ਮਾਲੇਰਕੋਟਲਾ, 30 ਜੂਨ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਮਲੇਰਕੋਟਲਾ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਨੇੜਲੇ ਪਿੰਡ ਸਿਕੰਦਰਪੁਰਾ ਦੇ ਇੱਕ ਕਿਸਾਨ ਪਰਿਵਾਰ ਨੂੰ ਜ਼ਮੀਨੀ ਮਾਮਲੇ ’ਚ ਇਨਸਾਫ਼ ਦਿਵਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਨੂੰ ਗੁਹਾਰ ਲਗਾਈ ਹੈ । ਮਾਲੇਰਕੋਟਲਾ ਵਿਖੇ ਪੱਤਰਕਾਰ ਵਾਰਤਾ ਦੌਰਾਨ ਕਿਸਾਨ ਗੁਰਬਚਨ ਸਿੰਘ ਤੇ ਕੁਲਵੰਤ ਕੌਰ ਨੇ ਕਰੀਬ 4 ਏਕੜ ਜ਼ਮੀਨੀ ਵਿਵਾਦ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਅਸਰ-ਰਸੂਖ ਵਾਲੇ ਵਿਅਕਤੀ ਵਲੋਂ ਉਨ੍ਹਾਂ ਦੀ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਮਾਮਲੇ ਦੇ ਵਿੱਚ ਥਾਣਾ ਸੰਦੌੜ ਦੇ ਥਾਣਾ ਮੁਖੀ ਵਲੋਂ ਵੀ ਉਨ੍ਹਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ, ਉਨ੍ਹਾਂ ਆਖਿਆ ਕਿ ਉਹ ਆਪਣੀ ਜਾਨ ਦੇ ਦੇਣਗੇ ਪਰ ਜ਼ਮੀਨ ਨਹੀਂ ਛੱਡਣਗੇ, ਕਿਉਂਕਿ ਸਿਰਫ ਜ਼ਮੀਨ ਹੀ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹੈ । ਉਨ੍ਹਾਂ ਕਿਹਾ ਕਿ ਜੇਕਰ ਕਬਜ਼ਾ ਕਰਨ ਵਾਲਾ ਵਿਅਕਤੀ ਸਹੀ ਹੈ ਤਾਂ ਕਾਨੂੰਨ ਅਨੁਸਾਰ ਕਬਜ਼ਾ ਲੈ ਸਕਦਾ ਹੈ ਪਰੰਤੂ ਪੁਲਿਸ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਗਲਤ ਹੈ । ਉਨ੍ਹਾਂ ਆਖਿਆ ਕਿ ਜ਼ਮੀਨ ਦੇ ਨਾਮ ਵਾਲੇ ਕਾਗਜ਼ ਵੀ ਸਾਡੇ ਕੋਲ ਹਨ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਥਕ ਅਕਾਲੀ ਲਹਿਰ ਦੇ ਇੰਚਾਰਜ ਤੇ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ, ਕਿਸਾਨ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਜਥੇਦਾਰ ਗੁਰਦੇਵ ਸਿੰਘ ਸੰਗਾਲਾ, ‘ਆਪ’ ਆਗੂ ਸਾਬਕਾ ਸਰਪੰਚ ਸਤਿੰਦਰ ਸਿੰਘ ਸੇਹਕੇ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਡਾਇਰੈਕਟਰ ਜਥੇਦਾਰ ਸੇਰ ਸਿੰਘ ਭੋਗੀਵਾਲ ਨੇ ਦੱਸਿਆ ਕਿ ਪਿੰਡ ਸਿਕੰਦਰਪੁਰਾ ਦੇ ਇੱਕ ਗ਼ਰੀਬ ਕਿਸਾਨ ਪਰਿਵਾਰ ਦੇ ਜ਼ਮੀਨ ਸੰਬੰਧੀ ਮਾਮਲੇ ਨੂੰ ਲੈ ਕੇ ਉਹ ਪੀੜਿਤ ਪਰਿਵਾਰ ਦੇ ਨਾਲ ਖੜ੍ਹੇ ਹਨ । ਉਨ੍ਹਾਂ ਆਖਿਆ ਕਿ ਉਹ ਆਪ ਇਸ ਗੱਲ ਦੇ ਹੱਕ ਵਿੱਚ ਹਨ, ਜੇਕਰ ਦੂਜੀ ਧਿਰ ਸਹੀ ਹੈ ਤਾਂ ਅਦਾਲਤ ਵਲੋਂ ਕੀਤੇ ਜਾਣ ਵਾਲੇ ਹੁਕਮਾਂ ਤਹਿਤ ਕਬਜ਼ਾ ਲੈ ਸਕਦੀ ਹੈ ਪ੍ਰੰਤੂ ਪੁਲਿਸ ਨੂੰ ਕੋਈ ਹੱਕ ਨਹੀਂ ਕਿ ਉਹ ਕਿਸੇ ਦੀ ਜ਼ਮੀਨ ’ਤੇ ਕਬਜ਼ਾ ਕਰਵਾਵੇ । ਪੀੜਤ ਪਰਿਵਾਰ ਨੇ ਜ਼ਮੀਨ ਦੀਆਂ ਫਰਦਾਂ ਸਬੰਧੀ ਆਖਿਆ ਕਿ ਕੁਝ ਕੁ ਜ਼ਮੀਨ ਨੂੰ ਛੱਡ ਕੇ ਬਾਕੀ ਜ਼ਮੀਨ ਸਾਡੇ ਨਾਂਅ ’ਤੇ ਬੋਲਦੀ ਹੈ । ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਪਰਿਵਾਰ ਦੀ ਸੁਣਵਾਈ ਨਾ ਹੋਈ ਤਾਂ ਉਹ ਮੋਰਚਾ ਲਗਾਉਣ ਤੋਂ ਵੀ ਗੁਰੇਜ਼ ਨਹੀਂ ਕਰਨਗੇ । ਬੁਰੀ ਤਰ੍ਹਾਂ ਉਲਝ ਚੁੱਕੇ ਇਸ ਮਾਮਲੇ ਨੂੰ ਲੈ ਕੇ ਥਾਣਾ ਸਦੌੜ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਦੋਵਾਂ ਧਿਰਾਂ ਨੂੰ ਬੁਲਾ ਕੇ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਤਾਂ ਜਿਸ ਵੀ ਧਿਰ ਦੇ ਨਾਮ ‘ਤੇ ਜਿੰਨੀਂ ਜ਼ਮੀਨ ਬੋਲਦੀ ਹੈ ਉਸੇ ਤਹਿਤ ਸਮਝੌਤੇ ਦੀ ਚਾਰਾਜੋਈ ਕੀਤੀ ਹੈ । ਇਸ ਮਾਮਲੇ ਨਾਲ ਸੰਬੰਧਿਤ ਦੂਜੀ ਧਿਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਈ ਵਾਰ ਫ਼ੋਨ ਕਰਨ ’ਤੇ ਵੀ ਕਿਸੇ ਨੇ ਫੋਨ ਨਹੀਂ ਚੁੱਕਿਆ । ਇਸ ਮੌਕੇ ਗੁਰਬਚਨ ਸਿੰਘ, ਪੀੜਿਤ ਪਰਿਵਾਰ ਦੇ ਮੈਂਬਰ, ਸਰਪੰਚ ਅਵਤਾਰ ਸਿੰਘ, ਜਗਵਿੰਦਰ ਸਿੰਘ ਰਾਣਵਾਂ, ਸੰਦੀਪ ਸਿੰਘ ਖਾਨਪੁਰ, ਸਤਿੰਦਰ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।