ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵਉੱਚ ਧਾਰਮਿਕ, ਪ੍ਰਸ਼ਾਸਨਿਕ ਤੇ ਸੰਗਠਾਤਮਕ ਸੰਸਥਾ ਹੈ, ਜਿਸ ਦੀ ਸਥਾਪਨਾ 15 ਨਵੰਬਰ 1920 ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਨਤੀਜੇ ਵਜੋਂ ਹੋਈ। ਗੁਰਦੁਆਰਿਆਂ ਨੂੰ ਮਹੰਤਾਂ ਤੇ ਬ੍ਰਿਟਿਸ਼ ਸਰਕਾਰ ਦੇ ਕਬਜ਼ੇ ਤੋਂ ਆਜ਼ਾਦ ਕਰਾਉਣ ਲਈ ਸੰਘਰਸ਼ ਕਰਦੇ ਹੋਏ 1925 'ਚ ਸਿੱਖ ਗੁਰਦੁਆਰਾ ਐਕਟ ਤਹਿਤ ਇਸ ਨੂੰ ਕਾਨੂੰਨੀ ਮਾਨਤਾ ਮਿਲੀ। ਇਸ ਸੰਸਥਾ ਦਾ ਮੁੱਖ ਉਦੇਸ਼ ਜਿੱਥੇ ਗੁਰਦੁਆਰਿਆਂ ਦਾ ਸੁਚੱਜਾ ਪ੍ਰਬੰਧ, ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਅਤੇ ਧਾਰਮਿਕ ਪਰੰਪਰਾਵਾਂ ਦੇ ਸਿਧਾਂਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ, ਉੱਥੇ ਨਾਲ ਹੀ ਸਮਾਜ ਸੁਧਾਰ ਦੇ ਕਾਰਜਾਂ ਦੇ ਨਾਲ-ਨਾਲ ਇਹ ਸੰਸਥਾ ਵਿਦਿਆਰਥੀਆਂ ਨੂੰ ਮਿਆਰੀ ਤੇ ਗੁਣਵੱਤਾ ਭਰਪੂਰ ਸਿੱਖਿਆ ਮੁਹੱਈਆ ਕਰਵਾਉਣ ਲਈ ਵੀ ਵਚਨਬੱਧ ਹੈ। ਇਸ ਸੰਸਥਾ ਦਾ ਪ੍ਰਬੰਧ ਚੁਣੇ ਹੋਏ 175 ਮੈਂਬਰਾਂ ਰਾਹੀਂ ਚਲਾਇਆ ਜਾਂਦਾ ਹੈ।
ਮੌਜੂਦਾ ਸਮੇਂ ਨਿਮਰ ਤੇ ਦੂਰਅੰਦੇਸ਼ੀ ਸ਼ਖ਼ਸੀਅਤ ਦੇ ਮਾਲਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸਰਪ੍ਰਸਤੀ ਤੇ ਇੰਜੀਨੀਅਰ ਸੁਖਮਿੰਦਰ ਸਿੰਘ ਸਕੱਤਰ ਦੇ ਵਿੱਦਿਆ ਦੇ ਦਿਸ਼ਾ-ਨਿਰਦੇਸ਼ਾਂ ਸਦਕਾ ਸ਼੍ਰੋਮਣੀ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਮਾਣਮੱਤੀਆਂ ਪ੍ਰਾਪਤੀਆਂ ਕਰ ਰਹੀਆਂ ਹਨ। ਵਿਦਿਆਰਥੀਆਂ ਨੂੰ ਸਕੂਲਾਂ 'ਚ ਛੋਟੀ ਉਮਰ 'ਚ ਹੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸਿੱਖ ਧਰਮ ਤੇ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਏ.ਆਈ., ਸਾਇੰਸ ਤੇ ਮੈਥ ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਵਿਦਿਆਰਥੀਆਂ 'ਚ ਖੇਡਾਂ ਦੀ ਰੁਚੀ ਪੈਦਾ ਕਰਨ ਲਈ ਵੀ ਤਜਰਬੇਕਾਰ ਕੋਚ ਮੁਹੱਈਆ ਕਰਵਾਏ ਜਾਂਦੇ ਹਨ। ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਬਹਾਦਰਗੜ੍ਹ ਪਟਿਆਲਾ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਆਪਣੇ 31 ਕਾਲਜ, 2 ਪੋਲੀਟੈਕਨਿਕ ਕਾਲਜ, 1 ਯੂਨੀਵਰਸਿਟੀ ਅਤੇ ਮੈਡੀਕਲ ਹਸਪਤਾਲ ਵੀ ਬੜੇ ਸੁਚੱਜੇ ਢੰਗ ਰਾਹੀਂ ਚਲਾਏ ਜਾ ਰਹੇ ਹਨ। ਕਾਲਜਾਂ 'ਚ ਪਿਛਲੇ ਤਿੰਨ ਸਾਲਾਂ ਦੌਰਾਨ ਸਕੱਤਰ ਵਿੱਦਿਆ ਸ. ਸੁਖਮਿੰਦਰ ਸਿੰਘ ਦੀ ਅਗਵਾਈ ਅਧੀਨ ਇਨ੍ਹਾਂ ਸੰਸਥਾਵਾਂ ਦੇ ਮਿਆਰ 'ਚ ਕਾਬਲੇ-ਤਾਰੀਫ਼ ਵਾਧਾ ਹੋਇਆ ਹੈ। ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਖੇਤਰੀ ਯੁਵਕ ਮੇਲੇ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਕਾਲਜਾਂ ਨੇ ਓਵਰਆਲ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਕੇ ਮਾਣਮੱਤੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਸ਼੍ਰੋਮਣੀ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ ਵਿਦਿਆਰਥੀਆਂ ਨੂੰ ਆਪਣੀ ਅਮੀਰ ਧਾਰਮਿਕ, ਵਿਰਾਸਤ ਅਤੇ ਉਨ੍ਹਾਂ ਅੰਦਰ ਗਿਆਨ ਦੀ ਲੋਅ ਨੂੰ ਪ੍ਰਚੰਡ ਕਰਨ ਲਈ ਗਿਆਨ ਭਰਪੂਰ ਮੁਕਾਬਲੇ ਕਰਵਾ ਕੇ ਜੇਤੂ ਟੀਮ ਨੂੰ ਸਨਮਾਨਯੋਗ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਕਾਲਜਾਂ 'ਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਆਧੁਨਿਕ ਸਹੂਲਤਾਂ ਜਿਵੇਂ ਲਾਇਬਰੇਰੀ, ਸਮਾਰਟ ਕਲਾਸ ਰੂਮ, ਆਧੁਨਿਕ ਵਿਗਿਆਨਕ ਪ੍ਰਯੋਗਸ਼ਾਲਾਵਾਂ, ਜਿਮਨੇਜ਼ੀਅਮ ਖੇਡ ਮੈਦਾਨ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਅਗਵਾਈ ਹੇਠ ਕਾਲਜਾਂ 'ਚ ਟਰੇਨਿੰਗ ਤੇ ਪਲੇਸਮੈਂਟ ਸੈੱਲ ਸਥਾਪਤ ਕੀਤੇ ਗਏ ਹਨ। ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ 'ਚ ਇੰਟਰਵਿਊ ਅਤੇ ਪਰਸਨੈਲਿਟੀ ਡਿਵੈਲਪਮੈਂਟ ਲਈ ਮਹਿੰਦਰਾ ਅਤੇ ਨੰਦੀ ਫਾਊਂਡੇਸ਼ਨ ਦੀ ਮਦਦ ਨਾਲ ਬਹੁਤ ਸਾਰੇ ਵਰਕਸ਼ਾਪ ਪ੍ਰੋਗਰਾਮ ਆਪਣੀਆਂ ਸੰਸਥਾਵਾਂ 'ਚ ਕਰਵਾਏ ਜਾ ਰਹੇ ਹਨ। ਮਾਣ ਵਾਲੀ ਗੱਲ ਹੈ ਕਿ ਪਿਛਲੇ ਸਾਲਾਂ ਦੌਰਾਨ ਵਿਦਿਆਰਥੀਆਂ ਦੀ ਵੱਖ-ਵੱਖ ਕੰਪਨੀਆਂ/ ਸੰਸਥਾਵਾਂ ਆਦਿ ਵਿਚ ਸੌ ਫ਼ੀਸਦੀ ਪਲੇਸਮੈਂਟ ਹੋ ਚੁੱਕੀ ਹੈ। ਕਾਲਜਾਂ ਵਿਚ ਪੜ੍ਹ ਰਹੇ ਹਰ ਵਰਗ ਤੇ ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਵੱਖ-ਵੱਖ ਸਕਾਲਰਸ਼ਿਪ ਉਪਲਬਧ ਹਨ। ਸ਼੍ਰੋਮਣੀ ਕਮੇਟੀ ਵਲੋਂ ਉਚੇਚੇ ਤੌਰ 'ਤੇ ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਵੀ ਸਕਾਲਰਸ਼ਿਪ ਜਾਰੀ ਕੀਤੀ ਜਾਂਦੀ ਹੈ, ਜਿਸ ਤਹਿਤ ਦਸਵੀਂ ਤੱਕ ਦੇ ਵਿਦਿਆਰਥੀਆਂ ਲਈ 3500 ਰੁਪਏ, ਗਿਆਰ੍ਹਵੀਂ/ਬਾਰ੍ਹਵੀਂ ਦੇ ਵਿਦਿਆਰਥੀਆਂ ਲਈ 5500 ਰੁਪਏ, ਗਰੈਜੂਏਸ਼ਨ ਦੇ ਵਿਦਿਆਰਥੀਆਂ ਲਈ 8500 ਅਤੇ ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਲਈ 10,500 ਰੁਪਏ ਸਕਾਲਰਸ਼ਿਪ ਦੇ ਰੂਪ 'ਚ ਜਾਰੀ ਕੀਤੇ ਜਾਂਦੇ ਹਨ। ਮਾਣ ਵਾਲੀ ਗੱਲ ਹੈ ਕਿ ਸਿੱਖ ਵਿਦਿਆਰਥੀਆਂ ਨੂੰ ਉੱਚ ਅਹੁਦਿਆਂ 'ਤੇ ਪਹੁੰਚਾਉਣ ਲਈ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸਕੱਤਰ ਵਿੱਦਿਆ ਦੀ ਦੂਰਅੰਦੇਸ਼ੀ ਸੋਚ ਸਦਕਾ ਦੋ ਅਕੈਡਮੀਆਂ ਨਿਸ਼ਚੇ ਪ੍ਰਸ਼ਾਸਕੀ ਸੇਵਾਵਾਂ ਅਕੈਡਮੀ ਚੰਡੀਗੜ੍ਹ ਅਤੇ ਨਿਸ਼ਚੇ ਜੁਡੀਸ਼ੀਅਲ ਸੇਵਾਵਾਂ ਅਕੈਡਮੀ ਪਟਿਆਲਾ ਬਹਾਦਰਗੜ੍ਹ ਸਥਾਪਤ ਕੀਤੀਆਂ ਗਈਆਂ ਹਨ, ਜੋ ਸਫ਼ਲਤਾਪੂਰਵਕ ਚੱਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਅਕੈਡਮੀਆਂ 'ਚ ਮੈਰਿਟ ਦੇ ਆਧਾਰ 'ਤੇ ਚੁਣੇ ਗਏ ਸਿੱਖ ਵਿਦਿਆਰਥੀਆਂ ਨੂੰ ਸਿਵਲ ਸਰਵਿਸਿਜ਼ ਦੀ ਤਿਆਰੀ, ਉਨ੍ਹਾਂ ਦੇ ਰਹਿਣ-ਸਹਿਣ ਤੇ ਖਾਣੇ ਦਾ ਉਚੇਚਾ ਪ੍ਰਬੰਧ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸੇ ਤਰਜ਼ 'ਤੇ ਹੀ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੁਆਰਾ ਇਕ ਨਵਾਂ ਪ੍ਰੋਗਰਾਮ ਸੀ.ਸੀ.ਐਲ.ਪੀ. ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਯੂ.ਪੀ.ਐਸ.ਸੀ. ਦੀ ਤਿਆਰੀ ਪਹਿਲੇ ਸਾਲ ਤੋਂ ਹੀ ਆਨਲਾਈਨ ਸ਼ੁਰੂ ਕਰਵਾਈ ਜਾ ਰਹੀ ਹੈ। ਵਿਦਿਆਰਥੀਆਂ 'ਚ ਸੇਵਾ ਭਾਵਨਾ ਤੇ ਉੱਚ ਅਹੁਦਿਆਂ 'ਤੇ ਪਹੁੰਚਾਉਣ ਲਈ ਐਨ.ਡੀ.ਏ. ਦਾ ਕੋਰਸ ਵੀ ਮੁਫ਼ਤ 'ਚ ਆਨਲਾਈਨ ਸ਼ੁਰੂ ਕੀਤਾ ਗਿਆ ਹੈ ਅਤੇ ਆਰਮਡ ਫੋਰਸ ਪ੍ਰੈਪਰੇਸ਼ਨ ਅਕੈਡਮੀ ਤਹਿਤ ਇਸ ਵਰ੍ਹੇ ਲਗਭਗ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ 1500 ਵਿਦਿਆਰਥੀਆਂ ਨੇ ਸਿਖਲਾਈ ਆਰੰਭ ਕੀਤੀ ਹੈ, ਜੋ ਆਨਲਾਈਨ ਮੁਹੱਈਆ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਆਤਮਨਿਰਭਰ ਬਣਾਉਣ ਲਈ ਉਨ੍ਹਾਂ ਨੂੰ 'ਅਰਨ ਵਾਇਲ ਲਰਨ ਪਾਲਿਸੀ' ਵੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਵਿਦਿਆਰਥੀਆਂ ਦੁਆਰਾ ਸੰਸਥਾ ਵਿਖੇ ਕੀਤੇ ਕੰਮਾਂ 'ਚ ਸਹਿਯੋਗ ਦੇਣ ਲਈ ਬਣਦੀ ਰਕਮ ਜਾਰੀ ਕੀਤੀ ਜਾਂਦੀ ਹੈ। ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਇਕ ਖੇਡ ਨੀਤੀ ਵੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਜੋ ਵਿਦਿਆਰਥੀ ਜ਼ਿਲ੍ਹਾ, ਯੂਨੀਵਰਸਿਟੀ, ਸਟੇਟ, ਨੈਸ਼ਨਲ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਾਪਤੀਆਂ ਕਰਦੇ ਹਨ, ਉਨ੍ਹਾਂ ਨੂੰ ਲਗਭਗ 2 ਲੱਖ ਰੁਪਏ ਤੱਕ ਦੇ ਨਕਦ ਇਨਾਮ ਰਾਸ਼ੀ ਦੇ ਰੂਪ 'ਚ ਦਿੱਤੇ ਜਾਂਦੇ ਹਨ। ਇਹ ਵੀ ਮਾਣ ਵਾਲੀ ਗੱਲ ਹੈ ਕਿ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਕਮੇਟੀ ਦੇ ਚਾਰ ਕਾਲਜ ਆਟੋਨੋਮਸ ਕਾਲਜ ਦਾ ਅਤਿ ਸਨਮਾਨਯੋਗ ਦਰਜਾ 'ਨੈਕ' ਵਲੋਂ 'ਏ' ਤੇ 'ਏ ਪਲੱਸ' ਗਰੇਡ ਅਤੇ ਬਹੁਤ ਸਾਰੀਆਂ ਸਰਕਾਰੀ ਤੇ ਗ਼ੈਰ ਸਰਕਾਰੀ ਸਕੀਮਾਂ ਪ੍ਰਾਪਤ ਕਰਕੇ ਉੱਤਰੀ ਭਾਰਤ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ 'ਚ ਆਪਣਾ ਨਾਂਅ ਦਰਜ ਕਰਵਾ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਹਮੇਸ਼ਾ ਹੀ ਆਪਣੀਆਂ ਇਨ੍ਹਾਂ ਸੰਸਥਾਵਾਂ, ਵਿਦਿਆਰਥੀਆਂ ਤੇ ਮੁਲਾਜ਼ਮਾਂ ਦੀ ਭਲਾਈ ਲਈ ਕਾਰਜਸ਼ੀਲ ਰਹਿੰਦੇ ਹਨ। ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਅਧੀਨ ਚੱਲ ਰਹੀਆਂ ਸੰਸਥਾਵਾਂ ਦਾ ਮੁੱਖ ਉਦੇਸ਼ ਸਮਾਜਿਕ ਤੌਰ 'ਤੇ ਜ਼ਿੰਮੇਵਾਰ, ਨੈਤਿਕ ਮੁੱਲਾਂ ਤੇ ਆਤਮਿਕ ਤੌਰ 'ਤੇ ਜਾਗਰੂਕ ਨਾਗਰਿਕਾਂ ਦਾ ਨਿਰਮਾਣ ਕਰਨਾ ਹੈ ਤਾਂ ਜੋ ਉਹ ਦੇਸ਼ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਣ, ਸਿੱਖੀ ਦੇ ਸਿਧਾਂਤਾਂ, ਰਹਿਤ ਮਰਿਆਦਾ ਅਤੇ ਨਿਸ਼ਕਾਮ ਸੇਵਾ ਨੂੰ ਸਮਰਪਿਤ ਹੋ ਸਕਣ।
-ਅੰਮ੍ਰਿਤਸਰ। ਮੋਬਾਈਲ : 99885-49598