ਅਮਰਗੜ੍ਹ, 9 ਜੁਲਾਈ (ਪਵਿੱਤਰ ਸਿੰਘ) - ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸ਼ਹਾਦਤ ਤੇ ਬਣੀ ਫ਼ਿਲਮ ਸਤਲੁਜ ਉੱਪਰ ਕੇਂਦਰ ਸਰਕਾਰ ਵੱਲੋਂ ਲਗਾਏ ਬੈਨ ਨੇ ਇੱਕ ਵਾਰ ਫਿਰ ਸਿੱਖ ਕੌਮ ਅਤੇ ਪੰਜਾਬੀਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਉਪ੍ਰੋਕਤ ਵਿਚਾਰਾ ਦਾ ਪ੍ਰਗਟਾਵਾਂ ਸਾਬਕਾ ਵਿਧਾਇਕ ਜਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ । ਜਥੇਦਾਰ ਝੂੰਦਾਂ ਨੇ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹ ਮਹਾਨ ਸ਼ਹੀਦ ਹਨ ਜਿਨ੍ਹਾਂ ਨੇ ਹਜ਼ਾਰਾਂ ਬੇਗੁਨਾਹ ਸਿੱਖ ਨੌਜਵਾਨਾਂ ਜਿਨ੍ਹਾਂ ਨੂੰ ਲਾਵਾਰਸ ਜਾਂ ਗੁੰਮਸ਼ੁਦਾ ਕਹਿ ਕੇ ਸਮੇਂ ਦੀ ਹਕੂਮਤ ਨੇ ਸ਼ਹੀਦ ਕਰ ਦਿੱਤਾ ਸੀ ਉਨ੍ਹਾਂ ਸਬੰਧੀ ਸਾਰੇ ਦਸਤਾਵੇਜ਼ ਇਕੱਤਰ ਕੀਤੇ ਅਤੇ ਸਮੁੱਚੇ ਸੰਸਾਰ ਨੂੰ ਇਹ ਦੱਸਿਆ ਕਿ ਉਸ ਦੌਰ ਵਿੱਚ ਸਿੱਖ ਕੌਮ ਦੇ ਬਜ਼ੁਰਗਾਂ, ਮਾਵਾਂ, ਧੀਆਂ, ਭੈਣਾਂ, ਨੌਜਵਾਨਾਂ ਅਤੇ ਬੱਚਿਆਂ ਉੱਪਰ ਕਿਸ ਤਰਾਂ ਜ਼ੁਲਮ ਅਤੇ ਤਸ਼ੱਦਦ ਹੋਇਆ। ਜਿੱਥੇ ਸਤਲੁਜ ਫ਼ਿਲਮ ਰਾਹੀਂ ਸਟਾਰ ਕਲਾਕਾਰ ਦਲਜੀਤ ਦੁਸਾਂਝ ਦੇ ਇਸ ਉਪਰਾਲੇ ਦੇ ਸਮੁੱਚੇ ਸਿੱਖ ਕੌਮ ਅਤੇ ਪੰਜਾਬੀ ਰਿਣੀ ਰਹਿਣਗੇ ਉੱਥੇ ਇਸ ਫ਼ਿਲਮ ਰਾਹੀਂ ਅੱਜ ਦੀ ਨੌਜਵਾਨ ਪੀੜੀ ਨੂੰ ਸਾਡੇ ਮਹਾਨ ਸ਼ਹੀਦਾਂ ਅਤੇ ਕੁਰਬਾਨੀਆਂ ਵਾਲੇ ਸਿੱਖਾਂ ਤੇ ਕੀਤੇ ਜੁਲਮ ਦੀ ਜਾਣਕਾਰੀ ਹੋਵੇਗੀ। ਉਨ੍ਹਾ ਕਿਹਾ ਕਿ ਫ਼ਿਲਮ ਭਾਵੇਂ ਹਰ ਵਿਅਕਤੀ ਤੱਕ ਪਹੁੰਚ ਚੁੱਕੀ ਹੈ ਪਰ ਇਹ ਸਾਡੀ ਤਰਾਸਦੀ ਹੈ ਕਿ ਸਰਕਾਰ ਭਾਵੇਂ ਕੇਂਦਰ ਵਿੱਚ ਕਿਸੇ ਦੀ ਵੀ ਰਹੇ ਪੰਜਾਬ ਅਤੇ ਸਿੱਖਾਂ ਨਾਲ ਬੇਇਨਸਾਫ਼ੀਆਂ ਉਸੇ ਤਰਾਂ ਜਾਰੀ ਹਨ। ਉਨ੍ਹਾ ਕਿਹਾ ਕਿ ਅਸੀਂ ਸਮੁੱਚੀਆਂ ਗੁਰਦੁਆਰਾ ਕਮੇਟੀਆਂ, ਸਿੱਖ ਪੰਥ ਨਾਲ ਸੰਬੰਧਿਤ ਸੰਸਥਾਵਾਂ ਅਤੇ ਜੋ ਵੀ ਮਨੁੱਖੀ ਅਧਿਕਾਰਾਂ ਤੇ ਕੰਮ ਵਿੱਚ ਲੱਗੀਆਂ ਸੰਸਥਾਵਾਂ ਹਨ ਨੂੰ ਬੇਨਤੀ ਕਰਦੇ ਹਾਂ ਕਿ ਇਹ ਫ਼ਿਲਮ ਗੁਰੂ ਘਰਾਂ ਤੇ ਹੋਰ ਜਨਤਕ ਥਾਵਾਂ ਤੇ ਦਿਖਾਈ ਜਾਵੇ ਤਾਂ ਜੋ ਸਾਡੀ ਨੌਜਵਾਨ ਪੀੜੀ ਨੂੰ ਪਤਾ ਲੱਗ ਸਕੇ ਕਿ ਸਾਡੇ ਉਹ ਮਹਾਨ ਯੋਧਿਆਂ ਦੇ ਕਿੰਨੇ ਉੱਚੇ ਅਤੇ ਸੁੱਚੇ ਕਿਰਦਾਰ ਸਨ ਅਤੇ ਸਮੇਂ ਦੀਆਂ ਸਰਕਾਰਾਂ ਦੇ ਹੁਕਮਾਂ ਤੇ ਬਦਨਾਮ ਪੁਲਿਸ ਅਧਿਕਾਰੀਆਂ ਨੇ ਜਿਸ ਤਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ ਉਹ ਵੀ ਅੱਜ ਦੀ ਇਸ ਨੌਜਵਾਨ ਪੀੜੀ ਨੂੰ ਪਤਾ ਲੱਗ ਸਕੇ। ਸਤਲੁਜ ਫਿਲਮ ਨੇ ਜਿਸ ਤਰ੍ਹਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸੰਸਾਰ ਪੱਧਰ ਤੇ ਉਜਾਗਰ ਕੀਤਾ ਹੈ ਉੱਥੇ ਇੱਕ ਸੁਨੇਹਾ ਵੀ ਦਿੱਤਾ ਕਿ ਜਦੋਂ ਦੇਸ਼ ਸੂਬੇ ਜਾ ਕੌਮ ਦੀ ਲੀਡਰਸਿਪ ਕਮਜ਼ੋਰ ਹੋ ਜਾਵੇ ਤਾਂ ਕੌਮਾਂ ਨੂੰ ਉਸਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ।