ਚੰਡੀਗੜ੍ਹ, 26 ਜੂਨ (ਕਪਿਲ ਵਧਵਾ) - ਡੱਡੂਮਾਜਰਾ ਰੋਡ ਸਥਿਤ ਪਿੰਡ ਤੋਗਾ ਰੋਡ ਦੀ ਗੱਡੀਆਂ ਦੀ ਸਕ੍ਰੈਪ ਮਾਰਕੀਟ ਵਿਚ ਸ਼ੁੱਕਰਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਨੇ ਕੁੱਝ ਹੀ ਸਮੇਂ ਵਿਚ ਵਿਆਪਕ ਰੂਪ ਧਾਰਨ ਕਰ ਲਿਆ ਅਤੇ ਇਕ ਤੋਂ ਬਾਅਦ ਇਕ ਕਈ ਦੁਕਾਨਾਂ ਅੰਦਰ ਪਏ ਸਕਰੈਪ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਾਣਕਾਰੀ ਅਨੁਸਾਰ ਮਾਰਕੀਟ ਵਿਚ ਵੱਡੀ ਗਿਣਤੀ ਵਿਚ ਪੁਰਾਣੀਆਂ ਗੱਡੀਆਂ, ਉਨ੍ਹਾਂ ਦੇ ਇੰਜਣ, ਟਾਇਰ, ਪਲਾਸਟਿਕ ਅਤੇ ਹੋਰ ਸਪੇਅਰ ਪਾਰਟਸ ਪਏ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਸੂਚਨਾ ਮਿਲਦੇ ਹੀ ਥਾਣਾ ਮਲੋਆ ਦੇ ਐਸ. ਐੱਚ. ਓ ਬਲਦੇਵ ਕੁਮਾਰ ਦੀ ਅਗਵਾਈ ਵਿਚ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨਾਲ ਮਿਲ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰਵਾਇਆ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਮਾਰਕੀਟ ਦੇ ਦੋਵੇਂ ਪਾਸਿਆਂ ਤੋਂ ਸੜਕ ਨੂੰ ਬੰਦ ਕਰ ਦਿੱਤਾ ਅਤੇ ਇਲਾਕੇ ਨੂੰ ਖ਼ਾਲੀ ਕਰਵਾ ਦਿੱਤਾ ਤਾਂ ਜੋ ਰਾਹਤ ਕਾਰਜਾਂ ਵਿਚ ਕੋਈ ਰੁਕਾਵਟ ਨਾ ਆਵੇ। ਇਸ ਮਾਮਲੇ ਸਬੰਧੀ ਥਾਣਾ ਮਲੋਆ ਮੁਖੀ ਇੰਸਪੈਕਟਰ ਬਲਦੇਵ ਕੁਮਾਰ ਵਲੋਂ ਸਾਂਝੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਦੁਪਹਿਰ ਕਰੀਬ 12 ਵਜੇ ਮੌਕੇ ’ਤੇ ਪਹੁੰਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਕਈ ਦੁਕਾਨਾਂ ਵਿਚ ਦੇ ਪਿਛਲੇ ਪਾਸੇ ਪਿਆ ਕਬਾੜ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਉਨ੍ਹਾਂ ਦੱਸਿਆ ਕਿ ਦੋ ਕਾਰੀਗਰ ਦੁਕਾਨ ਦੇ ਪਿਛਲੇ ਪਾਸੇ ਵੈਲਡਿੰਗ ਦਾ ਕੰਮ ਕਰ ਰਹੇ ਸਨ, ਜਿਸ ਦੌਰਾਨ ਸੰਭਾਵੀ ਤੌਰ ਤੇ ਚਿੰਗਾਰੀਆਂ ਕਾਰਨ ਕਿਸੇ ਜਲਨਸ਼ੀਲ ਵਸਤੂ ਨੂੰ ਅੱਗ ਲੱਗ ਗਈ, ਜੋਂ ਕਿ ਪਹਿਲਾਂ ਤਾਂ ਨਜ਼ਰ ਵਿਚ ਨਹੀਂ ਆਈ ਤੇ ਭਾਂਤ-ਭਾਂਤ ਦਾ ਸਕ੍ਰੈਪ ਇਕੋਂ ਜਗ੍ਹਾ ਪਿਆ ਹੋਣ ਕਾਰਨ ਅੱਗ ਕਾਫ਼ੀ ਵੱਧ ਗਈ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।