ਪਟਿਆਲਾ, 10 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਵਿਸ਼ੇਸ਼ ਸਪੈਸ਼ਲ ਇੰਟੈਂਸਿਵ ਰਵੀਜਨ (ਐਸ. ਆਈ. ਆਰ.) ਤਹਿਤ ਘਰ-ਘਰ ਜਾ ਕੇ ਗਣਨਾ ਫ਼ਾਰਮ ਭਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ 11 ਜੁਲਾਈ ਤੇ 12 ਜੁਲਾਈ 2026 ਨੂੰ ਪਟਿਆਲਾ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ‘ਤੇ ਦੋ ਦਿਨਾਂ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਲੱਗਣ ਵਾਲੇ ਇਨ੍ਹਾਂ ਵਿਸ਼ੇਸ਼ ਕੈਂਪਾਂ ਦੌਰਾਨ ਵੋਟਰ ਆਪਣੇ ਗਣਨਾ ਫਾਰਮ ਭਰ ਸਕਣਗੇ ਅਤੇ ਜਮ੍ਹਾਂ ਵੀ ਕਰਵਾ ਸਕਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ (ਸੀ. ਈ. ਓ.) ਪੰਜਾਬ, ਸ੍ਰੀਮਤੀ ਅਨਿੰਦਿਤਾ ਮਿਤਰਾ ਦੇ ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀਆਂ ਦੀ ਐਸ. ਆਈ. ਆਰ. ਤਹਿਤ ਗਣਨਾ ਫ਼ਾਰਮ ਭਰਨ ਦੀ ਪ੍ਰਕਿਰਿਆ ਦਾ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਪਟਿਆਲਾ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਇਨ੍ਹਾਂ ਕੈਂਪਾਂ ਵਿਚ ਸਰਗਰਮੀ ਨਾਲ ਭਾਗ ਲੈਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜੇਕਰ ਕਿਸੇ ਵੋਟਰ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਹੈ, ਤਾਂ ਉਹ ਤੁਰੰਤ ਆਪਣੇ ਬੂਥ ਲੈਵਲ ਅਫਸਰ (ਬੀ. ਐਲ. ਓ.) ਨਾਲ ਸੰਪਰਕ ਕਰਨ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਪੋਲਿੰਗ ਬੂਥ ‘ਤੇ ਜਾਣ। ਉਨ੍ਹਾਂ ਕਿਹਾ ਕਿ 3 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਡਰਾਫਟ ਵੋਟਰ ਸੂਚੀ ਵਿਚ ਹਰੇਕ ਯੋਗ ਵੋਟਰ ਦਾ ਸ਼ਾਮਿਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਕਿਹਾ ਕਿ ਕੈਂਪਾਂ ਦੌਰਾਨ ਬੂਥ ਲੈਵਲ ਅਫਸਰ (ਬੀ. ਐਲ. ਓ.) ਇਸ ਪ੍ਰਕਿਰਿਆ ਵਿਚ ਵੋਟਰਾਂ ਦੀ ਸਹਾਇਤਾ ਵਾਸਤੇ ਸਾਰੇ ਨਿਰਧਾਰਤ ਪੋਲਿੰਗ ਬੂਥਾਂ ‘ਤੇ ਮੌਜੂਦ ਰਹਿਣਗੇ।