ਮੂਣਕ, 4 ਅਪ੍ਰੈਲ (ਕੇਵਲ ਸਿੰਗਲਾ)-ਕੇਂਦਰ ਦੇ ਖੇਤੀਬਾੜੀ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ 2026 ਦੇ ਖ਼ਰੀਫ਼ ਮੌਸਮ ਦੌਰਾਨ ਖਾਦ, ਬੀਜ ਅਤੇ ਕੀਟਨਾਸ਼ਕਾਂ ਦੀ ਉਪਲਬਧਤਾ 'ਤੇ ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਘਰਸ਼ ਦਾ ਕੋਈ ਵੱਡਾ ਅਸਰ ਨਹੀਂ ਪਵੇਗਾ | ਮੰਤਰਾਲੇ ਅਨੁਸਾਰ ਦੇਸ਼ ਵਿਚ ਮੌਜੂਦਾ ਸਮੇਂ ਖੇਤੀਬਾੜੀ ਨਾਲ ਸਬੰਧਿਤ ਖਾਦਾਂ ਵਗ਼ੈਰਾ ਦਾ ਲੋੜੀਂਦਾ ਮਾਤਰਾ ਵਿਚ ਸਟਾਕ ਮੌਜੂਦ ਹੈ | ਮੰਤਰਾਲੇ ਦੀ ਐਡੀਸ਼ਨਲ ਸਕੱਤਰ ਮਨਿੰਦਰ ਕੌਰ ਦਿਵੇਦੀ ਅਨੁਸਾਰ ਖ਼ਰੀਫ਼ ਸੀਜ਼ਨ ਲਈ ਲੋੜੀਂਦੇ ਮੁੱਖ ਖੇਤੀਬਾੜੀ ਇਨਪੁੱਟਸ ਦੀ ਸਮੀਖਿਆ ਕੀਤੀ ਗਈ ਹੈ ਅਤੇ ਸਾਰੀਆਂ ਤਿਆਰੀਆਂ ਪੂਰੀਆਂ ਹਨ | ਉਨ੍ਹਾਂ ਕਿਹਾ ਕਿ ਕੁੱਲ 39.05 ਮਿਲੀਅਨ ਟਨ ਖਾਦ ਦੀ ਲੋੜ ਹੈ, ਜਿਸ ਵਿਚੋਂ 18 ਮਿਲੀਅਨ ਟਨ ਪਹਿਲਾਂ ਹੀ ਸਟਾਕ ਵਿਚ ਮੌਜੂਦ ਹੈ | ਇਹ ਲਗਭਗ 46 ਫ਼ੀਸਦੀ ਬਣਦਾ ਹੈ, ਜੋ ਆਮ ਤੌਰ 'ਤੇ ਲੋੜੀਂਦੇ ਇੱਕ-ਤਿਹਾਈ ਸਟਾਕ ਨਾਲੋਂ ਕਾਫ਼ੀ ਵੱਧ ਹੈ | ਮੌਜੂਦਾ ਖਾਦ ਸਟਾਕ ਵਿਚ ਯੂਰੀਆ 6.19 ਮਿਲੀਅਨ ਟਨ, ਡੀ.ਏ.ਪੀ. 2.33 ਮਿਲੀਅਨ ਟਨ, ਐਨ.ਪੀ.ਕੇ. 5.66 ਮਿਲੀਅਨ ਟਨ, ਐਸਐਸਪੀ 2.52 ਮਿਲੀਅਨ ਟਨ ਅਤੇ ਮਿਊਰੇਟ ਆਫ਼ ਪੋਟਾਸ਼ 1.27 ਮਿਲੀਅਨ ਟਨ ਸ਼ਾਮਿਲ ਹਨ | ਪਿਛਲੇ ਸਾਲ ਦੇ ਮੁਕਾਬਲੇ ਇਹ ਸਟਾਕ 22 ਫ਼ੀਸਦੀ ਵੱਧ ਹੈ | ਪੱਛਮੀ ਏਸ਼ੀਆ ਵਿੱਚ ਸੰਘਰਸ਼ ਕਾਰਨ ਸਟਰੇਟ ਆਫ ਹੋਰਮੁਜ਼ ਰਾਹੀਂ ਆਉਣ ਵਾਲੀਆਂ ਆਮਦਾਂ 'ਤੇ ਅਸਰ ਪੈਣ ਦੀ ਸੰਭਾਵਨਾ ਹੈ, ਕਿਉਂਕਿ ਭਾਰਤ ਆਪਣੀ 20-30 ਫ਼ੀਸਦੀ ਯੂਰੀਆ ਅਤੇ 30 ਫ਼ੀਸਦੀ ਡੀਏਪੀ ਦੀ ਆਮਦ ਲਈ ਗਲਫ਼ ਦੇਸ਼ਾਂ 'ਤੇ ਨਿਰਭਰ ਹੈ | ਇਸ ਤੋਂ ਇਲਾਵਾ, ਐਲਐਨਜੀ ਦੀ ਲਗਭਗ 50 ਫ਼ੀਸਦੀ ਸਪਲਾਈ ਵੀ ਇਸੇ ਰਸਤੇ ਆਉਂਦੀ ਹੈ | ਫਿਰ ਵੀ, ਸਰਕਾਰ ਕੋਲ ਮੌਜੂਦਾ ਜ਼ਿਆਦਾ ਸਟਾਕ ਦੇ ਕਾਰਨ ਸਪਲਾਈ 'ਚ ਰੁਕਾਵਟ ਦਾ ਵੱਡਾ ਪ੍ਰਭਾਵ ਨਹੀਂ ਪਵੇਗਾ | ਬੀਜਾਂ ਦੀ ਉਪਲਬਧਤਾ ਬਾਰੇ ਵੀ ਮੰਤਰਾਲੇ ਨੇ ਭਰੋਸਾ ਜਤਾਇਆ ਹੈ | ਖ਼ਰੀਫ਼ ਫ਼ਸਲਾਂ ਲਈ ਕੁੱਲ 1.66 ਮਿਲੀਅਨ ਟਨ ਬੀਜ ਦੀ ਲੋੜ ਹੈ, ਜਦਕਿ 1.85 ਮਿਲੀਅਨ ਟਨ ਬੀਜ ਪਹਿਲਾਂ ਹੀ ਉਪਲਬਧ ਹਨ | ਸਰਕਾਰ ਅਨੁਸਾਰ 2026 ਦਾ ਖ਼ਰੀਫ਼ ਮੌਸਮ ਖੇਤੀਬਾੜੀ ਇਨਪੁੱਟਸ ਦੀ ਉਪਲਬਧਤਾ ਦੇ ਹਿਸਾਬ ਨਾਲ ਸੁਰੱਖਿਅਤ ਹੈ ਤੇ ਕਿਸਾਨਾਂ ਨੂੰ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ |