ਭੁੱਚੋ ਮੰਡੀ, 30 ਜੁਲਾਈ (ਬਿੱਕਰ ਸਿੰਘ ਸਿੱਧੂ)- ਸੈਨੀਟੇਸ਼ਨ ਵਰਕਰਜ਼ ਯੂਨੀਅਨ ਪੰਜਾਬ ਵਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਨੂੰ ਭਰਪੂਰ ਸਮਰਥਨ ਮਿਲਿਆ। ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨਾਲ ਇਕਜੁੱਟਤਾ ਦਾ ਪ੍ਰਦਰਸ਼ਨ ਕਰਦੇ ਹੋਏ, ਵਪਾਰੀਆਂ ਨੇ ਬਾਜ਼ਾਰ ਦੀਆਂ ਲਗਭਗ ਸਾਰੀਆਂ ਦੁਕਾਨਾਂ ਬੰਦ ਰੱਖੀਆਂ। ਬੰਦ ਦੌਰਾਨ ਪ੍ਰਧਾਨ ਪੱਪੂ ਰਾਮ, ਸਕੱਤਰ ਦਿਲਬਾਗ ਅਤੇ ਚੇਅਰਮੈਨ ਰਮੇਸ਼ ਪ੍ਰਭੂ ਦੀ ਅਗਵਾਈ ਵਿਚ ਸਫ਼ਾਈ ਕਰਮਚਾਰੀਆਂ ਅਤੇ ਨਗਰ ਕੌਂਸਲ ਕਰਮਚਾਰੀਆਂ ਨੇ ਭੁੱਚੋ ਮੰਡੀ ਦੇ ਮੁੱਖ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਿਆ। ਮਾਰਚ ਦੌਰਾਨ ਕਿਸਾਨ ਸੰਗਠਨਾਂ ਵਲੋਂ ਵੀ ਪੂਰਾ ਸਮਰਥਨ ਦਿੱਤਾ ਗਿਆ। ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ, ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਅਕਾਲੀ ਦਲ ਦੇ ਕੌਂਸਲਰ ਸਾਧੂ ਰਾਮ, ਜਸਵਿੰਦਰ ਕੌਰ ਅਤੇ ਬੰਟੀ ਕੁਮਾਰ, ਭੁੱਚੋ ਮੰਡੀ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅੰਜਲੀ ਗਰਗ ਦੀ ਅਗਵਾਈ ਹੇਠ ਆਗੂਆਂ ਸ਼ਿਵਨੰਦਨ ਗਰਗ, ਅਸ਼ੋਕ ਕੁਮਾਰ ਕਾਲਾ, ਸੋਨੀ ਕੁਮਾਰ ਅਤੇ ਰਣਜੀਤ ਸਿੰਘ ਦੇ ਨਾਲ-ਨਾਲ ਹੜਤਾਲੀ ਕਰਮਚਾਰੀਆਂ ਦੇ ਵਿਰੋਧ ਸਥਾਨ ਦਾ ਦੌਰਾ ਕਰਕੇ ਉਨ੍ਹਾਂ ਦਾ ਸਮਰਥਨ ਕੀਤਾ। ਇਸ ਦੌਰਾਨ ਸਾਬਕਾ ਨਗਰ ਕੌਂਸਲ ਪ੍ਰਧਾਨ ਜੋਨੀ ਬਾਂਸਲ ਦੀ ਅਗਵਾਈ ਹੇਠ ਕਾਂਗਰਸੀ ਕੌਂਸਲਰ ਸੰਤੋਖ ਜੁਗਨੂੰ ਅਤੇ ਆਤਮਾ ਸਿੰਘ ਨੇ ਵੀ ਸਫ਼ਾਈ ਕਰਮਚਾਰੀਆਂ ਦੇ ਅੰਦੋਲਨ ਦਾ ਸਮਰਥਨ ਕਰਨ ਲਈ ਵਿਰੋਧ ਸਥਾਨ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ।