ਚੰਡੀਗੜ੍ਹ, 3 ਅਪ੍ਰੈਲ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਦਾ 69ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਬਸੰਤ ਰਾਜ ਕੁਮਾਰ ਆਈ.ਐਫ.ਐਸ ਪਿ੍ੰਸੀਪਲ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟਸ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਜਿਨ੍ਹਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ | ਕੁੱਲ 60 ਵਿਦਿਆਰਥੀਆਂ ਨੂੰ ਅਕਾਦਮਿਕ, ਐਨ.ਸੀ.ਸੀ, ਐਨ.ਐਸ.ਐਸ, ਸੱਭਿਆਚਾਰਕ ਗਤੀਵਿਧੀਆਂ, ਖ਼ੂਨਦਾਨ ਅਤੇ ਖੇਡਾਂ ਵਰਗੇ ਖੇਤਰਾਂ ਵਿਚ ਉਨ੍ਹਾਂ ਦੀ ਵਿਲੱਖਣਤਾ ਲਈ ਰੋਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ 48 ਵਿਦਿਆਰਥੀਆਂ ਨੂੰ ਪ੍ਰੀਸ਼ਦ ਦੀ ਕੁਸ਼ਲ ਨਿਗਰਾਨੀ ਲਈ ਕਾਲਜ ਕਲਰ ਅਤੇ 61 ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਬੰਧਿਤ ਵਿਸ਼ਿਆਂ ਵਿਚ ਅਕਾਦਮਿਕ ਉੱਤਮਤਾ ਲਈ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ | ਸਮਾਰੋਹ ਦੀ ਸ਼ੁਰੂਆਤ ਪਿ੍ੰਸੀਪਲ ਦੀਪਸ਼ਿਖਾ ਦੇ ਸਵਾਗਤੀ ਭਾਸ਼ਣ ਨਾਲ ਹੋਈ | ਜਿਨ੍ਹਾਂ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਪੂਰੇ ਅਕਾਦਮਿਕ ਸਾਲ ਦੌਰਾਨ ਉਨ੍ਹਾਂ ਦੇ ਸਮਰਪਣ, ਲਗਨ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ | ਵਾਈਸ ਪਿ੍ੰਸੀਪਲ ਰੰਜਨ ਵਰਮਾ ਅਤੇ ਮੌਜੂਦ ਹੋਰ ਪਤਵੰਤਿਆਂ ਨੇ ਅੰਗਰੇਜ਼ੀ ਵਿਭਾਗ ਦੀ ਡਾ. ਸ਼ਾਲਿਨੀ ਵਾਧਵਾ ਦੁਆਰਾ ਲਿਖੀ ਗਈ ਇਕ ਵਿਦਵਤਾਪੂਰਨ ਕਿਤਾਬ ਨੂੰ ਜਾਰੀ ਕੀਤਾ ਗਿਆ |