ਮੋਗਾ, 28 ਜੂਨ (ਸੁਰਿੰਦਰਪਾਲ ਸਿੰਘ)-ਸ਼ੂਗਰ ਚੇਤਨਾ ਸੁਸਾਇਟੀ ਵਲੋਂ ਅੱਜ ਸਵੇਰੇ ਗੀਤਾ ਭਵਨ ਚੌਕ ਵਿਖੇ ਮੁਫ਼ਤ ਸ਼ੂਗਰ, ਐਚ.ਬੀ.ਏ. 1ਸੀ. ਅਤੇ ਸੀ.ਬੀ.ਸੀ. ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੇ ਪ੍ਰੋਜੈਕਟ ਇੰਚਾਰਜ ਐਪਲਜੀਤ ਸਿੰਗਲ ਅਤੇ ਅਨਿਲ ਧਵਨ ਨੇ ਦੱਸਿਆ ਕਿ ਲੈਬ ਟੈਕਨੀਸ਼ੀਅਨ ਵਲੋਂ ਕੈਂਪ ਵਿਚ ਪਹੁੰਚੇ 69 ਲੋਕਾਂ ਦੀ ਸ਼ੂਗਰ, ਐਚ.ਬੀ.ਏ. 1ਸੀ. ਅਤੇ ਸੀ.ਬੀ.ਸੀ. ਦੀ ਜਾਂਚ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਰਜਿੰਦਰ ਛਾਬੜਾ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰ ਹਫ਼ਤੇ ਜਨਤਕ ਥਾਵਾਂ ‘ਤੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤੰਦਰੁਸਤ ਜੀਵਨ ਲਈ ਹਰ ਰੋਜ਼ ਸਵੇਰੇ ਸ਼ਾਮ ਪਾਰਕਾਂ ਵਿਚ ਸੈਰ ਕਰਨੀ ਚਾਹੀਦੀ ਹੈ, ਫਾਸਟ ਫੂਡ ਦੀ ਥਾਂ ਹਰੀਆਂ ਸਬਜ਼ੀਆਂ ਅਤੇ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਸਰੀਰ ਵਿਚ ਮੋਟਾਪਾ ਨਹੀਂ ਆਉਣ ਦੇਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ 40 ਸਾਲ ਦੀ ਉਮਰ ਤੋਂ ਬਾਅਦ ਸਮੇਂ-ਸਮੇਂ ‘ਤੇ ਸਿਹਤ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਮੰਗਲਾ ਅਤੇ ਗੌਰਵ ਜੈਨ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ ਹੈ ਅਤੇ ਇਹ ਸੇਵਾ ਕਾਰਜ ਭਵਿੱਖ ਵਿਚ ਵੀ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਰਜਿੰਦਰ ਛਾਬੜਾ, ਪ੍ਰਦੀਪ ਮੰਗਲਾ, ਗੌਰਵ ਕੁਮਾਰ ਜੈਨ, ਅਨਿਲ ਧਵਨ, ਐਪਲਜੀਤ ਸਿੰਗਲ, ਪ੍ਰਵੀਨ ਗਰਗ (ਬੌਬੀ), ਸੁਰਿੰਦਰ ਗੋਇਲ ਸਮੇਤ ਸੁਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।