ਡੇਰਾਬੱਸੀ, 9 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਇਕੋ ਗ੍ਰੀਨ ਸਿਟੀ-2 ਸੁਸਾਇਟੀ 'ਚ ਪਾਣੀ ਦੀ ਸਪਲਾਈ ਦੇਣ ਵਾਲੇ ਪੰਪ ਆਪ੍ਰੇਟਰ ਸੇਵਾ-ਮੁਕਤ ਏਅਰ ਫੋਰਸ ਬਜ਼ੁਰਗ ਮਹੇਸ਼ਵਰ (66) ਵਾਸੀ ਇਕੋ ਗ੍ਰੀਨ 2 ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਹਮਲੇ 'ਚ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਬਜ਼ੁਰਗ ਨੂੰ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਜਾਣਕਾਰੀ ਅਨੁਸਾਰ ਇਹ ਸਾਰਾ ਵਿਵਾਦ ਸੁਸਾਇਟੀ ਦੇ ਵਟਸਐਪ ਗਰੁੱਪ ਵਿਚ ਪਾਈ ਗਈ ਇਕ ਪੋਸਟ ਤੋਂ ਸ਼ੁਰੂ ਹੋਇਆ | ਇਸ ਸੰਬੰਧੀ ਬਜ਼ੁਰਗ ਦੇ ਪੁੱਤਰ ਟਿੰਕੂ ਨੇ ਦੱਸਿਆ ਕਿ ਸੁਸਾਇਟੀ ਦੇ ਸੋਸ਼ਲ ਮੀਡੀਆ ਗਰੁੱਪ ਵਿਚ ਕਿਸੇ ਵਿਅਕਤੀ ਨੇ ਮੈਸੇਜ ਪਾਇਆ ਸੀ ਕਿ ਉਸ ਦੇ ਪਿਤਾ ਵਲੋਂ ਟਿਊਬਵੈੱਲ ਦਾ ਪੰਪ ਸਮੇਂ ਸਿਰ ਬੰਦ ਨਹੀਂ ਕੀਤਾ ਜਾ ਰਿਹਾ ਅਤੇ ਇਸ ਨੂੰ ਬੇਵਜ੍ਹਾ ਚਲਾਇਆ ਜਾ ਰਿਹਾ ਹੈ | ਇਸ ਬਾਰੇ ਜਦੋਂ ਉਸਦੇ ਬਜ਼ੁਰਗ ਪਿਤਾ ਨੂੰ ਪਤਾ ਲੱਗਿਆ ਤਾਂ ਉਹ ਸਪੱਸ਼ਟੀਕਰਨ ਦੇਣ ਅਤੇ ਗੱਲਬਾਤ ਕਰਨ ਲਈ ਉਕਤ ਵਿਅਕਤੀ ਦੇ ਘਰ ਚਲੇ ਗਏ, ਪਰ ਉਸ ਵਿਅਕਤੀ ਦੇ ਘਰ ਨਾ ਹੋਣ ਕਾਰਨ ਜਦੋਂ ਉਹ ਉਥੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ 'ਚ ਸੁਸਾਇਟੀ ਦਾ ਉਹ ਵਸਨੀਕ ਮਿਲ ਗਿਆ | ਦੋਸ਼ ਹੈ ਕਿ ਗੱਲਬਾਤ ਦੌਰਾਨ ਉਕਤ ਸੁਸਾਇਟੀ ਨਿਵਾਸੀ ਨੇ ਤੈਸ਼ 'ਚ ਆ ਕੇ ਬਜ਼ੁਰਗ ਉੱਪਰ ਹਮਲਾ ਕਰ ਦਿੱਤਾ | ਪੀੜਤ ਪਰਿਵਾਰ ਅਨੁਸਾਰ ਹਮਲਾਵਰ ਨੇ ਬਜ਼ੁਰਗ ਨਾਲ ਬੁਰੀ ਤਰਵਾਂ ਕੁੱਟਮਾਰ ਕੀਤੀ, ਜਿਸ ਕਾਰਨ ਉਨ੍ਹਾਂ ਦੇ ਮੂੰਹ, ਬੁੱਲਾਂ ਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ | ਹਾਲਤ ਵਿਗੜਦੀ ਦੇਖ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ | ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |