ਐੱਸ. ਏ. ਐੱਸ. ਨਗਰ, 26 ਜੂਨ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਦੀ ਪ੍ਰਧਾਨਗੀ ਹੇਠ ਹੋਈ ਨਗਰ ਨਿਗਮ ਮੁਹਾਲੀ ਦੀ ਪਲੇਠੀ ਮੀਟਿੰਗ ਦੌਰਾਨ ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਆਪੋ ਆਪਣੇ ਵਾਰਡਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਿਆ ਗਿਆ ਅਤੇ ਇਨ੍ਹਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਮੇਅਰ ਸਰਬਜੀਤ ਸਿਘ ਸਮਾਣਾ ਅਤੇ ਕਮਿਸ਼ਨਰ ਸੰਦੀਪ ਸਿੰਘ ਵਲੋਂ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਮੀਟਿੰਗ ‘ਚ ਉਚੇਚੇ ਤੌਰ ‘ਤੇ ਪੁੱਜੇ ਹਲਕਾ ਵਿਧਾਇਕ ਕੁਲਵੰਤ ਸਿੰਘ ਵਲੋਂ ਸਰਕਾਰੀ ਪੱਧਰ ‘ਤੇ ਹੋਣ ਵਾਲੀ ਕਾਰਵਾਈ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿਵਾਇਆ ਗਿਆ ਅਤੇ ਕੌਂਸਲਰਾਂ ਨੂੰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨ ਲਈ ਕਿਹਾ ਗਿਆ। ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਸਮੁੱਚੇ ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ। ਇਸ ਮੌਕੇ ਪਿੰਡ ਸੋਹਾਣਾ ਦੇ ਟੋਭੇ ਵਾਲੀ ਥਾਂ ‘ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਬਾਰੇ ਕੌਂਸਲਰ ਸ਼ਰਨਜੀਤ ਕੌਰ ਅਤੇ ਹਰਜੀਤ ਸਿੰਘ ਭੋਲੂ ਨੇ ਕਿਹਾ ਕਿ ਇਸ ਥਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ ਮੌਕੇ ਪਿੰਡ ਦੇ ਇਕ ਨੰਬਰਦਾਰ ਵਲੋਂ ਜ਼ਮੀਨ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਕਿ ਜਾਂਚ ਹੋਣੀ ਚਾਹੀਦੀ ਹੈ। ਇਸ ‘ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਿਰਫ ਜਾਂਚ ਹੀ ਨਹੀਂ, ਬਲਕਿ ਕਾਰਵਾਈ ਵੀ ਯਕੀਨੀ ਬਣਾਈ ਜਾਵੇਗੀ। ਇਸ ਮੋਕੇ ਨਗਰ ਨਿਗਮ ਦੀਆਂ ਕਮੇਟੀਆਂ ਬਣਾਉਣ ਦੇ ਮਤੇ ਬਾਰੇ ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰ ਦਲ ਦੇ ਨੇਤਾ ਐਡਵੋਕੇਟ ਨਰਪਿੰਦਰ ਸਿੰਘ ਰੰਗੀ ਨੇ ਕਿਹਾ ਕਿ ਨਗਰ ਨਿਗਮ ਦਾ ਕੰਮ ਉਸਾਰੂ ਤਰੀਕੇ ਨਾਲ ਚੱਲਣਾ ਚਾਹੀਦਾ ਹੈ ਅਤੇ ਕਾਬਜ਼ ਧਿਰ ਨੂੰ ਨਿਗਮ ਦੀਆਂ ਕਮੇਟੀਆਂ ‘ਚ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵੀ ਥਾਂ ਦੇਣੀ ਚਾਹੀਦੀ ਹੈ। ਇਸ ਮੌਕੇ ਕੌਂਸਲਰ ਗੌਰਵ ਜੈਨ ਨੇ ਫੇਜ਼-11 ‘ਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਦੇ ਪਿਤਾ ਅਤੇ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਵਲੋਂ 2.10 ਕਰੋੜ ਰੁ. ਦੀ ਲਾਗਤ ਨਾਲ ਪੈਣ ਵਾਲੇ 56 ਇੰਚ ਦੀ ਪਾਈਪ ਲਾਈਨ ਦਾ ਪ੍ਰਾਜੈਕਟ ਪਾਸ ਕਰਵਾਇਆ ਗਿਆ ਸੀ, ਪ੍ਰੰਤੂ ਪ੍ਰਾਜੈਕਟ ਦੇ ਅਖੀਰ ‘ਚ ਸਥਿਤ ਚੰਡੀਗੜ੍ਹ ਦੀ ਬਾਊਂਡਰੀ ਵਾਲ ਡਿੱਗਣ ਕਾਰਨ ਉਥੇ ਬਹੁਤ ਸਾਰਾ ਮਲਬਾ ਡਿੱਗਿਆ ਹੋਇਆ, ਜਿਸ ਕਾਰਨ ਪਾਣੀ ਦੀ ਨਿਕਾਸੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਮਲਬਾ ਤੁਰੰਤ ਚੁਕਵਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਫੇਜ਼-11 ਦੇ ਆਰ. ਐਮ. ਸੀ. ਦਾ ਮੁੱਦਾ ਚੁਕਦਿਆਂ ਇਸ ਨੂੰ ਇਥੋਂ ਤਬਦੀਲ ਕਰਨ ਦੀ ਮੰਗ ਕੀਤੀ। ਉਨ੍ਹਾਂ ਫੇਜ਼-11 ਦੇ ਪੁਲਿਸ ਥਾਣੇ ਤੋਂ ਲੈ ਕੇ ਪੈਟਰੋਲ ਪੰਪ ਤੱਕ ਪਾਈ ਗਈ 48 ਇੰਚੀ ਪਾਈਪ ਦੇ ਬੰਦ ਹੋਣ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਨਾਲ ਵੀ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੁੰਦੀ ਹੈ, ਲਿਹਾਜ਼ਾ ਇਹ ਮਸਲਾ ਵੀ ਹੱਲ ਕਰਵਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪਿੰਡ ਕੰਬਾਲੀ ਦੀ ਸੀਵਰੇਜ ਦੀ ਨਿਕਾਸੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਮੁੱਦਾ ਵੀ ਚੁੱਕਿਆ। ਇਸ ‘ਤੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਸਿੰਘ ਨੇ ਕਿਹਾ ਕਿ ਆਰ. ਐਮ. ਸੀ. ਕੇਂਦਰ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਜਾ ਸਕਦਾ ਅਤੇ ਜੇਕਰ ਕੌਂਸਲਰ ਚਾਹੁੰਣ ਤਾਂ ਉਹ ਜਿਹੜੀ ਥਾਂ ਤਜਵੀਜ਼ ਕਰਨਗੇ ਉਸ ਨੂੰ ਉਥੇ ਤਬਦੀਲ ਕੀਤਾ ਜਾ ਸਕਦਾ ਹੈ। ਬਾਕੀ ਮੰਗਾਂ ਬਾਰੇ ਮੇਅਰ ਸਮਾਣਾ ਵਲੋਂ ਕਿਹਾ ਗਿਆ ਕਿ ਇਸ ਸੰਬੰਧੀ ਲੋੜੀਂਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਇਸੇ ਦੌਰਾਨ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਵਲੋਂ ਨਗਰ ਨਿਗਮ ‘ਚ ਡਰਾਈਵਰਾਂ ਦੀ ਕਮੀ ਦਾ ਮੁੱਦਾ ਚੁੱਕਦਿਆਂ ਲੋੜੀਂਦੇ ਡਰਾਈਵਰ ਅਤੇ ਹੋਰ ਕਰਮਚਾਰੀਆਂ ਦੀ ਭਰਤੀ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਬਿਜਲੀ ਵਿਭਾਗ ‘ਚ ਫ਼ੀਲਡ ਕਰਮਚਾਰੀਆਂ ਦੀ ਘਾਟ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਹਲਕਾ ਵਿਧਾਇਕ ਇਸ ਸੰਬੰਧੀ ਸਰਕਾਰ ‘ਤੇ ਦਬਾਓ ਬਣਾਉਣ ਕਿਉਂਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਘਾਟ ਕਾਰਨ ਮਾਮੂਲੀ ਫਾਲਟ ਦੀ ਕਈ ਕਈ ਘੰਟੇ ਤੱਕ ਮੁਰੰਮਤ ਨਹੀਂ ਹੁੰਦੀ ਅਤੇ ਫਿਊਜ਼ ਉੱਡਣ ਕਾਰਨ ਵੀ ਕਈ ਵਾਰ ਪਾਣੀ ਦੇ ਬੂਸਟਰ ਪੰਪ 4-5 ਘੰਟਿਆਂ ਤੱਕ ਬੰਦ ਰਹਿੰਦੇ ਹਨ, ਜਿਸ ਕਾਰਨ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਮੋਟਰ ਮਾਰਕੀਟ ਨੂੰ ਫੇਜ਼-7 ‘ਚੋਂ ਤਬਦੀਲ ਕਰਨ ਅਤੇ ਬਹੁਤ ਜ਼ਿਆਦਾ ਉੱਚੇ ਹੋ ਚੁੱਕੇ ਦਰੱਖ਼ਤਾਂ ਨੂੰ ਕਟਵਾਉਣ ਦਾ ਮਸਲਾ ਵੀ ਰੱਖਿਆ। ਇਸੇ ਦੌਰਾਨ ਕੌਂਸਲਰ ਕੁਲਦੀਪ ਕੌਰ ਕੰਗ ਵਲੋਂ ਫੇਜ਼-4 ਅਤੇ 5 ਨੂੰ ਵੰਡਦੀ ਮੁੱਖ ਸੜਕ ‘ਤੇ ਐਚ. ਐਮ. ਕੁਆਟਰਾਂ ਦੇ ਨਾਲ ਲੱਗਦੇ ਹਿੱਸੇ ਦੀ ਸੜਕ ਦੀ ਮੁਰੰਮਤ ਦਾ ਕੰਮ ਜਲਦ ਮੁਕੰਮਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਖਸਤਾ ਹਾਲਤ ਕਾਰਨ ਇਥੇ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਫੇਜ਼-5 ਅਤੇ ਉਦਯੋਗਿਕ ਖੇਤਰ ਨੂੰ ਵੰਡਦੀ ਸੜਕ ‘ਤੇ ਸਬਜੀ ਮੰਡੀ ਵਾਲੀ ਥਾਂ ‘ਤੇ ਪਏ ਕੂੜੇ ਦੇ ਢੇਰ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਸੰਬੰਧੀ ਵਸਨੀਕਾਂ ਦੇ ਅਲਟੀਮੇਟਮ ਤੋਂ ਬਾਅਦ ਨਿਗਮ ਵਲੋਂ ਕੂੜੇ ਦੀ ਨਿਕਾਸੀ ਦਾ ਕੰਮ ਤਾਂ ਆਰੰਭ ਕਰ ਦਿੱਤਾ ਗਿਆ, ਪ੍ਰੰਤੂ ਇਸ ਕੰਮ ਦੀ ਰਫ਼ਤਾਰ ਬਹੁਤ ਮੱਠੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ‘ਚ ਤੇਜ਼ੀ ਲਿਆਉਣ ਦੇ ਨਾਲ ਹੀ ਅਤੇ ਆਰ. ਐਮ. ਸੀ. ਕੇਂਦਰ ਦੇ ਆਲੇ-ਦੁਆਲੇ ਦਵਾਈ ਦਾ ਛਿੜਕਾਅ ਕੀਤਾ ਜਾਵੇ। ਇਸੇ ਦੌਰਾਨ ਕੌਂਸਲਰ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਸ਼ਹਿਰ ‘ਚ ਘਰਾਂ ‘ਚ ਹੋ ਰਹੀ ਗੰਦੇ ਪਾਣੀ ਦੀ ਸਪਲਾਈ ਦਾ ਮੁੱਦਾ ਚੁੱਕਦਿਆਂ ਇਸ ‘ਚ ਸੁਧਾਰ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਆਰ. ਐਮ. ਸੀ. ਕੇਂਦਰ ਦੀ ਸਫ਼ਾਈ, ਦਰੱਖ਼ਤਾਂ ਦੀ ਛੰਗਾਈ ਅਤੇ ਪਾਰਕਾਂ ਦੀ ਸਾਂਭ-ਸੰਭਾਲ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਸ਼ਹਿਰ ‘ਚ ਘੁੰਮਦੇ ਅਵਾਰਾ ਕੁੱਤਿਆਂ ਦੀ ਸੰਭਾਲ, ਇਲਾਜ, ਟੀਕਾਕਰਨ ਅਤੇ ਪੁਨਰਵਾਸ ਵਾਸਤੇ ਡਾਗ ਸ਼ੈਲਟਰ ਬਣਾਉਣ ਦੀ ਮੰਗ ਵੀ ਕੀਤੀ। ਇਸ ਤੋਂ ਬਾਅਦ ਕੌਂਸਲਰ ਗੁਰਪ੍ਰੀਤ ਕੌਰ ਵਲੋਂ ਪਿੰਡ ਮਟੌਰ ਦੀ ਸ਼ਾਮਲਾਤ ਜ਼ਮੀਨ ‘ਤੇ ਹੋਏ ਨਾਜਾਇਜ਼ ਕਬਜ਼ੇ ਖ਼ਤਮ ਕਰਵਾਉਣ ਲਈ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਗਈ, ਜਦਕਿ ਕੌਂਸਲਰ ਕੁਲਦੀਪ ਸਿੰਘ ਵਲੋਂ ਪਿੰਡ ਬਲੌਂਗੀ ‘ਚ ਬਣੇ ਪੀ. ਜੀ. ਹਾਊਸਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਨ੍ਹਾਂ ‘ਚ ਅਕਸਰ ਗ਼ੈਰ-ਸਮਾਜੀ ਅਨਸਰ ਪਨਾਹ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੀ. ਜੀ. ਹਾਊਸਾਂ ‘ਚ ਰਹਿਣ ਵਾਲੇ ਵਿਅਕਤੀਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇ ਅਤੇ ਅਪਰਾਧਿਕ ਤੱਤਾਂ ਨੂੰ ਸਖ਼ਤੀ ਨਾਲ ਕਾਬੂ ਕੀਤਾ ਜਾਵੇ। ਉਨ੍ਹਾਂ ਪਿੰਡ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਕੌਂਸਲਰ ਹਰਪਾਲ ਸਿੰਘ ਬਰਾੜ ਨੇ ਸੈਕਟਰ-57 ‘ਚ ਲੱਗਦੀ ਅਣ-ਅਧਿਕਾਰਤ ਮੀਟ ਅਤੇ ਮੱਛੀ ਮਾਰਕੀਟ ਦਾ ਮੁੱਦਾ ਚੁਕਦਿਆਂ ਇਸ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ। ਅੰਤ ‘ਚ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਭਰੋਸਾ ਦਿੱਤਾ ਕਿ ਕੌਂਸਲਰਾਂ ਵਲੋਂ ਮੀਟਿੰਗ ਦੌਰਾਨ ਚੁਕੇ ਗਏ ਸਾਰੇ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਇਆ ਜਾਵੇਗਾ ਅਤੇ ਨਿਗਮ ਵਲੋਂ ਬਿਨਾਂ ਕਿਸੇ ਵਿਤਕਰੇ ਤੋਂ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ।