ਮੋਗਾ, 26 ਜੁਲਾਈ (ਸੁਰਿੰਦਰਪਾਲ ਸਿੰਘ)-ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਖ਼ਾਲਸਾ ਸੇਵਾ ਸੁਸਾਇਟੀ ਨੇ ਹਰ ਸਾਲ ਦੀ ਤਰ੍ਹਾਂ ਦਸਵਾਂ ਠੰਢੀ ਛਾਂ ਦਾ ਲੰਗਰ ਲਗਾਇਆ। ਇਹ ਸੰਸਥਾ 1985 ਤੋਂ ਸੰਗਤਾਂ ਲਈ ਸੇਵਾ ਵਿਚ ਹਾਜ਼ਰ ਹੈ ਤੇ ਸੰਸਥਾ ਨੇ 41 ਸਾਲਾਂ ਤੋਂ ਧਾਰਮਿਕ, ਸਮਾਜਿਕ ਕਾਰਜਾਂ ਵਿਚ ਮੋਗਾ ਸ਼ਹਿਰ ਹੀ ਨਹੀਂ ਸਗੋਂ ਇਲਾਕੇ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ। ਇਹ ਸੰਸਥਾ ਜਿੱਥੇ ਧਾਰਮਿਕ ਤੇ ਸਮਾਜਿਕ ਕਾਰਜਾਂ ਨੂੰ ਸਮਰਪਿਤ ਹੈ ਉੱਥੇ ਇਹ ਸੰਸਥਾ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਵੀ ਲੰਮੇ ਸਮੇਂ ਤੋਂ ਕਰਵਾਉਂਦੀ ਆ ਰਹੀ ਹੈ। ਸ਼ਹਿਰ ਦਾ ਕੋਈ ਵੀ ਧਾਰਮਿਕ ਜਾਂ ਸਮਾਜ ਸੇਵੀ ਕਾਰਜ ਅਜਿਹਾ ਨਹੀਂ ਜਿਸ ਵਿਚ ਇਸ ਸੰਸਥਾ ਦਾ ਕੋਈ ਯੋਗਦਾਨ ਨਾ ਹੋਵੇ। ਸੰਸਥਾ ਦੇ ਮੁੱਖ ਸੇਵਾਦਾਰ ਪਰਮਜੋਤ ਸਿੰਘ ਜੋ ਕਿ ਸੰਨ 1985 ਤੋਂ ਸੰਸਥਾ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਅੱਜ ਖ਼ਾਲਸਾ ਸੇਵਾ ਸੁਸਾਇਟੀ ਵਲੋਂ 10ਵੇਂ ਠੰਢੀ ਛਾਂ ਦੇ ਲੰਗਰ ਦਾ ਉਦਘਾਟਨ ਮੁੱਖ ਮਹਿਮਾਨ ਡਾ. ਸੰਜੀਵ ਕੁਮਾਰ ਸੈਣੀ ਉੱਘੇ ਸਮਾਜ ਸੇਵੀ ਤੇ ਚੇਅਰਮੈਨ ਬੀ.ਬੀ.ਐਸ. ਗਰੁੱਪ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਮੇਅਰ ਵਿਨੇਪਾਲ ਕੌਰ, ਸੰਸਥਾ ਦੇ ਮੁੱਖ ਸੇਵਾਦਾਰ ਪਰਮਜੋਤ ਸਿੰਘ, ਕੁਲਦੀਪ ਸਿੰਘ ਕਲਸੀ, ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ, ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਝੰਡੇਆਣਾ, ਐਸ.ਕੇ. ਬਾਂਸਲ ਐਨ.ਜੀ.ਓ. ਕੋਆਰਡੀਨੇਟਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸੰਜੀਵ ਕੁਮਾਰ ਸੈਣੀ ਨੇ ਕਿਹਾ ਕਿ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵੀ ਕਾਰਜਾਂ ਵਿਚ ਜਿੱਥੇ ਆਪਣੀ ਵਡਮੁੱਲੀ ਸੇਵਾ ਕਰ ਰਹੀ ਹੈ ਉੱਥੇ ਵਾਤਾਵਰਨ ਦੀ ਸ਼ੁੱਧਤਾ ਲਈ ਦਸਵਾਂ ਠੰਢੀ ਛਾਂ ਦਾ ਲੰਗਰ ਲਗਾ ਕੇ ਲੋਕਾਂ ਨੂੰ ਮੁਫ਼ਤ ਬੂਟੇ ਵੰਡ ਰਹੀ ਹੈ ਤਾਂ ਜੋ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਜੀਵਨ ਵਿਚ ਘੱਟੋ ਘੱਟ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਰੁੱਖ ਸਾਨੂੰ ਸਿਰਫ਼ ਸ਼ੁੱਧ ਹਵਾ ਤੇ ਛਾਂ ਹੀ ਨਹੀਂ ਦਿੰਦੇ ਸਗੋਂ ਮਨੁੱਖ ਦੇ ਜੀਵਨ ਦੇ ਆਖ਼ਰੀ ਸਫ਼ਰ ਤੱਕ ਵੀ ਉਸ ਦਾ ਸਾਥ ਨਿਭਾਉਂਦੇ ਹਨ। ਡਾ. ਸੈਣੀ ਨੇ ਕਿਹਾ ਕਿ ਜੇਕਰ ਰੁੱਖਾਂ ਦੀ ਕਟਾਈ ਅੰਨ੍ਹੇਵਾਹ ਜਾਰੀ ਰਹੀ ਤਾਂ ਗਲੋਬਲ ਵਾਰਮਿੰਗ ਹੋਰ ਭਿਆਨਕ ਰੂਪ ਧਾਰ ਲਵੇਗੀ, ਪਾਣੀ ਦਾ ਪੱਧਰ ਹੋਰ ਹੇਠਾਂ ਚਲਾ ਜਾਵੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਮੁਸ਼ਕਿਲ ਬਣ ਜਾਵੇਗਾ। ਇਸ ਲਈ ਹਰ ਵਿਅਕਤੀ ਨੂੰ ਵਾਤਾਵਰਨ ਬਚਾਉਣ ਲਈ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਕਿਹਾ ਕਿ ਸੰਸਥਾ ਕਈ ਸਾਲਾਂ ਤੋਂ ਨਿਰੰਤਰ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਸੰਸਥਾ ਵਲੋਂ ਲੋੜਵੰਦਾਂ ਦੇ ਮੁਫ਼ਤ ਇਲਾਜ, ਅੱਖਾਂ ਦੇ ਮੁਫ਼ਤ ਕੈਂਪ, ਮੈਡੀਕਲ ਕੈਂਪ, ਜੋੜਿਆਂ ਦੀ ਸੇਵਾ ਤੇ ਹੋਰ ਸਮਾਜ ਸੇਵੀ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸ ਤੋਂ ਇਲਾਵਾ ਗੁਰੂ ਘਰ ਦੀ ਸੇਵਾ ਤਹਿਤ ਪਾਤਸ਼ਾਹੀ ਰਥ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਆਵਾਜਾਈ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ। ਇਸ ਮੌਕੇ ਮੋਗਾ ਨਗਰ ਨਿਗਮ ਦੇ ਮੇਅਰ ਵਿਨੇਪਾਲ ਕੌਰ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਵੱਡੀ ਸੇਵਾ ਹੈ ਤੇ ਖ਼ਾਲਸਾ ਸੇਵਾ ਸੁਸਾਇਟੀ ਦਾ ਇਹ ਠੰਢੀ ਛਾਂ ਦਾ ਲੰਗਰ ਇਸੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇਕ ਪ੍ਰੇਰਨਾਦਾਇਕ ਉਪਰਾਲਾ ਸਾਬਤ ਹੋਇਆ ਹੈ। ਸੰਸਥਾ ਦੇ ਮੁੱਖ ਸੇਵਾਦਾਰ ਪਰਮਜੋਤ ਸਿੰਘ ਨੇ ਦੱਸਿਆ ਕਿ ਸੰਸਥਾ ਪਹਿਲਾਂ ਵੀ 9 ਠੰਢੀ ਛਾਂ ਦੇ ਲੰਗਰ ਲਗਾ ਕੇ ਹਜ਼ਾਰਾਂ ਦੀ ਤਾਦਾਦ ਵਿਚ ਬੂਟੇ ਸੰਗਤਾਂ ਨੂੰ ਮੁਫ਼ਤ ਵੰਡ ਚੁੱਕੀ ਹੈ ਤੇ ਅੱਜ ਵੀ ਵੱਡੀ ਗਿਣਤੀ ਵਿਚ ਮੁਫ਼ਤ ਫਲਦਾਰ, ਛਾਂਦਾਰ, ਸਜਾਵਟੀ ਬੂਟੇ ਵੰਡੇ ਗਏ। ਉਨ੍ਹਾਂ ਇਸ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਪੁੱਜੀਆਂ ਸ਼ਖ਼ਸੀਅਤਾਂ ਦਾ ਸੰਗਤਾਂ ਵਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਜੀਤ ਸਿੰਘ ਔਲਖ, ਸਤਨਾਮ ਸਿੰਘ ਕਾਰਪੈਂਟਰ, ਹਰਦੀਪ ਸਿੰਘ ਮਣੀ, ਸਤਿੰਦਰਪਾਲ ਸਿੰਘ ਸੈਂਭੀ, ਗੁਰਜੰਟ ਸਿੰਘ ਜੰਟਾ, ਪਰਮਜੀਤ ਸਿੰਘ ਬਿੱਟੂ, ਸਿਮਰਨਜੀਤ ਸਿੰਘ ਬਰਾੜ ਪ੍ਰਧਾਨ ਨੈਸਲੇ ਇੰਪਲਾਈਜ਼ ਯੂਨੀਅਨ, ਰਮਨਦੀਪ ਸਿੰਘ, ਰਾਜਵੰਤ ਸਿੰਘ ਮਾਹਲਾ ਸਾਬਕਾ ਡਾਇਰੈਕਟਰ, ਤੁਸ਼ਾਰ ਗੋਇਲ ਚੇਅਰਮੈਨ ਡੀ.ਐਨ. ਮਾਡਲ ਸਕੂਲ, ਪ੍ਰਭਜੀਤ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਕੋਮਲ, ਰਣਜੀਤ ਸਿੰਘ ਸੋਹਲ, ਕਰਨਪ੍ਰੀਤ ਸਿੰਘ, ਰਾਜਾ ਸਿੰਘ ਭਾਰਤ ਵਾਲੇ, ਲਵਲੀ ਸਿੰਗਲਾ ਜ਼ਿਲ੍ਹਾ ਪ੍ਰਧਾਨ, ਗੁਰਨਾਮ ਸਿੰਘ ਲਵਲੀ, ਜਸਪ੍ਰੀਤ ਸਿੰਘ, ਹਰਵਿੰਦਰ ਸਿੰਘ ਦਹੇਲੇ, ਤਰਸੇਮ ਸਾਊਂਡ, ਅਨੰਦਜੋਤ ਸਿੰਘ, ਹਰਗੁਣ ਸਿੰਘ, ਬਲਜੀਤ ਸਿੰਘ ਖੀਵਾ, ਹਰਪ੍ਰੀਤ ਸਿੰਘ ਖੀਵਾ, ਮਾਸਟਰ ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਵਿੱਕੀ, ਚਰਨ ਸਿੰਘ, ਪਰਮਜੀਤ ਕੌਰ ਸੋਨੀ, ਡਾ. ਸਰਬਜੀਤ ਕੌਰ, ਡਾ. ਸ਼ਮਸ਼ੇਰ ਸਿੰਘ ਸਿੱਧੂ, ਡਾ. ਰਮਨ, ਚੰਚਲ ਪੋਪਲੀ, ਗੁਰਜੋਤ ਸਿੰਘ ਕੰਡਾ, ਮਨਮੋਹਨ ਸਿੰਘ ਬਿੰਦਰਾ ਸਮੇਤ ਸਮਾਜ ਸੇਵਾ ਸੁਸਾਇਟੀ, ਬਲੱਡ ਸੇਵਾ ਸੁਸਾਇਟੀ, ਸਿੱਖ ਫੁਲਵਾੜੀ ਪਿੰਡ ਡਾਲਾ, ਲੋਕਲ ਗੁਰਪੁਰਬ ਕਮੇਟੀ, ਦਸਤਾਰ ਚੇਤਨਾ ਮਾਰਚ, ਆਜ਼ਾਦ ਵੈਲਫੇਅਰ ਕਲੱਬ, ਮੀਰੀ ਪੀਰੀ ਗਤਕਾ ਅਖਾੜਾ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਤੋਂ ਇਲਾਵਾ ਸ਼ਹਿਰ ਤੇ ਇਲਾਕੇ ਦੀਆਂ ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਤੇ ਸ਼ਹਿਰ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਮਾਗਮ ਦੌਰਾਨ ਸੈਂਕੜੇ ਦੀ ਤਾਦਾਦ ਵਿਚ ਮੁਫ਼ਤ ਬੂਟੇ ਵੰਡੇ ਗਏ ਤੇ ਸੰਗਤਾਂ ਨੇ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੰਕਲਪ ਲਿਆ।