ਖਰੜ, 29 ਜੂਨ (ਗੁਰਮੁੱਖ ਸਿੰਘ ਮਾਨ)-ਚਿਲਡਰਨ ਪਾਰਕ ਜੀ. ਟੀ. ਬੀ. ਨਗਰ ਖਰੜ ਵਿਖੇ ਸਿੱਖਿਆ ਸ਼ਾਸਤਰੀ ਮਰਹੂਮ ਸਵਰਨ ਸਿੰਘ ਭੰਗੂ ਅਤੇ ਵਾਤਾਵਰਨ ਪ੍ਰੇਮੀ ਰਾਮ ਸਿੰਘ ਦੀ ਯਾਦ ‘ਚ ਬੂਟੇ ਲਗਾਏ ਗਏ। ਲੋਕ ਆਵਾਜ਼ ਐਸੋਸੀਏਸ਼ਨ ਵਾ. ਨੰ. 5 ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਫਾਰ ਸੁਸਾਇਟੀ ਖਰੜ ਦੇ ਉੱਦਮ ਨਾਲ ਕਰਵਾਏ ਗਏ ਇਸ ਸੰਖੇਪ ਸਮਾਗਮ ਦੌਰਾਨ ਮਰਹੂਮ ਸਵਰਨ ਸਿੰਘ ਭੰਗੂ ਦੇ ਪੁੱਤਰ ਅਮਰਬੀਰ ਬਾਗੀ, ਮਰਹੂਮ ਰਾਮ ਸਿੰਘ ਦੇ ਪੁੱਤਰ ਸੰਨੀ ਮਾਹਲ ਅਤੇ ਪੰਜਾਬੀ ਫ਼ਿਲਮਾਂ ਦੇ ਅਦਾਕਾਰ ਮਲਕੀਤ ਰੌਣੀ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਅਦਾਕਾਰ ਮਲਕੀਤ ਰੌਣੀ ਨੇ ਮਰਹੂਮ ਸਵਰਨ ਸਿੰਘ ਭੰਗੂ ਅਤੇ ਰਾਮ ਸਿੰਘ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਵਿਛੋੜੇ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਉਕਤ ਸ਼ਖ਼ਸੀਅਤਾਂ ਦੀ ਯਾਦ ‘ਚ ਕਰਵਾਇਆ ਗਿਆ ਇਹ ਸੰਖੇਪ ਸਮਾਗਮ ਦੋਵਾਂ ਦੇ ਸਿੱਖਿਆ ਅਤੇ ਵਾਤਾਵਰਨ ਦੇ ਖੇਤਰ ‘ਚ ਕੀਤੇ ਗਏ ਮਹਾਨ ਕੰਮਾਂ ਦੀ ਗਵਾਹੀ ਭਰਦਾ ਹੈ। ਇਸ ਮੌਕੇ ਅਮਰਬੀਰ ਬਾਗੀ ਨੇ ਕਿਹਾ ਕਿ ਮੇਰੇ ਪਿਤਾ ਮਰਹੂਮ ਸਵਰਨ ਸਿੰਘ ਭੰਗੂ ਦੇ ਅਤੇ ਚਾਚਾ ਰਾਮ ਸਿੰਘ ਵਲੋਂ ਸਿੱਖਿਆ ਅਤੇ ਵਾਤਾਵਰਨ ਦੇ ਖੇਤਰ ‘ਚ ਕੀਤੇ ਗਏ ਕਾਰਜਾਂ ਨੇ ਮੈਨੂੰ ਖਰੜ ਸ਼ਹਿਰ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਕਿ ਉੱਦਮੀ ਕਲੱਬ ਦੇ ਪ੍ਰਧਾਨ ਅਰਸ਼ਦੀਪ ਅਰਸ਼, ਮਨਵੀਰ ਸਿੰਘ ਮਨੀ ਤੇ ਮਾਨਵਦੀਪ ਸਿੰਘ ਵਲੋਂ ਦੋਵਾਂ ਮਹਾਨ ਸ਼ਖ਼ਸੀਅਤਾਂ ਦੀ ਯਾਦ ‘ਚ ‘ਰੁੱਖ ਲਗਾਓ ਅਭਿਆਨ’ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਲੋਕ ਆਵਾਜ਼ ਐਸੋਸੀਏਸ਼ਨ ਖਰੜ ਵਲੋਂ ਜਗਤਾਰ ਸਿੰਘ ਢਿੱਲੋਂ, ਅਵਤਾਰ ਸਿੰਘ ਚੱਕਲਾਂ, ਸੁਖਵਿੰਦਰ ਸਿੰਘ ਕੌਲ, ਤੇਜਿੰਦਰ ਸਿੰਘ, ਸਰਬਜੀਤ ਸਿੰਘ ਛੰਮਾ, ਪਰਮਜੀਤ ਕੁਮਾਰ, ਦਲਜੀਤ ਸਿੰਘ, ਧਰਮਿੰਦਰ ਸਿੰਘ, ਹਰਜਿੰਦਰ ਸਿੰਘ ਖੋਖਰ, ਨਿਰਵੈਰ ਕੌਰ, ਬਲਜੀਤ ਕੌਰ, ਨਿਰਮਲਾ ਦੇਵੀ, ਅਮਨਦੀਪ ਕੌਰ ਕੌਲ, ਕੁਲਵਿੰਦਰ ਕੌਰ, ਰਣਜੀਤ ਕੌਰ, ਲਲਿਤਾ, ਅਮਨਦੀਪ ਕੌਰ, ਹਰਸ਼ਵੀਰ ਕੌਰ ਤੇ ਖੁਸ਼ੀ ਸਮੇਤ ਵੱਡੀ ਗਿਣਤੀ ‘ਚ ਸਥਾਨਕ ਪਤਵੰਤੇ ਹਾਜ਼ਰ ਸਨ। ਅੰਤ ‘ਚ ਵਾਤਾਵਰਨ ਪ੍ਰੇਮੀ ਨੌਜਵਾਨਾਂ ਵਲੋਂ ਚਿਲਡਰਨ ਪਾਰਕ ‘ਚ ਲਗਾਏ ਗਏ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਲਈ ਗਈ।