ਐੱਸ. ਏ. ਐੱਸ. ਨਗਰ, 15 ਮਈ (ਪ੍ਰੋ. ਅਵਤਾਰ ਸਿੰਘ)- ਸਥਾਨਕ ਸੈਕਟਰ-79 ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਸਰਹਿੰਦ ਫ਼ਤਹਿ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਸੰਦੀਪ ਸਿੰਘ ਨੇ ਦੱਸਿਆ ਕਿ ਸਰਹਿੰਦ ਫ਼ਤਹਿ ਦਿਵਸ ਨੂੰ ਮੁੱਖ ਰੱਖਦਿਆਂ ਸ਼ਾਮ ਸਮੇਂ ਸਜਾਏ ਗਏ ਦੀਵਾਨ ਦੌਰਾਨ ਜਿਥੇ ਉੱਘੇ ਕਥਾਵਾਚਕ ਭਾਈ ਮੇਘ ਸਿੰਘ ਨੇ ਸੰਗਤਾਂ ਨੂੰ 1710 ਈ. 'ਚ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਰਹਿੰਦ ਫ਼ਤਹਿ ਕਰਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਉਥੇ ਹੀ ਭਾਈ ਜਗਜੀਤ ਸਿੰਘ ਚੰਡੀਗੜ੍ਹ ਵਾਲਿਆਂ ਦੇ ਜਥੇ ਵਲੋਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਨੇ ਗੁਰੂ-ਘਰ ਵਿਖੇ ਚੱਲ ਰਹੀ ਕਮਰਿਆਂ ਦੀ ਉਸਾਰੀ ਦੀ ਸੇਵਾ ਦੌਰਾਨ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਕਸ਼ਮੀਰ ਸਿੰਘ ਵਲੋਂ ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਸਮਾਗਮ 'ਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਸਮੁੱਚੀਆਂ ਮੈਂਬਰਾਂ ਬੀਬੀ ਰਮਿੰਦਰ ਕੌਰ, ਜਸਵੀਰ ਕੌਰ, ਅਮਨਪ੍ਰੀਤ ਕੌਰ, ਰਵਿੰਦਰ ਕੌਰ, ਅਵਿਨਾਸ਼ ਕੌਰ ਤੇ ਬਲਜੀਤ ਕੌਰ ਸਮੇਤ ਅਵਤਾਰ ਸਿੰਘ, ਧਰਮਵੀਰ ਸਿੰਘ, ਬਲਿਹਾਰ ਸਿੰਘ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਦੀਪ ਸਿੰਘ, ਬਹਾਦਰ ਸਿੰਘ, ਰਣਜੀਤ ਸਿੰਘ, ਭੁਪਿੰਦਰ ਸਿੰਘ, ਸਾਬਕਾ ਕੌਂਸਲਰ ਹਰਜੀਤ ਸਿੰਘ ਭੋਲੂ, ਅਮਰੀਕ ਸਿੰਘ ਸਾਬਕਾ ਪ੍ਰਧਾਨ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ ਬੈਂਸ, ਐਮ. ਪੀ. ਸਿੰਘ ਤੇ ਗਿਆਨ ਸਿੰਘ ਆਦਿ ਹਾਜ਼ਰ ਸਨ |