02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਪਿੰਡਾਂ ਦੇ ਫ਼ੰਡ ਪਿੰਡਾਂ ’ਤੇ ਹੀ ਖ਼ਰਚ ਹੋਣ, ਬੇਲੋੜੀਆਂ ਇਮਾਰਤਾਂ ’ਤੇ ਨਹੀਂ-ਗੁਰਪ੍ਰੀਤ ਕੌਰ ਜੌਹਲ

Ad Position 21
No active advertisement
ਅਜੀਤ ਡੈਸਕ 29-06-2026
aਮੋਗਾ, 28 ਜੂਨ (ਗੁਰਤੇਜ ਸਿੰਘ ਬੱਬੀ)-ਬਲਾਕ ਸੰਮਤੀ ਮੋਗਾ ਦੀ ਆਜ਼ਾਦ ਮੈਂਬਰ ਗੁਰਪ੍ਰੀਤ ਕੌਰ ਜੌਹਲ ਨੇ ਕਿਹਾ ਕਿ ਉਹ ਕਿਸੇ ਵੀ ਰਾਜਨੀਤਿਕ ਪਰਿਵਾਰ ਨਾਲ ਸੰਬੰਧਿਤ ਨਹੀਂ ਹਨ ਸਗੋਂ ਇਲਾਕੇ ਦੇ ਲੋਕਾਂ ਦੇ ਭਰੋਸੇ ਅਤੇ ਮੰਗ ‘ਤੇ ਜ਼ੋਨ ਧੱਲੇਕੇ ਤੋਂ ਚੋਣ ਜਿੱਤ ਕੇ ਆਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਮਿਲੇ ਇਸ ਮਾਣ ਅਤੇ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਪੰਚਾਇਤੀ ਰਾਜ ਪ੍ਰਣਾਲੀ ਦਾ ਇਕ ਅਹਿਮ ਅੰਗ ਹੈ, ਜਿਸ ਦੀ ਜ਼ਿੰਮੇਵਾਰੀ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨਾ ਅਤੇ ਲੋਕ ਹਿਤ ਦੇ ਮੁੱਦਿਆਂ ‘ਤੇ ਆਪਣੀ ਰਾਇ ਦੇਣਾ ਹੈ। ਭਾਵੇਂ ਉਹ ਆਜ਼ਾਦ ਮੈਂਬਰ ਹਨ, ਪਰ ਉਹ ਲੋਕਾਂ ਦੇ ਹੱਕਾਂ ਅਤੇ ਪਿੰਡਾਂ ਦੇ ਵਿਕਾਸ ਲਈ ਹਰ ਮੰਚ ‘ਤੇ ਮਜ਼ਬੂਤੀ ਨਾਲ ਆਵਾਜ਼ ਉਠਾਉਣਗੇ। ਗੁਰਪ੍ਰੀਤ ਕੌਰ ਜੌਹਲ ਨੇ ਦੱਸਿਆ ਕਿ ਹੁਣ ਤੱਕ ਹੋਈਆਂ ਮੀਟਿੰਗਾਂ ਵਿਚ ਬਲਾਕ ਸੰਮਤੀ ਦੀ ਨਵੀਂ ਇਮਾਰਤ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ, ਜਿਸ ਦਾ ਉਨ੍ਹਾਂ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਲਈ ਆਉਣ ਵਾਲੇ ਫ਼ੰਡਾਂ ਦੀ ਵਰਤੋਂ ਪਿੰਡਾਂ ਦੇ ਵਿਕਾਸ, ਸੜਕਾਂ, ਗਲੀਆਂ, ਸੀਵਰੇਜ, ਪੀਣ ਵਾਲੇ ਪਾਣੀ, ਸਫ਼ਾਈ ਅਤੇ ਹੋਰ ਬੁਨਿਆਦੀ ਸਹੂਲਤਾਂ ‘ਤੇ ਹੋਣੀ ਚਾਹੀਦੀ ਹੈ, ਨਾ ਕਿ ਬੇਲੋੜੀਆਂ ਨਵੀਆਂ ਇਮਾਰਤਾਂ ‘ਤੇ। ਉਨ੍ਹਾਂ ਸੁਝਾਅ ਦਿੱਤਾ ਕਿ ਜੇ ਅਧਿਕਾਰੀਆਂ ਨੂੰ ਦਫ਼ਤਰੀ ਥਾਂ ਦੀ ਲੋੜ ਹੈ ਤਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕਮਰੇ ਅਲਾਟ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪਹਿਲਾਂ ਹੀ ਟ੍ਰੈਫਿਕ ਅਤੇ ਜਗ੍ਹਾ ਦੀ ਕਮੀ ਹੈ। ਇਸ ਲਈ ਸੰਬੰਧਿਤ ਜਗ੍ਹਾ ਦੀ ਵਰਤੋਂ ਪਾਰਕਿੰਗ ਜਾਂ ਮਾਲ ਕੰਪਲੈਕਸ ਵਜੋਂ ਕੀਤੀ ਜਾ ਸਕਦੀ ਹੈ, ਜਿਸ ਨਾਲ ਬਲਾਕ ਸੰਮਤੀ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ ਅਤੇ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਯਕੀਨੀ ਬਣੇਗੀ। ਗੁਰਪ੍ਰੀਤ ਕੌਰ ਨੇ ਦੋਸ਼ ਲਾਇਆ ਕਿ ਦੂਜੀ ਮੀਟਿੰਗ ਦੌਰਾਨ ਮੈਂਬਰਾਂ ਨੂੰ ਪੂਰੀ ਜਾਣਕਾਰੀ ਦਿੱਤੇ ਬਿਨਾਂ ਹੀ ਮਤਾ ਤਿਆਰ ਕਰ ਲਿਆ ਗਿਆ ਅਤੇ ਸਿਰਫ਼ ਦਸਤਖ਼ਤ ਕਰਵਾਏ ਗਏ। ਉਨ੍ਹਾਂ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਸਿਰਫ਼ ‘’ਰਬੜ ਦੀ ਮੋਹਰ’’ ਨਹੀਂ ਹਨ। ਹਰ ਪ੍ਰਸਤਾਵ ‘ਤੇ ਪੂਰੀ ਜਾਣਕਾਰੀ, ਖੁੱਲ੍ਹੀ ਚਰਚਾ ਅਤੇ ਮੈਂਬਰਾਂ ਦੀ ਸਹਿਮਤੀ ਲਾਜ਼ਮੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਪੱਖਪਾਤ ਦੀ ਰਾਜਨੀਤੀ ਵਿਚ ਵਿਸ਼ਵਾਸ ਨਹੀਂ ਰੱਖਦੇ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਵੀ ਪਾਈ, ਉਹ ਵੀ ਉਨ੍ਹਾਂ ਲਈ ਬਰਾਬਰ ਦੇ ਨਾਗਰਿਕ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਅੰਤ ਵਿਚ ਗੁਰਪ੍ਰੀਤ ਕੌਰ ਜੌਹਲ ਨੇ ਚੇਤਾਵਨੀ ਦਿੱਤੀ ਕਿ ਜੇ ਪਿੰਡਾਂ ਦੇ ਫ਼ੰਡਾਂ ਦੀ ਦੁਰਵਰਤੋਂ ਹੋਈ ਜਾਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਹ ਸੰਵਿਧਾਨ ਅਤੇ ਕਾਨੂੰਨ ਵਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਉੱਚ ਅਧਿਕਾਰੀਆਂ ਅਤੇ ਲੋੜ ਪੈਣ ‘ਤੇ ਕੇਂਦਰ ਸਰਕਾਰ ਤੱਕ ਵੀ ਮਾਮਲਾ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕ ਹਿਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸ਼ੂਗਰ ਚੇਤਨਾ ਸੁਸਾਇਟੀ ਵਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ, 69 ਲੋਕਾਂ ਨੇ ਕਰਵਾਈ ਸਿਹਤ ਜਾਂਚ ਅਗਲੀ ਖ਼ਬਰ ਭਗਵੰਤ ਮਾਨ ਮੁੱਖ ਮੰਤਰੀ ਨਾ ਹੋ ਕੇ ਫਿਰ ਤੋਂ ਕਾਮੇਡੀਅਨ ਬਣ ਚੁੱਕੇ ਹਨ-ਪ੍ਰਧਾਨ ਹਰੀ ਸਿੰਘ ਖਾਈ
Ad Position 24
No active advertisement