦਿੱਤੀਆਂ ਗਈਆਂ ਤਾਂ ਸੂਬਾ ਪੱਧਰੀ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਪੰਜਾਬ ਮਾਤਾ ਨਗਰ ਵਿਚ ਯੂਨਾਈਟਿਡ ਕ੍ਰਿਸ਼ਚੀਅਨ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਲਬਰਟ ਦੂਆ ਦੀ ਅਗਵਾਈ ਹੇਠ ਹੋਈ ਸੂਬਾਈ ਮੀਟਿੰਗ ਵਿਚ ਪੰਜਾਬ ਭਰ ਤੋਂ ਵੱਖ-ਵੱਖ ਇਸਾਈ ਭਾਈਚਾਰੇ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਇਸ ਮੌਕੇ ਰਾਜਸੀ ਸਰਗਰਮੀਆਂ ਤੇਜ਼ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਤਾਂ ਜੋ ਇਸਾਈ ਭਾਈਚਾਰੇ ਨੂੰ ਸੱਤਾ ਵਿਚ ਭਾਈਵਾਲ ਬਣਾਕੇ ਮੁਸ਼ਕਿਲਾਂ ਦਾ ਹੱਲ ਕੱਢਿਆ ਜਾ ਸਕੇ। ਪ੍ਰਧਾਨ ਅਲਬਰਟ ਦੂਆ ਨੇ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਸ਼ਰਾਰਤੀ ਅਨਸਰਾਂ ਦੇ ਹੌਂਸਲੇ ਵੱਧ ਗਏ ਹਨ, ਜਿਸ ਨਾਲ ਜਲੰਧਰ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਅਤੇ ਸ਼ਿਮਲਾ ਵਿਚ ਵੀ ਇਸਾਈ ਭਾਈਚਾਰੇ ਅਤੇ ਇਸਾਈ ਧਰਮ ‘ਤੇ ਹਮਲੇ ਹੋ ਰਹੇ ਹਨ। ઠ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਤਿਕਾਰ ਸੋਧ ਕਾਨੂੰਨ 2026 ਸਿਰਫ਼ ਇਕ ਧਰਮ ਲਈ ਬਣਾਇਆ ਗਿਆ ਹੈ, ਇਸ ਕਾਨੂੰਨ ਵਿਚ ਬਾਈਬਲ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਾ ਕੋਈ ਮੁੱਦਾ ਨਾ ਹੋਣ ਕਰਕੇ ਇਹ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ । ਇਸ ਮੌਕੇ ਏ ਸੀ ਪੀ ਅਮਨਦੀਪ ਕੁਮਾਰ ਨੂੰ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲਈ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਬਾਬੂ ਸੈਮੂਅਲ ਸਹੋਤਾ, ਬਿਸ਼ਪ ਵਿਜੇ ਕਲਾਈਮੈਂਟ, ਬਿਸ਼ਪ ਮਾਈਕਲ, ਬਿਸ਼ਪ ਵਿਲਸਨ, ਬਿਸ਼ਪ ਬਲਵਿੰਦਰ ਸੋਨੂ, ਸੈਮੂਅਲ ਦੋਸਤ, ਸੁਨੀਲ, ਤਿਵਾਰੀ, ਰਾਮ ਬਾਬੂ, ਪੀਟਰ ਪ੍ਰਕਾਸ਼, ਰੇਸ਼ਮ, ਮੰਜੂਰ, ਵਿਸਨੂੰ ਜਰਗ, ਵਿਨੋਦ, ਜੀਵਨ ਮੈਥਿਊ, ਵਿੱਕੀ, ਰੁਸਤਮ, ਜੌਹਨਸਨ (ਸਾਰੇ ਪਾਸਟਰ ਸਾਹਿਬਾਨ), ਸੁਰਜੀਤ ਥਾਪਰ (ਜਲੰਧਰ), ਜੌਨ ਕੋਟਲੀ (ਅੰਮ੍ਰਿਤਸਰ), ਦੀਪਕ ਸ਼ੈਲੀ (ਅੰਮ੍ਰਿਤਸਰ), ਪ੍ਰਦੀਪ ਗੁਲਾਟੀ (ਅੰਬਾਲਾ), ਬਾਬੂ ਸੈਮੂਅਲ ਸਹੋਤਾ ਆਦਿ ਹਾਜ਼ਰ ਸਨ।
ਇਸਾਈ ਭਾਈਚਾਰੇ ਨੂੰ ਇਨਸਾਫ਼ ਨਾ ਮਿਲਿਆ ਤਾਂ ਸੂਬਾ ਪੱਧਰੀ ਸੰਘਰਸ਼ ਕੀਤਾ ਜਾਵੇਗਾ-ਦੂਆ
ਅਜੀਤ ਡੈਸਕ
27-06-2026