ਹਰ ਰੋਜ਼ ਕਰੀਬ 500 ਲੋਕਾਂ ਦੀ ਹੋ ਰਹੀ ਹੈ ਸੜਕ ਹਾਦਸਿਆਂ ’ਚ ਮੌਤ 18 ਤੋਂ 45 ਸਾਲ ਉਮਰ ਵਰਗ ਦੇ ਨੌਜਵਾਨ ਤੇ ਕੰਮਕਾਜੀ ਲੋਕ ਸਭ ਤੋਂ ਵੱਧ ਆ ਰਹੇ ਹਨ ਹਾਦਸਿਆਂ ਦੀ ਲਪੇਟ ਵਿਚ
ਅਜੀਤ ਡੈਸਕ
28-06-2026
ਅਮਲੋਹ, 27 ਜੂਨ-ਸੜਕਾਂ ਉੱਪਰ ਹੋ ਰਹੇ ਜਾਨੀ ਤੇ ਮਾਲੀ ਨੁਕਸਾਨ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵਲੋਂ ਆਵਾਜਾਈ ਦੇ ਨਿਯਮਾਂ ’ਚ ਕੀਤੀ ਸਖ਼ਤੀ ਨਾਲ ਭਾਵੇਂ ਇਸ ਸਾੜ੍ਹਸਤੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ, ਪਰ ਇਸ ਸਮੇਂ ਪੂਰੇ ਦੇਸ਼ ਅੰਦਰ ਸੜਕ ਹਾਦਸਿਆਂ ਵਿਚ ਜਿੰਨ੍ਹੀਆਂ ਮੌਤਾਂ ਹੋ ਰਹੀਆਂ ਹਨ, ਉਨੀਆਂ ਮੌਤਾਂ ਸ਼ਾਇਦ ਹੀ ਕਿਸੇ ਹੋਰ ਅਲਾਮਤ ਨਾਲ ਹੁੰਦੀਆਂ ਹੋਣ। ਸੰਸਦ ਵਿਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਸਾਲ 2025 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਹੀ ਰਾਸ਼ਟਰੀ ਰਾਜਮਾਰਗਾਂ ’ਤੇ 26,770 ਲੋਕਾਂ ਦੀ ਸੜਕ ਹਾਦਸਿਆਂ ਕਾਰਨ ਮੌਤ ਹੋਈ, ਜਦੋਂਕਿ ਪੂਰੇ ਸਾਲ ਵਿਚ ਦੇਸ਼ ਵਿਚ 4.5 ਲੱਖ ਤੋਂ ਵੱਧ ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿਚ 1.60 ਲੱਖ ਤੋਂ 1.77 ਲੱਖ ਦੇ ਵਿਚਕਾਰ ਲੋਕਾਂ ਦੀ ਮੌਤ ਹੋਈ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਦੇਸ਼ ਵਿਚ ਔਸਤਨ ਹਰ ਰੋਜ਼ 1,230 ਤੋਂ ਵੱਧ ਸੜਕ ਹਾਦਸੇ ਵਾਪਰਦੇ ਹਨ, ਜਿਨ੍ਹਾਂ ’ਚ 450 ਤੋਂ 546 ਲੋਕਾਂ ਦੀ ਮੌਤ ਅਤੇ ਇਕ ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋ ਜਾਂਦੇ ਹਨ । ਪੰਜਾਬ ’ਚ ਵੀ ਸੜਕ ਹਾਦਸਿਆਂ ਦੀ ਸਥਿਤੀ ਲਗਾਤਾਰ ਚਿੰਤਾਜਨਕ ਬਣੀ ਹੋਈ ਹੈ । ਭਾਵੇਂ 2025 ਦੇ ਅੰਕੜੇ ਉਪਲੱਬਧ ਨਹੀਂ, ਪਰ 2024 ਵਿਚ ਭਾਰਤ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਲੋਂ ਸੰਸਦ ਵਿਚ ਜੋ ਅੰਕੜੇ ਪੇਸ਼ ਕੀਤੇ ਗਏ ਉਹ ਦਰਸਾਉਂਦੇ ਹਨ ਕਿ ਇਸ ਸਾਲ ਪੰਜਾਬ ਵਿਚ ਕੁੱਲ 6,063 ਸੜਕ ਹਾਦਸੇ ਦਰਜ ਹੋਏ, ਜਿਨ੍ਹਾਂ ਵਿਚ 4,759 ਲੋਕਾਂ ਦੀ ਮੌਤ ਹੋਈ । ਚੱਲ ਰਹੇ ਮੌਤ ਦੇ ਇਸ ਤਾਂਡਵ ਲਈ ਕੋਈ ਬਾਹਰੀ ਕਾਰਨ ਜ਼ਿੰਮੇਵਾਰ ਨਹੀਂ, ਸਗੋਂ ਇਸ ਲਈ ਵਾਹਨ ਚਾਲਕਾਂ ਦੀ ਖ਼ੁਦ ਦੀ ਅਣਗਹਿਲੀ ਵਧੇਰੇ ਜ਼ਿੰਮੇਵਾਰ ਹੈ। ਸਰਕਾਰੀ ਅਤੇ ਸੜਕ ਸੁਰੱਖਿਆ ਸੰਸਥਾਵਾਂ ਦੇ ਅੰਕੜਿਆਂ ਮੁਤਾਬਿਕ ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਓਵਰਸਪੀਡਿੰਗ ਹੈ। ਕਿਉਂਕਿ ਸੜਕੀ ਹਾਦਸਿਆਂ ਵਿਚ ਹੋਈਆਂ ਮੌਤਾਂ ’ਚੋਂ ਲਗਪਗ 71 ਫ਼ੀਸਦੀ ਮੌਤਾਂ ਓਵਰਸਪੀਡ ਕਾਰਨ ਹੁੰਦੀਆਂ ਹਨ । ਇਸੇ ਤਰ੍ਹਾਂ ਹੈਲਮੈਟ ਨਾ ਪਾਉਣ ਕਾਰਨ ਕਰੀਬ 54 ਹਜ਼ਾਰ ਦੋਪਹੀਆ ਸਵਾਰਾਂ ਦੀ ਜਾਨ ਗਈ, ਜਦਕਿ ਸੀਟ ਬੈਲਟ ਦੀ ਵਰਤੋਂ ਨਾ ਕਰਨ ਕਾਰਨ ਕਰੀਬ 16 ਹਜ਼ਾਰ ਲੋਕਾਂ ਦੀ ਮੌਤ ਹੋਈ । ਸੜਕ ਹਾਦਸਿਆਂ ਕਾਰਨ ਸਿਰਫ਼ ਜਾਨੀ ਨੁਕਸਾਨ ਹੀ ਨਹੀਂ ਹੁੰਦਾ, ਸਗੋਂ ਇਨ੍ਹਾਂ ਨਾਲ ਬਹੁਤ ਵੱਡਾ ਮਾਲੀ ਨੁਕਸਾਨ ਵੀ ਹੁੰਦਾ ਹੈ । ਪ੍ਰਾਪਤ ਰਿਪੋਰਟਾਂ ਅਨੁਸਾਰ ਇਨ੍ਹਾਂ ਹਾਦਸਿਆਂ ਵਿਚ 18 ਤੋਂ 45 ਸਾਲ ਉਮਰ ਵਰਗ ਦੇ ਨੌਜਵਾਨ ਅਤੇ ਕੰਮਕਾਜੀ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।