ਚੰਡੀਗੜ੍ਹ, 31 ਜੁਲਾਈ (ਅਜਾਇਬ ਸਿੰਘ ਔਜਲਾ)- ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਟੀ. ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਆਡੀਟੋਰੀਅਮ ਵਿਖੇ ਲੇਖਕ ਰਜਿੰਦਰ ਸਿੰਘ ਧੀਮਾਨ ਦੀ ‘ਇੰਗਲੈਂਡ ਦੀ ਯਾਤਰਾ’ ਅੰਗਰੇਜ਼ੀ ਵਿੱਚ ਲਿਖੀ ਪੁਸਤਕ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਗੁਰਦੇਵਪਾਲ ਨੇ ਕੀਤੀ ਜਦਕਿ ਡਾ. ਦੀਪਕ ਮਨਮੋਹਨ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਡਾ. ਸ਼ਿੰਦਰਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਵਿਦਵਾਨਾਂ, ਕਵੀਆਂ ਅਤੇ ਲੇਖਕਾਂ ਆਦਿ ਨੂੰ ਜੀ ਆਇਆਂ ਆਖਿਆ ਤੇ ਪ੍ਰੋਗਰਾਮ ਸਬੰਧੀ ਸਾਂਝ ਪਾਈ। ਸਮਾਰੋਹ ਦਾ ਆਗਾਜ਼ ਗੁਰਦਾਸ ਸਿੰਘ ਦਾਸ ਵੱਲੋਂ ਗਾਏ ਇੱਕ ਧਾਰਮਿਕ ਗੀਤ ਨਾਲ ਹੋਇਆ। ਬਲਵਿੰਦਰ ਸਿੰਘ ਢਿੱਲੋਂ ਅਤੇ ਗੁਰਮੇਲ ਸਿੰਘ ਮੌਜੋਵਾਲ ਨੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਆਪਣੇ ਜੋਸ਼ੀਲੇ ਬੋਲ ਸਰੋਤਿਆਂ ਦੇ ਸਨਮੁੱਖ ਕੀਤੇ। ਪ੍ਰਧਾਨਗੀ ਭਾਸ਼ਣ ਵਿਚ ਪ੍ਰਿੰਸੀਪਲ ਗੁਰਦੇਵਪਾਲ ਕੌਰ ਨੇ ਕਿਹਾ ਕਿ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਇਸ ਨੂੰ ਮਾਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 61 ਸਾਲ ਪਹਿਲਾਂ ਜੋ ਸੁਪਨਾ ਲੇਖਕ ਨੇ ਵੇਖਿਆ ਸੀ ਉਹ ਹੁਣ ਸਾਕਾਰ ਕਰਕੇ ਉਤਸ਼ਾਹਿਤ ਹੈ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਲੇਖਕ ਇਕ ਵਿਲੱਖਣ ਸ਼ਖਸੀਅਤ ਦਾ ਮਾਲਕ ਹੈ। ਡਾ. ਸ਼ਿੰਦਰਪਾਲ ਨੇ ਕਿਹਾ ਕਿ ਸਾਰੀਆਂ ਭਾਸ਼ਾਵਾਂ ਸਤਿਕਾਰਯੋਗ ਹਨ ਅਤੇ ਸਾਹਿਤ ਨੂੰ ਸਾਹਿਤ ਦੀ ਵਿਧਾ ਦੇ ਅਨੁਸਾਰ ਹੀ ਲਿਖਣਾ ਤੇ ਪੜ੍ਹਨਾ ਚਾਹੀਦਾ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਆਖਿਆ ਕਿ ਸਫ਼ਰ ਕਰਨਾ ਪੰਜਾਬੀਆਂ ਦੀ ਵਿਰਾਸਤ ਹੈ ਅਤੇ ਲੇਖਕ ਨੇ ਇਸ ਕਿਤਾਬ ਵਿਚ ਆਪਣੀ ਯਾਤਰਾ ਦਾ ਵਰਨਣ ਬਹੁਤ ਦਿਲਚਸਪ ਢੰਗ ਨਾਲ ਕੀਤਾ ਹੈ। ਇਸ ਮੌਕੇ ਭੁਪਿੰਦਰ ਕੌਰ ਧਿਮਾਨ, ਖੁਸ਼ਦੀਪ ਕੌਰ, ਡਾ. ਸਵੈਰਾਜ ਸੰਧੂ, ਬਲਕਾਰ ਸਿੱਧੂ, ਬਹਾਦਰ ਸਿੰਘ ਗੋਸਲ, ਸੁਭਾਸ਼ ਭਾਸਕਰ,ਗੁਰਨਾਮ ਕੰਵਰ,ਊਸ਼ਾ ਕੰਵਰ,ਰਾਜਿੰਦਰ ਕੌਰ,ਨਰਿੰਦਰ ਕੌਰ ਲੌਂਗੀਆ, ਨਰਿੰਦਰ ਸਿੰਘ ਦੌੜਕਾ, ਭਗਤ ਰਾਮ ਰੰਗਾੜਾ,ਪਰਮਜੀਤ ਕੌਰ ਪਰਮ ਤੋਂ ਇਲਾਵਾ ਭਰਪੂਰ ਸਿੰਘ,ਲਾਭ ਸਿੰਘ ਲਹਿਲੀ,ਸਵਰਨਜੀਤ ਸਿੰਘ ਜੀਤ,ਪਿਆਰਾ ਸਿੰਘ ਰਾਹੀ, ਰਜਿੰਦਰ ਰੇਨੂੰ, ਚਰਨਜੀਤ ਬਾਠ, ਬਲਜੀਤ ਕੌਰ ਬੁੱਟਰ ਢਿੱਲੋਂ ,ਰਾਜਵਿੰਦਰ ਸਿੰਘ ਗੱਡੂ,ਹਰਜੀਤ ਸਿੰਘ ਤੇ ਹੋਰ ਹਾਜ਼ਰ ਸਨ। ਆਖੀਰ ਵਿਚ ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ। ਸਮੁੱਚੇ ਸਮਾਰੋਹ ਦਾ ਸੰਚਾਲਨ ਕਵਿੱਤਰੀ ਦਵਿੰਦਰ ਕੌਰ ਢਿੱਲੋਂ ਵਲੋਂ ਬਾਖੂਬੀ ਕੀਤਾ ਗਿਆ।