ਮੋਗਾ, 28 ਜੂਨ (ਸੁਰਿੰਦਰਪਾਲ ਸਿੰਘ)-ਭਗਵੰਤ ਮਾਨ ਮੁੱਖ ਮੰਤਰੀ ਨਾ ਹੋ ਕੇ ਫਿਰ ਤੋਂ ਕਾਮੇਡੀਅਨ ਬਣ ਚੁੱਕੇ ਹਨ ਅਤੇ ਮੁੱਖ ਮੰਤਰੀ ਦੇ ਭਾਸ਼ਣ ਲੋਕ ਮੁੱਦਿਆਂ ਤੋਂ ਹੱਟ ਕੇ ਨਿੱਜੀ ਟਿੱਪਣੀਆਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪਿੰਡਾਂ ਦੀਆਂ ਸੱਥਾਂ ‘ਚ ਹੋ ਰਹੀਆਂ ਲੋਕ ਮਿਲਣੀਆਂ ਇਕ ਕਾਮੇਡੀ ਸ਼ੋਅ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹਨ ਕਿਉਂਕਿ ਇਨ੍ਹਾਂ ਕਾਮੇਡੀ ਸ਼ੋਅ ਰੂਪੀ ਲੋਕ ਮਿਲਣੀਆਂ ਵਿਚ ਮੁੱਖ ਮੰਤਰੀ ਵਲੋਂ ਲੋਕਾਂ ਦੇ ਪੱਲੇ ਮਜ਼ਾਕੀਆ ਟਿੱਪਣੀਆਂ, ਚੁਟਕਲਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਪਾਇਆ ਜਾ ਰਿਹਾ। ਪ੍ਰਧਾਨ ਖਾਈ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਪਿੰਡਾਂ ਦੀਆਂ ਸੱਥਾਂ ਵਿਚ ਖੜ੍ਹ ਕੇ ਆਪਣੇ ਭਾਸ਼ਣ ਵਿਚ ਪੰਜਾਬ ਦਾ ਕੋਈ ਇਕ ਵੀ ਮੁੱਦਾ ਨਹੀਂ ਛੂਹਿਆ ਜਾ ਰਿਹਾ ਬਲਕਿ ਮੁੱਖ ਮੰਤਰੀ ਵਲੋਂ ਆਪਣੇ ਭਾਸ਼ਣ ਦੌਰਾਨ ਸਾਰਥਿਕ ਭਾਸ਼ਾ ਅਤੇ ਸ਼ੈਲੀ ਤੋਂ ਹੇਠਾਂ ਜਾ ਕੇ ਪੰਜਾਬ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਦੇ ਵੱਡੇ ਅਤੇ ਸਤਿਕਾਰਯੋਗ ਆਗੂਆਂ ਪ੍ਰਤੀ ਮਾੜੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਲੋਕਾਂ ਦੇ ਮਨਾਂ ਵਿਚ ਈਰਖਾ ਦਾ ਬੀਜ ਬੀਜਿਆ ਜਾ ਰਿਹਾ ਹੈ। ਖਾਈ ਨੇ ਕਿਹਾ ਮੁਲਾਜ਼ਮ, ਮਜ਼ਦੂਰ, ਕਿਸਾਨ, ਵਪਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀ ਲੋਕਾਂ ਦੀਆਂ ਮੰਗਾਂ ਨੂੰ ਛੱਡ ਕੇ ਹੋਛੀ ਸ਼ਬਦਾਵਲੀ ਨਾਲ ਨਿੱਜੀ ਟਿੱਪਣੀਆਂ ਕਰ ਕੇ ਲੋਕਾਂ ਦਾ ਧਿਆਨ ਚੁਟਕਲਿਆਂ ਰਾਹੀਂ ਮੁੱਦਿਆਂ ਤੋਂ ਭਟਕਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਪ੍ਰਦਰਸ਼ਨ ਕਰਦੇ ਮੁਲਾਜ਼ਮਾਂ ਉੱਪਰ ਆਪ ਸਰਕਾਰ ਦੀ ਪੁਲਿਸ ਵਲੋਂ ਅੰਨ੍ਹਾ ਤਸ਼ੱਦਦ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀਆਂ ਆਪਣੀਆਂ ਗ਼ਲਤੀਆਂ ਦੀਆਂ ਵੀਡੀਓ ਜਨਤਕ ਹੋਈਆਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਦੀ ਜਾਂਚ ਕਰਵਾਈ ਜਿਸ ਵਿਚ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੋਸ਼ੀ ਠਹਿਰਾਇਆ ਹੈ। ਮੁੱਖ ਮੰਤਰੀ ਵਲੋਂ ਆਪਣੀਆਂ ਗ਼ਲਤੀਆਂ ਸਵੀਕਾਰ ਕਰਨ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਜਿਸ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੂਰੇ ਸਿੱਖ ਸਮਾਜ ਨੂੰ ਮੁੱਖ ਮੰਤਰੀ ਦੇ ਬਾਈਕਾਟ ਦਾ ਹੁਕਮ ਕੀਤਾ ਹੈ ਜਿਸ ‘ਤੇ ਸਮੁੱਚੇ ਸਿੱਖ ਭਾਈਚਾਰੇ ਨੂੰ ਪਹਿਰਾ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ।